ਅੰਜੀਰ ਦੀ ਬਾਗਬਾਨੀ ਤੋੜੇਗੀ ਝੋਨੇ ਅਤੇ ਕਣਕ ਦੀ ਫ਼ਸਲ ਦੀ ਰਵਾਇਤੀ ਕਾਸ਼ਤ ਨੂੰ

302

ਮੁਕਤਸਰ ਸਾਹਿਬ ਅਤੇ ਅਬੋਹਰ ਦੀਆਂ ਘੱਟ ਪਾਣੀ ਵਾਲੀਆਂ ਜ਼ਮੀਨਾਂ ਦੀ ਤਕਦੀਰ ਬਦਲਣ ਲੱਗੀ

Punjabi News Online
Punjabi News Online

ਸ੍ਰੀ ਮੁਕਤਸਰ ਸਾਹਿਬ 9 ਅਪ੍ਰੈਲ (ਕੁਲਦੀਪ ਸਿੰਘ ਘੁਮਾਣ) ਪੰਜਾਬ ਦੇ ਕਣਕ ਝੋਨੇ ਦੀ ਰਵਾਇਤੀ ਫਸਲ ਅਪਣਾਉਣ ਵਾਲੇ ਕਿਸਾਨਾਂ ਨੂੰ ਕੋਈ ਹੋਰ ਬਦਲ ਨਹੀਂ ਸੀ ਮਿਲ ਰਿਹਾ ਜਿਸ ਕਰਕੇ , ਕਿਸਾਨਾਂ ਦਾ ਇਨ੍ਹਾਂ ਫ਼ਸਲਾਂ ਤੋਂ ਮੋਹ ਭੰਗ ਨਹੀਂ ਸੀ ਹੋ ਰਿਹਾ ਪਰ ਹੁਣ ਖੇਤੀ ਵਿੱਚ ਨਵੀਆਂ ਸੰਭਾਵਨਾਵਾਂ ਨੇ ਕਿਸਾਨਾਂ ਨੂੰ ਅਚੇਤ ਰੂਪ ਵਿੱਚ ਆਪਣੇ ਆਪ ਹੀ ਨਵੀਆਂ ਤਕਨੀਕਾਂ , ਬਾਗਬਾਨੀ ਅਤੇ ਖੇਤੀਬਾੜੀ ਵੱਲ ਪ੍ਰੇਰਿਤ ਕੀਤਾ ਹੈ ਜਿਸਦੀ ਤਾਜ਼ਾ ਮਿਸਾਲ ਜ਼ਿਲ੍ਹਾ ਫਾਜ਼ਿਲਕਾ ਦੇ ਇਲਾਕੇ ਅਬੋਹਰ ਤੋਂ ਵੇਖੀ ਜਾ ਸਕਦੀ ਹੈ। ਪਿਛਲੇ ਕੁਝ ਸਾਲਾਂ ਤੋਂ ਅਬੋਹਰ ਨੇੜਲੇ ਪਿੰਡਾਂ ਕੱਲਰ ਖੇੜਾ,ਸਲਾਮੇਵਾਲਾ ਅਤੇ ਖੂਹੀਆਂ ਸਰਵਰ ਆਦਿ ਪਿੰਡਾਂ ਵਿੱਚ “ਅੰਜੀਰ” ਦੇ ਬਾਗ਼ ਲੱਗਣ ਲੱਗੇ ਹਨ। ਜਿਸ ਤੋਂ ਕਿਸਾਨਾਂ ਨੂੰ ਮੋਟੀ ਕਮਾਈ ਹੋਣ ਲੱਗੀ ਹੈ। ਜਿਸਨੇ ਕਿਸਾਨਾਂ ਦੀ ਆਮਦਨ ਵਿੱਚ ਲੱਖਾਂ ਰੁਪਏ ਦਾ ਵਾਧਾ ਕੀਤਾ ਹੈ ਅਤੇ ਮਹਿੰਗੀ ਮਸੀਨਰੀ , ਖੇਤੀਬਾੜੀ ਸੰਦਾਂ ਅਤੇ ਲੇਬਰ ਤੋਂ ਵੀ ਨਿਰਭਰਤਾ ਘਟਾ ਦਿੱਤੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੰਜੀਰ ਦਾ ਬੂਟਾ , 18 ਮਹੀਨੇ ਬਾਅਦ ਪ੍ਰਤੀ ਬੂਟਾ 5 ਤੋਂ 7 ਕਿੱਲੋ ਫਲ ਦੇਂਦਾ ਹੈ ਅਤੇ ਫਲ 100/- ਰੁਪੲੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦਣ ਦਾ , ਕੰਪਨੀਆਂ ਪੰਜ ਸਾਲਾਂ ਦਾ ਐਗਰੀਮੈਂਟ ਕਰਦੀਆਂ । ਸਵਾ ਦੋ ਸਾਲ ਬਾਅਦ ਪ੍ਰਤੀ ਬੂਟੇ ਦਾ ਝਾੜ 10 ਤੋਂ 12 ਕਿੱਲੋ ਹੋ ਜਾਂਦਾ ਹੈ। ਤੀਜੇ ਸਾਲ ਪ੍ਰਤੀ ਬੂਟਾ 15 ਤੋਂ 17 ਕਿੱਲੋ ਫਲ ਦੇਣ ਲੱਗਦਾ ਹੈ ਜਦੋਂ ਕਿ ਚੌਥੇ ਸਾਲ ਬਾਅਦ ਪ੍ਰਤੀ ਬੂਟਾ 20 ਤੋਂ 22 ਕਿੱਲੋ ਫਲ ਦੇਂਦਾ ਹੈ।
ਪ੍ਰਤੀ ਏਕੜ ਚਾਰ ਸੌ ਬੂਟਾ ਲੱਗਦਾ ਹੈ। ਪ੍ਰਤੀ ਬੂਟਾ ਪੰਜ ਕਿੱਲੋ ਫਲ , ਪੰਜ ਸੌ ਰੁਪਏ ਦਾ ਵੀ ਦੇਵੇ ਤਾਂ ਬਾਗ਼ ਲਾਉਂਣ ਤੋਂ ਡੇਢ ਸਾਲ ਬਾਅਦ 400 ਬੂਟਾ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਲੱਖ ਰੁਪੲੇ ਸਾਲਾਨਾ ਦੀ ਆਮਦਨ ਦਿੰਦਾ ਹੈ। ਜਦੋਂ ਕਿ ਚੌਥੇ ਸਾਲ 20 ਕਿੱਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ , 2000/- ਪ੍ਰਤੀ ਬੂਟਾ ਫਲ ਦੇ ਹਿਸਾਬ 8,00000/- (ਅੱਠ ਲੱਖ ਰੁਪਏ) ਪ੍ਰਤੀ ਏਕੜ ਦੀ ਆਮਦਨ ਦੇਂਦਾ ਹੈ।
ਅੰਜੀਰ ਦੇ ਬੂਟੇ ਸਬੰਧੀ ਮਾਹਿਰ ਦੱਸਦੇ ਹਨ ਕਿ ਇਸ ਬਾਗ ਜਾਂ ਬੂਟੇ ਦੀ ਉਮਰ ਤੀਹ ਸਾਲ ਤੋਂ ਲੈ ਕੇ ਪੰਜਾਹ ਸਾਲ ਤੱਕ ਹੁੰਦੀ ਹੈ। ਬੂਟਾ 0 ਡਿਗਰੀ ਤੋਂ ਲੈ ਕੇ 55 ਡਿਗਰੀ ਤਾਪਮਾਨ ਤੱਕ ਤੰਦਰੁਸਤ ਰਹਿੰਦਾ ਹੈ। 2000/ ਟੀ ਡੀ ਐਸ ਤੱਕ ਧਰਤੀ ਹੇਠਲੇ ਪਾਣੀ ਨਾਲ ਬਹੁਤ ਵਧੀਆ ਫਲਦਾ ਫੁਲਦਾ ਹੈ। ਅੰਜੀਰ ਦਾ ਬੂਟਾ ਰੇਤਲੀ ਜ਼ਮੀਨ ਵਿੱਚ ਹੁੰਦਾ ਹੈ। ਕੁਦਰਤਿ ਦਾ ਕ੍ਰਿਸ਼ਮਾ ਵੇਖੋ ਕਿ ਬੂਟਾ ਕੌੜਾ ਹੁੰਦਾ ਹੈ ਪਰ ਇਸ ਦਾ ਫਲ ਸ਼ਹਿਦ ਵਰਗਾ ਮਿੱਠਾ। ਬੂਟੇ ਨੂੰ ਕੋਈ ਜਾਨਵਰ ਨਹੀਂ ਖਾਂਦਾ ਅਤੇ ਨਾਂ ਹੀ ਸਿਓਂਕ ਲੱਗਦੀ ਹੈ। ਬੂਟੇ ਨੂੰ ਸਿਰਫ ਪੱਤੇ ਲੱਗਦੇ ਹਨ , ਫੁੱਲ ਨਹੀਂ। ਤਣੇ ਤੋਂ ਫੁੱਟਦੇ ਪੱਤੇ ਦੇ ਹੇਠਾਂ ਫਲ ਲੱਗਦਾ ਹੈ। ਜਿਸ ਕਰਕੇ ਬੀਮਾਰੀਆਂ ਤੋਂ ਰਹਿਤ ਹੈ।
ਸੂਤਰਾਂ ਅਨੁਸਾਰ ਮੁਕਤਸਰ ਇਲਾਕੇ ਦੇ ਪਿੰਡਾਂ ਕੁੱਕਰੀਆਂ ਅਤੇ ਕਾਨਿਆਂ ਵਾਲੀ ਆਦਿ ਦੀ ਜ਼ਮੀਨ ਰੇਤਲੀ , ਘੱਟ ਪਾਣੀ ਵਾਲੀ ਅਤੇ ਘੱਟ ਕੀਮਤਾਂ ਵਾਲੀ ਸੀ ਜਿਸ ਕਰਕੇ ਸਸਤੀ , ਸੈਂਕੜੇ ਏਕੜ ਜ਼ਮੀਨ ਦੀ ਖਰੀਦ , ਪਿਛਲੇ 2,3 ਮਹੀਨਿਆਂ ਵਿੱਚ ਹੀ ਕੀਤੀ ਗੲੀ ਹੈ। ਜਿੱਥੇ ਹੁਣ ਨਵੀਂ ਕਿਸਮ ਦੇ ਬਾਗ ਅਤੇ ਨਵੀਂ ਕਿਸਮ ਦੀ ਲਾਹੇਵੰਦੀ ਖੇਤੀ ਕੀਤੇ ਜਾਣ ਦੇ ਮਨਸੂਬੇ ਹਨ। ਜਾਗਦੇ ਸਿਰਾਂ ਵਾਲੇ ਲੋਕ ਇਨ੍ਹਾਂ ਪਿੰਡਾਂ ਵਿੱਚ ਹੁਣ ਵੀ ਸਸਤੀਆਂ ਜ਼ਮੀਨਾਂ ਖਰੀਦ ਕੇ , ਨਵੀਂ ਕਿਸਮ ਦੀ ਬਾਗਬਾਨੀ ਕਰਨ ਲੲੀ ਉਤਸੁਕ ਹਨ। ਅਬੋਹਰ ਦੇ ਝੋਟਿਆਂ ਵਾਲੀ ਅਤੇ ਨੇੜਲੇ ਪਿੰਡਾਂ ਵਿੱਚ ਵੀ ਅੰਜੀਰ ਦੇ ਬਾਗ਼ ਲਾਉਂਣ ਲੲੀ ਕਿਸਾਨਾਂ ਵਿੱਚ ਉਤਸੁਕਤਾ ਵੇਖੀ ਜਾ ਸਕਦੀ ਹੈ।
” ਤੇਲ ਵੇਖੋ , ਤੇਲ ਦੀ ਧਾਰ ਵੇਖੋ ” ਦੀ ਕਹਾਵਤ ਅਨੁਸਾਰ ਕਣਕ ਦੀ ਸਿੱਧੀ ਅਦਾਇਗੀ ਵਾਲੀ ਖਰੀਦ ਨੀਤੀ ਨੇ ਛੋਟੇ ਕਿਸਾਨਾਂ ਨੂੰ ਖੇਤੀ ਤੋਂ ਦੂਰ ਕਰਨ ਦੇ ਬਾਨ੍ਹਣੂ ਬੰਨ੍ਹ ਦਿੱਤੇ ਹਨ। ਇਸ ਨੂੰ ਕੰਟਰੈਕਟ ਫਾਰਮਿੰਗ ਦੀ ਅਛੋਪਲੇ ਜਿਹੇ ਸ਼ੂਰੂਆਤ ਕਿਹਾ ਜਾ ਸਕਦਾ ਹੈ। ਕਿਸਾਨਾਂ ਨੂੰ ਝੋਨੇ ਦੀ ਬਿਜਾਈ ਤੋਂ ਪਹਿਲਾਂ ਕੲੀ ਵਾਰ ਨਹੀਂ , ਮੁੜ ਮੁੜ ਸੋਚ ਕੇ ਝੋਨੇ ਦੀ ਬਿਜਾਈ ਵੱਲ ਕਦਮ ਵਧਾਉਂਦੇ ਪੈਣਗੇ।
ਠੇਕੇ ‘ਤੇ ਜ਼ਮੀਨ ਲੈਣ ਲੲੀ, ਆੜ੍ਹਤੀਏ ਤੋਂ ਪੈਸੇ ਵਿਆਜੀ ਚੁੱਕ ਕੇ , ਖੇਤੀ ਕਰਨ ਵਾਲੇ ਕਿਸਾਨਾਂ ਦੇ ਹੱਥੋਂ ਖੇਤੀ ਦੂਰ ਹੁੰਦੀ ਨਜ਼ਰ ਆ ਰਹੀ ਹੈ। ਜਿਸ ਕਰਕੇ ਜਾਗਦੇ ਸਿਰਾਂ ਵਾਲੇ ਲੋਕਾਂ ਨੇ ਅਗਾਊਂ ਢੁੱਕਵੇਂ ਪ੍ਰਬੰਧ ਕਰਕੇ ਚੋਖੀ ਆਮਦਨ ਦੇ ਪ੍ਰਬੰਧ ਕਰਨ ਲੲੀ ਇਨ੍ਹਾਂ ਪਿੰਡਾਂ ਵਿੱਚ ਅੰਜੀਰ ਅਤੇ ਹੋਰ ਬਾਗਬਾਨੀ ਦੇ ਢੰਗ ਤਰੀਕੇ ਅਪਣਾਉਣ ਲੲੀ ਅੰਦਰਖਾਤੇ ਜ਼ਮੀਨ ਤਿਆਰ ਕਰ ਲੲੀ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਭਾਵੇਂ ਜਾਣਕਾਰੀ ਨਹੀਂ ਹੈ ਪਰ ਬਾਹਰੋਂ ਆ ਕੇ ਇਨ੍ਹਾਂ ਪਿੰਡਾਂ ਵਿੱਚ ਜ਼ਮੀਨ ਖਰੀਦਣ ਵਾਲੇ ਲੋਕਾਂ ਨੇ ਨਵੀਆਂ ਤਕਨੀਕਾਂ ਅਪਣਾਉਣ ਲੲੀ ਹੀ ਸਸਤੀਆਂ ਜ਼ਮੀਨਾਂ ਖਰੀਦ ਕੇ , ਮੋਟੀ ਕਮਾਈ ਕਰਨ ਦੇ ਮਨਸੂਬੇ ਬਣਾਏ ਬਣਾ ਲਏ ਹਨ।

Real Estate