ਕੈਲੀਫੋਰਨੀਆ ‘ਚ ਦਫਤਰੀ ਇਮਾਰਤ ਵਿੱਚ ਹੋਈ ਗੋਲੀਬਾਰੀ, 4 ਲੋਕਾਂ ਦੀ ਹੋਈ ਮੌਤ

246

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 02 ਅਪ੍ਰੈਲ 2021
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੀ ਇੱਕ ਦਫਤਰੀ ਇਮਾਰਤ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋਈ ਹੈ, ਜਿਸ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਇਸਦੇ ਇਲਾਵਾ ਇੱਕ ਪੰਜਵਾਂ ਪੀੜਤ ਅਤੇ ਗੰਨਮੈਨ ਗੰਭੀਰ ਜ਼ਖਮੀ ਹੋਏ ਹਨ। ਲਾਸ ਏਂਜਲਸ ਦੇ ਦੱਖਣ ਪੂਰਬ ਵਿੱਚ ਓਰੇਂਜ ਸ਼ਹਿਰ ‘ਚ ਹੋਈ ਇਹ ਜਾਨਲੇਵਾ ਗੋਲੀਬਾਰੀ ਦੋ ਹਫ਼ਤਿਆਂ ਵਿੱਚ ਦੇਸ਼ ਦੀ ਤਕਰੀਬਨ ਤੀਜੀ ਸਮੂਹਿਕ ਗੋਲੀਬਾਰੀ ਸੀ। ਇਸ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਤਕਰੀਬਨ ਸ਼ਾਮ 5:30 ਵਜੇ ਇਮਾਰਤ ਵਿੱਚ ਪਹੁੰਚੇ ਤਾਂ ਉਸ ਸਮੇਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਇਸ ਸੰਬੰਧੀ ਓਰੇਂਜ ਪੁਲਿਸ ਦੇ ਲੈਫਟੀਨੈਂਟ ਜੇਨੀਫਰ ਅਮਟ ਨੇ ਦੱਸਿਆ ਕਿ ਅਧਿਕਾਰੀਆਂ ਨੇ ਜਵਾਬ ਵਿੱਚ ਗੋਲੀਬਾਰੀ ਕੀਤੀ, ਜਿਸ ਕਰਕੇ ਦੋਸ਼ੀ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਪੀੜਤਾਂ ਬਾਰੇ ਫਿਲਹਾਲ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਗੋਲੀਬਾਰੀ ਨੂੰ ਗਵਰਨਰ ਗੈਵਿਨ ਨਿਊਸਮ ਨੇ ਦੁਖਦਾਈ ਦਸਦਿਆਂ
ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ ਹੈ। ਪੁਲਿਸ ਅਨੁਸਾਰ ਹਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਗੋਲੀਬਾਰੀ ਇਮਾਰਤ ਦੇ ਦੋਵੇਂ ਪੱਧਰਾਂ ‘ਤੇ ਹੋਈ ਹੈ। ਇਸ ਇਮਾਰਤ ਵਿੱਚ ਕਈ ਦਫਤਰ ਮੌਜੂਦ ਸਨ, ਜਿਹਨਾਂ ਵਿੱਚ ਇੱਕ ਬੀਮਾ ਦਫ਼ਤਰ, ਵਿੱਤੀ ਸਲਾਹਕਾਰ ਫਰਮ, ਇੱਕ ਕਾਨੂੰਨੀ ਸੇਵਾਵਾਂ ਦਾ ਦਫਤਰ ਅਤੇ ਇੱਕ ਫੋਨ ਰਿਪੇਅਰ ਸਟੋਰ ਆਦਿ ਸ਼ਾਮਿਲ ਹਨ।ਇਹ ਗੋਲੀਬਾਰੀ ਪਿਛਲੇ ਹਫਤੇ ਬੋਲਡਰ(ਕੋਲੋਰਾਡੋ) ਵਿੱਚ ਇੱਕ ਸੁਪਰ ਮਾਰਕੀਟ ਵਿੱਚ ਹੋਈ ਇੱਕ ਵੱਡੇ ਪੱਧਰ ਦੀ ਗੋਲੀਬਾਰੀ ਤੋਂ ਬਾਅਦ ਹੋਈ ਹੈ ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ। ਇਹ ਓਰੇਂਜ ਸ਼ਹਿਰ ਲਾਸ ਏਂਜਲਸ ਤੋਂ ਲੱਗਭਗ 30 ਮੀਲ (48 ਕਿਲੋਮੀਟਰ) ਦੀ ਦੂਰੀ ਤੇ ਅਤੇ ਲੱਗਭਗ 140,000 ਲੋਕਾਂ ਦਾ ਘਰ ਹੈ।

Real Estate