ਪੰਜਾਬ ਨੂੰ ਮਿਲੇਗਾ 300 ਮਿਲੀਅਨ ਅਮਰੀਕੀ ਡਾਲਰ ਦਾ ‘ਕਰਜ਼ਾ’

230

ਚੰਡੀਗੜ੍ਹ : ਵਰਲਡ ਬੈਂਕ ਅਤੇ ਏਸ਼ੀਅਨ ਇੰਫਰਾਸਟ੍ਰੱਕਚਰ ਇਨਵੈਸਟਮੈਂਟ ਬੈਂਕ (ਏ. ਆਈ. ਆਈ. ਬੀ.) ਨੇ ਪੰਜਾਬ ਮਿਊਂਸੀਪਲ ਸੇਵਾਵਾਂ ਸੁਧਾਰ ਪ੍ਰਾਜੈਕਟ ਅਨੁਸਾਰ ਨਹਿਰੀ ਪਾਣੀ ’ਤੇ ਆਧਾਰਿਤ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਲਈ 300 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਦਾ ਮਕਸਦ ਪੀਣ ਵਾਲੇ ਗੁਣਵੱਤਾ ਭਰਪੂਰ ਪਾਣੀ ਦੀ 24 ਘੰਟੇ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਪਵਿੱਤਰ ਨਗਰੀ ਅੰਮ੍ਰਿਤਸਰ ਅਤੇ ਉਦਯੋਗਿਕ ਹੱਬ ਲੁਧਿਆਣਾ ਲਈ ਪਾਣੀ ਦੇ ਨੁਕਸਾਨ ਨੂੰ ਘਟਾਉਣਾ ਹੈ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਲਡ ਬੈਂਕ ਅਤੇ ਏ. ਆਈ. ਆਈ. ਬੀ. ਦਾ ਕਰਜ਼ਾ ਹਾਸਲ ਕਰਨ ਲਈ ਕੇਂਦਰ ਸਰਕਾਰ ਸਾਹਮਣੇ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਸੀ। ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਨਹਿਰੀ ਪਾਣੀ ’ਤੇ ਆਧਾਰਿਤ ਪਾਣੀ ਸਪਲਾਈ ਪ੍ਰਾਜੈਕਟ ਲਈ 300 ਮਿਲੀਅਨ ਅਮਰੀਕੀ ਡਾਲਰ ਦੇ ਕੁੱਲ ਅਨੁਮਾਨਿਤ ਪ੍ਰਾਜੈਕਟ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਮੁੱਚੇ ਪ੍ਰਾਜੈਕਟ ਲਈ ਆਈ. ਬੀ. ਆਰ. ਡੀ. (ਵਰਲਡ ਬੈਂਕ ) ਵੱਲੋਂ 105 ਮਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ, ਏ. ਆਈ. ਆਈ. ਬੀ. ਵਲੋਂ ਵੀ 105 ਮਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਦਿੱਤਾ ਜਾਵੇਗਾ, ਜਦੋਂ ਕਿ ਪੰਜਾਬ ਸਰਕਾਰ ਦੇ 90 ਮਿਲੀਅਨ ਅਮਰੀਕੀ ਡਾਲਰ ਦੇ ਫੰਡ ਹਨ।

ਅੰਮ੍ਰਿਤਸਰ ਨੂੰ ਅੱਪਰਬਾਰੀ-ਦੁਆਬ ਨਹਿਰ ਅਤੇ ਲੁਧਿਆਣਾ ਨੂੰ ਸਰਹਿੰਦ ਨਹਿਰ ਤੋਂ ਹੋਵੇਗੀ ਸਪਲਾਈ
ਅੰਮ੍ਰਿਤਸਰ ਦੇ ਪ੍ਰਾਜੈਕਟ ਲਈ ਪਾਣੀ ਲੈਣ ਦਾ ਸਰੋਤ ਅੱਪਰਬਾਰੀ-ਦੁਆਬ ਨਹਿਰ ਹੋਵੇਗੀ। ਇਸ ਅਨੁਸਾਰ ਨਹਿਰੀ ਪਾਣੀ ਨੂੰ ਸਾਫ਼ ਕਰਨ ਲਈ ਜ਼ਿਲ੍ਹੇ ਦੇ ਪਿੰਡ ਵੱਲਹਾ ਵਿਚ 440 ਮਿਲੀਅਨ ਲੀਟਰ ਪਾਣੀ ਪ੍ਰਤੀ ਦਿਨ ਸੋਧ ਕੇ ਦੇ ਕਿਫ਼ਾਇਤੀ ਪਾਣੀ ਸੋਧ ਪਲਾਂਟ ਸਥਾਪਿਤ ਕੀਤਾ ਜਾਵੇਗਾ। ਅੰਮ੍ਰਿਤਸਰ ਲਈ ਨਹਿਰੀ ਪਾਣੀ ’ਤੇ ਆਧਾਰਿਤ ਪਾਣੀ ਸਪਲਾਈ ਪ੍ਰਾਜੈਕਟ 784.33 ਕਰੋੜ ਰੁਪਏ ਦੀ ਰਾਸ਼ੀ ਨਾਲ ਮੈਸਰਜ ਲਾਰਸਨ ਐਂਡ ਟੂਬਰੋ ਲਿਮਟਿਡ ਨੂੰ ਦਿੱਤਾ ਗਿਆ ਹੈ।

 

ਇਸੇ ਤਰ੍ਹਾਂ ਲੁਧਿਆਣਾ ਪ੍ਰਾਜੈਕਟ ਲਈ ਪਾਣੀ ਦੀ ਸਪਲਾਈ ਦਾ ਸਰੋਤ ਸਰਹਿੰਦ ਨਹਿਰ ਹੋਵੇਗੀ। ਨਹਿਰੀ ਪਾਣੀ ਨੂੰ ਸੁਧਾਰਣ ਲਈ 580 ਮਿਲੀਅਨ ਲੀਟਰ ਪ੍ਰਤੀ ਦਿਨ ਸੁਧਾਰਣ ਦਾ ਕਿਫ਼ਾਇਤੀ ਪਾਣੀ ਸੋਧ ਪਲਾਂਟ ਵੀ ਬਣਾਇਆ ਜਾਵੇਗਾ। ਲੁਧਿਆਣਾ ਪ੍ਰਾਜੈਕਟ ਦੀ ਅਨੁਮਾਨਿਤ ਉਸਾਰੀ ਕੀਮਤ 1093.92 ਕਰੋੜ ਰੁਪਏ ਹੈ ਅਤੇ ਇਸ ਨੂੰ 36 ਮਹੀਨਿਆਂ ਦੇ ਸਮੇਂ ਵਿਚ ਪੂਰਾ ਕੀਤਾ ਜਾਣਾ ਹੈ। ਇਸ ਨੂੰ 10 ਸਾਲਾਂ ਲਈ ਚਲਾਉਣ ਅਤੇ ਸੰਭਾਲ ਲਈ ਅਨੁਮਾਨਿਤ ਕੀਮਤ 270.73 ਕਰੋੜ ਰੁਪਏ ਹੈ। ਇਸ ਪ੍ਰਾਜੈਕਟ ’ਤੇ ਕੁੱਲ 1364.65 ਕਰੋੜ ਰੁਪਏ ਦੀ ਲਾਗਤ ਆਵੇਗੀ।

Real Estate