ਮੋਗਾ ਦੇ ਥਾਣਾ ਸਿਟੀ 1 ਦੀ ਹਵਾਲਾਤ ’ਚ ਪੁਲਿਸ ਦਾ ਅਣਮਨੁੱਖੀ ਵਿਵਹਾਰ, SHO ਲਾਈਨ ਹਾਜ਼ਰ, ASI ਤੇ ਮੁਨਸ਼ੀ ਸਸਪੈਂਡ

230

ਮੋਗਾ : ਥਾਣੇ ਵਿਚ ਬੰਦ ਹਵਾਲਾਤੀਆਂ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਮਾਮਲੇ ਵਿਚ ਡੀਜੀਪੀ ਦੀ ਦਖਲਅੰਦਾਜ਼ੀ ਤੋਂ ਬਾਅਦ ਮੋਗਾ ਦੇ ਥਾਣਾ ਸਿਟੀ 1 ਦੇ ਐਸਐਚਓ ਇੰਸਪੈਕਟਰ ਜਸਵੰਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਏਐਸਆਈ ਅਮਰਜੀਤ ਸਿੰਘ ਅਤੇ ਮੁਨਸ਼ੀ ਨੂੰ ਸਸਪੈਡ ਕਰ ਦਿੱਤਾ ਗਿਆ ਹੈ। ਥਾਣਾ ਸਿਟੀ 1 ਵਿਚ ਹਵਾਲਾਤੀਆਂ ਦੇ ਪੈਰ ਨੂੰ ਲੱਕੜੀ ਦੇ ਸਿਕੰਜੇ ਵਿਚ ਫਸਾਏ ਜਾਣ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਇਹ ਕਾਰਵਾਈ ਕੀਤੀ ਹੈ।
ਸੁਪਰੀਮ ਕੋਰਟ ਦੀ ਇਸ ਸਬੰਧ ਵਿਚ ਸਪੱਸ਼ਟ ਗਾਈਡਲਾਈਨ ਹੈ ਕਿ ਥਾਣੇ ਵਿਚ ਪੁੱਛ ਪੜਤਾਲ ਜਾਂ ਜਾਂਚ ਦੌਰਾਨ ਕਿਸੇ ਵੀ ਵਿਚਾਰਧੀਨ ਕੈਦੀ ਜਾਂ ਹਵਾਲਾਤੀ ਨੂੰ ਸਰੀਰਕ ਦੰਡ ਨਾ ਦਿੱਤਾ ਜਾਵੇ। ਇਸ ਦੇ ਬਾਵਜੂਦ ਛੋਟੇ ਛੋਟੇ ਮਾਮਲਿਆਂ ਵਿਚ ਹਿਰਾਸਤ ਵਿਚ ਲਏ ਲੋਕਾਂ ਨੂੰ ਸ਼ਿਕਾਇਤ ਕਰਤਾ ਨਾਲ ਗੰਢਤੁੱਪ ਕਰਕੇ ਉਨ੍ਹਾਂ ਦੇ ਪੈਰ ਲੱਕੜ ਦੇ ਸਿਕੰਜੇ ਵਿਚ ਫਸਾ ਕੇ ਤੜਫਣ ਲਈ ਮਜਬੂਰ ਕੀਤਾ ਹੈ।
ਕੀ ਹੈ ਮਾਮਲਾ
25 ਮਾਰਚ ਦੀ ਸ਼ਾਮ ਨੂੰ ਹਾਈਵੇਅ ’ਤੇ ਇਕ ਕੋਰੀਅਰ ਦੀ ਦੁਕਾਨ ਦੇ ਬਾਹਰ ਗੱਡੀ ਖਡ਼ੀ ਕਰਨ ਨੂੰ ਲੈ ਕੇ ਕੋਰੀਅਰ ਸਰਵਿਸ ਦੇ ਸੁਰੱਖਿਆ ਮੈਨੇਜਰ ਅਤੇ ਗਾਰਡ ਦੀ ਉਥੇ ਪਹਿਲਾਂ ਤੋਂ ਨਸ਼ੇ ਦੀ ਹਾਲਤ ਵਿਚ ਗੱਡੀ ਖਡ਼ੀ ਕਰਨ ਵਾਲੇ ਸਰਕਾਰੀ ਸੇਵਾਮੁਕਤ ਇਕ ਪ੍ਰਭਾਵਸ਼ਾਲੀ ਵਿਅਕਤੀ ਨਾਲ ਵਿਵਾਦ ਹੋ ਗਿਆ। ਇਸ ਦੌਰਾਨ ਕੋਰੀਅਰ ਸਰਵਿਸ ਦੇ ਸੁਰੱਖਿਆ ਮੈਨੇਜਰ ਨਵਕਿਰਨ ਸਿੰਘ ਅਤੇ ਸੁਰੱਖਿਆ ਗਾਰਡ ਦੀ ਕੁੱਟਮਾਰ ਕਰਕੇ ਪ੍ਰਭਾਵਸ਼ਾਲੀ ਵਿਅਕਤੀ ਨੇ ਥਾਣਾ ਸਿਟੀ 1 ਦੇ ਏਐਸਆਈ ਅਮਰਜੀਤ ਸਿੰਘ ਨੂੰ ਸੱਦ ਕੇ ਦੋਵਾਂ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ। ਉਨ੍ਹਾਂ ਵਿਚੋਂ ਸੁਰੱਖਿਆ ਗਾਰਡ ਸਿਹਤ ਵਿਭਾਗ ਵਿਚ ਤਾਇਨਾਤ ਸੁਪਰਵਾਇਜ਼ਰ ਮਹਿੰਦਰਪਾਲ ਲੂੰਬਾ ਦੇ ਪਿੰਡ ਦਾ ਸੀ। ਲੂੰਬਾ ਨੂੰ ਪਤਾ ਲੱਗਾ ਕਿ ਉਸ ਦੇ ਪਿੰਡ ਦਾ ਸੁਰੱਖਿਆ ਗਾਰਡ ਪੁਲਿਸ ਨੇ ਬਿਨਾਂ ਕਿਸੇ ਕਾਰਨ ਥਾਣੇ ਵਿਚ ਬੰਦ ਕੀਤਾ ਹੋਇਆ ਹੈ ਤਾਂ ਉਹ ਪਤਾ ਕਰਨ ਥਾਣੇ ਪਹੁੰਚੇ। ਉਥੇ ਜਾ ਕੇ ਪਤਾ ਲੱਗਾ ਕਿ ਪੁਲਿਸ ਨੇ ਪਹਿਲਾਂ ਤਾਂ ਕਥਿਤ ਤੌਰ ’ਤੇ ਨਵਕਿਰਨ ਸਿੰਘ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਨਾ ਦੇਣ ’ਤੇ ਉਸ ਨੂੰ ਕੁਝ ਦੇਰ ਬਿਠਾਇਆ। ਬਾਅਦ ਵਿਚ ਉਨ੍ਹਾਂ ਨੂੰ ਪੰਜ ਪੰਜ ਪਟੇ ਮਾਰ ਕੇ ਛੱਡ ਦਿੱਤਾ। ਇਸ ਦੌਰਾਨ ਪਤਾ ਲੈਣ ਪਹੁੰਚੇ ਹੈਲਥ ਵਿਭਾਗ ਦੇ ਸੁਪਰਵਾਇਜ਼ਰ ਨੇ ਹਵਾਲਾਤ ਵਿਚ ਲੱਕੜੀ ਦੇ ਸਿਕੰਜੇ ਵਿਚ ਪੈਰ ਫਸਾ ਕੇ ਬੈਠੇ ਹਵਾਲਾਤੀਆਂ ਦੀ ਵੀਡੀਓ ਬਣਾ ਲਈ ਤੇ ਫੇਸਬੁੱਕ ’ਤੇ ਵਾਇਰਲ ਕਰ ਦਿੱਤੀ।
Real Estate