ਖੰਨਾ, 2 ਅਪਰੈਲ
ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਬਾਬਾ ਕਸ਼ਮੀਰ ਗਿਰੀ ਨੂੰ ਖੰਨਾ ਪੁਲੀਸ ਨੇ ਵੱਖ-ਵੱਖ ਧਰਾਵਾਂ ਅਧੀਨ ਗ੍ਰਿਫ਼ਤਾਰ ਕੀਤਾ। ਅੱਜ ਇਥੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ 28 ਮਾਰਚ ਨੂੰ ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਵਿਖੇ ਵੱਡੀ ਗਿਣਤੀ ’ਚ ਇੱਕਠੇ ਹੋਏ ਨੌਜਵਾਨਾਂ ਨੇ ਨਿਖਿਲ ਸ਼ਰਮਾ ’ਤੇ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਘੰਟਿਆਂ ਵਿਚ ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਦੇ ਦੋਵਾਂ ਪੁੱਤਰਾਂ ਰਾਜਨ ਗਿਰੀ, ਮੋਨੂੰ ਗਿਰੀ ਅਤੇ ਉਨ੍ਹਾਂ ਨਾਲ 6 ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਕੀ ਚਾਰ ਲੜਕਿਆਂ ਦੀ ਭਾਲ ਜਾਰੀ ਹੈ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਤੇ ਪਹਿਲਾਂ ਧਾਰਾ 307/323/324/184/149 ਅਧੀਨ ਕੇਸ ਦਰਜ ਕੀਤਾ ਗਿਆ ਪਰ ਜਦੋਂ ਪੁਲੀਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਧਾਰਾ 506/120 ਬੀ ਭ/ਦ 25-54-59 ਅਸਲਾ ਐਕਟ ਦਾ ਵਾਧਾ ਕਰਦੇ ਹੋਏ ਕਸ਼ਮੀਰ ਗਿਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਅਨੁਸਾਰ ਬਾਬਾ ਗਿਰੀ ਨੇ ਪੁੱਛ ਪੜਤਾਲ ਦੌਰਾਨ ਮੰਨਿਆ ਕਿ ਪਿਛਲੇ ਵਰ੍ਹੇ 9 ਮਾਰਚ 2020 ਨੂੰ ਉਸ ਉਪਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਜਿਹੜਾ ਹਮਲਾ ਕੀਤਾ ਸੀ, ਉਹ ਉਸ ਨੇ ਆਪਣੀ ਸੁਰੱਖਿਆ ਵਧਾਉਣ ਲਈ ਖ਼ੁਦ ਹੀ ਆਪਣੇ ਪੁੱਤਰਾਂ ਨਾਲ ਰਲ ਕੇ ਚਾਲ ਚੱਲੀ ਸੀ। ਉਦੋਂ ਖੰਨਾ ਵਿਚ ਸ਼ਿਵ ਸੈਨਾ ਵਰਕਰਾਂ ਨੇ ਇੱਕਠੇ ਹੋ ਕੇ ਇਸ ਹਮਲੇ ਦੀ ਤਿੱਖੀ ਅਲੋਚਨਾ ਕਰਦਿਆਂ ਸ਼ਹਿਰ ਵਿਚ ਮੁਜ਼ਾਹਰੇ ਕੀਤੇ ਸਨ। ਇਹ ਵੀ ਜ਼ਿਕਰਯੋਗ ਹੈ ਕਿ ਗਿਰੀ ਤੇ ਹਮਲਾ ਕਰਨ ਵਾਲੇ ਦੋਵੇਂ ਨੌਜਵਾਨ ਜਸਵਿੰਦਰ ਸਿੰਘ ਜੱਸੀ ਪਿੰਡ ਲੱਖਪੁਰ ਹਾਲ ਵਾਸੀ 1430/29 ਸੀ ਚੰਡੀਗੜ੍ਹ ਅਤੇ ਗੁਰਿੰਦਰ ਸਿੰਘ ਗਿੰਦੀ ਵਾਸੀ ਗੋਹਲ ਮਾਜਰੀ (ਮੁਕੰਦਪੁਰ) ਸਨ, ਨੂੰ ਗਿਰੀ ’ਤੇ ਹਮਲਾ ਕਰਵਾਉਣ ਲਈ ਰਾਜਨ ਗਿਰੀ ਨੇ ਚੰਡੀਗੜ੍ਹ ਵਿਖੇ ਪਿਸਟਲ ਮੁਹੱਈਆ ਕਰਵਾਏ ਤੇ ਪਿੰਡ ਗੋਬਿੰਦਗੜ੍ਹ ਨੇੜੇ ਮੁਹਾਲੀ ਵਿਖੇ ਪਿਸਟਲ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ।