ਸਿਮਰਨਜੀਤ ਸਿੰਘ ਮਾਨ ਨੇ ਨਕਸਲਵਾੜੀ ਭਗੌੜੇ ਹਰਭਜਨ ਹਲਵਾਰਵੀ ਅਤੇ ਭੋਲੇ ਨੂੰ ਝੂਠੇ ਮੁਕਾਬਲੇ ਚ ਮਰਨ ਤੋ ਬਚਾਇਆ !!

319
ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਮਰਹੂਮ ਹਰਭਜਨ ਸਿੰਘ ਹਲਵਾਰਵੀ ਨੂੰ ਬਚਾਏ ਜਾਣ ਦੀ ਕਹਾਣੀ -ਸਿਮਰਨਜੀਤ ਸਿੰਘ ਮਾਨ
ਮੈਂ 1967 ਵਿਚ ਆਈ.ਪੀ.ਐਸ. ਵਿਚ ਭਰਤੀ ਹੋਇਆ ਸੀ। ਮਾਊਂਟ ਆਬੂ (ਰਾਜਸਥਾਨ) ਵਿਖੇ ਡੇਢ ਕੁ ਸਾਲ ਦੀ ਟਰੇਨਿੰਗ ਪ੍ਰਾਪਤ ਕਰਨ ਉਪਰੰਤ ਸੰਨ 1969 ਵਿਚ ਮੈਨੂੰ ਆਈ.ਪੀ.ਐਸ. ਵਿਚ ਪੰਜਾਬ ਕਾਡਰ ਮਿਲਣ ਉਤੇ ਲੁਧਿਆਣੇ ਜ਼ਿਲ੍ਹਾ ਪੁਲਿਸ ਦੀ ਟ੍ਰੇਨਿੰਗ ਲਈ ਤਾਇਨਾਤ ਕੀਤਾ ਗਿਆ। ਉਸ ਸਮੇਂ ਲੁਧਿਆਣਾ ਦੇ ਜ਼ਿਲ੍ਹਾ ਪੁਲਿਸ ਕਪਤਾਨ ਸ. ਹਰਜੀਤ ਸਿੰਘ ਰੰਧਾਵਾ ਸਨ। ਉਨ੍ਹਾਂ ਤੋਂ ਬਾਅਦ ਸ. ਗੁਰਭਗਤ ਸਿੰਘ ਗਿੱਲ ਅਤੇ ਫਿਰ ਸ. ਐਚ.ਐਸ. ਸੇਖੋਂ ਇਸ ਅਹੁਦੇ ਉਤੇ ਆਏ। ਮੈਨੂੰ ਇਨ੍ਹਾਂ ਤਿੰਨਾਂ ਅਫਸਰਾਂ ਹੇਠ ਟ੍ਰੇਨਿੰਗ ਲੈਣ ਦਾ ਮੌਕਾ ਮਿਲਿਆ। ਇਹ ਤਿੰਨੇ ਅਫਸਰ ਉਸ ਸਮੇਂ ਬਹੁਤ ਹੀ ਕਾਮਯਾਬ ਪੁਲਿਸ ਅਫਸਰ ਸਨ। ਜਦੋਂ ਸ. ਐਚ.ਐਸ. ਸੇਖੋਂ ਨੇ ਲੁਧਿਆਣਾ ਦੇ ਜ਼ਿਲ੍ਹਾ ਪੁਲਿਸ ਕਪਤਾਨ ਦਾ ਅਹੁਦਾ ਸੰਭਾਲਿਆ ਤਾਂ ਉਸ ਸਮੇਂ ਨਕਸਲਵਾੜੀ ਸਰਗਰਮੀਆਂ ਆਪਣੇ ਪੂਰੇ ਜ਼ੋਰਾਂ ਉਤੇ ਸਨ। ਸ. ਸੇਖੋਂ ਨੇ ਮੈਨੂੰ ਨਕਸਲਬਾੜੀ ਲਹਿਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਲ ਵਿਚ ਨਕਸਲਬਾੜੀ ਲਹਿਰ, ਜਿਵੇਂ ਕਿ ਪ੍ਰਚਾਰਿਆ ਜਾ ਰਿਹਾ ਹੈ, ਇਕ ਜ਼ਰਾਇਮ ਪੇਸ਼ਾ ਸਰਗਰਮੀ ਨਹੀਂ, ਸਗੋਂ ਇਕ ਸੋਚ ਹੈ, ਇਕ ਵਿਚਾਰਧਾਰਾ ਹੈ। ਇਸਦੇ ਨਾਲ ਨਜਿੱਠਣ ਲਈ ਸਖਤੀ ਦੀ ਨਹੀਂ, ਸਗੋਂ ਬੁੱਧੀ, ਵਿਵੇਕ ਅਤੇ ਠਰੰਮ੍ਹੇ ਦੀ ਲੋੜ ਹੈ। ਸ. ਸੇਖੋਂ ਦੀ ਇਸ ਗੱਲ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਅਤੇ ਮੈਂ ਉਸ ਨੂੰ ਪੱਲੇ ਬੰਨ੍ਹ ਲਿਆ।
ਮੈਂ ਉਨ੍ਹੀਂ ਦਿਨੀਂ ਥਾਣਾ ਮੁੱਲਾਂਪੁਰ ਦਾਖਾ ਵਿਖੇ ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਦਾ ਕੰਮ ਸਿੱਖ ਰਿਹਾ ਸੀ ਅਤੇ ਥਾਣੇਦਾਰ ਦੇ ਕੁਆਰਟਰ ਵਿਚ ਹੀ ਰਹਿੰਦਾ ਸੀ। ਉਥੋਂ ਨੇੜੇ ਹੀ ਹਲਵਾਰਾ ਵਿਖੇ ਲੜਾਕੂ ਹਵਾਈ ਜਹਾਜ਼ਾਂ ਦਾ ਸਟੇਸ਼ਨ ਸੀ। ਮੇਰਾ ਏਅਰ ਫੋਰਸ ਦੇ ਅਫਸਰਾਂ ਨਾਲ ਚੰਗਾ ਉਠਣ ਬੈਠਣ ਹੋ ਗਿਆ ਅਤੇ ਅਕਸਰ ਸ਼ਾਮ ਵੇਲੇ ਮੈਂ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਮੈੱਸ ਵਿਚ ਖਾਣਾ ਖਾਂਦਾ। ਹਲਵਾਰਾ ਏਅਰ ਫੋਰਸ ਸਟੇਸ਼ਨ ਰਾਏਕੋਟ ਪੁਲਿਸ ਸਟੇਸ਼ਨ ਦੀ ਹਦੂਦ ਵਿਚ ਸੀ ਅਤੇ ਸੁਧਾਰ ਇਸ ਦੀ ਇਕ ਪੁਲਿਸ ਚੌਂਕੀ ਹੁੰਦੀ ਸੀ। ਇਕ ਆਈ.ਪੀ.ਐਸ. ਪੁਲਿਸ ਅਫਸਰ ਹੋਣ ਕਰਕੇ ਮੇਰੇ ਉਤੇ ਕੋਈ ਪਾਬੰਦੀ ਨਹੀਂ ਸੀ ਅਤੇ ਮੈਂ ਆਪਣੇ ਥਾਣੇ ਮੁੱਲਾਂਪੁਰ ਦਾਖਾ ਦੀ ਹਦੂਦ ਤੋਂ ਬਾਹਰ ਵੀ ਨਜ਼ਰਸਾਨੀ ਕਰਦਾ ਹੁੰਦਾ ਸੀ।
ਇਕ ਦਿਨ ਰਾਤ ਦੇ ਕੋਈ 11 ਵਜੇ ਹਲਵਾਰਾ ਏਅਰ ਫੋਰਸ ਮੈੱਸ ਵਿਚ ਇਕ ਵੱਡੇ ਖਾਣੇ ਤੋਂ ਬਾਅਦ ਮੈਂ ਮੁੱਲਾਂਪੁਰ ਦਾਖਾ ਜਾ ਰਿਹਾ ਸੀ ਕਿ ਕੁਦਰਤੀ ਮੇਰੇ ਮਨ ਵਿਚ ਆਇਆ ਕਿ ਸੁਧਾਰ ਪੁਲਿਸ ਚੌਕੀ ਦਾ ਮੁਆਇਨਾ ਕਰ ਚੱਲਾਂ। ਜਦੋਂ ਮੈਂ ਚੌਂਕੀ ਗਿਆ ਤਾਂ ਪਤਾ ਲੱਗਾ ਕਿ ਪੁਲਿਸ ਨੇ ਬਹੁਤ ਸਾਰੇ ਮੁਸ਼ਤਬਿਆਂ (ਸ਼ੱਕੀ ਬੰਦਿਆਂ) ਨੂੰ ਫੜ ਕੇ ਅੰਦਰ ਕੀਤਾ ਹੋਇਆ ਹੈ। ਸੁਧਾਰ ਚੌਂਕੀ ਦਾ ਅਫਸਰ ਇੰਚਾਰਜ ਮੈਨੂੰ ਖੁਸ਼ੀ ਅਤੇ ਜੋਸ਼ ਨਾਲ ਕਹਿਣ ਲੱਗਾ, ਅਸੀਂ ਹਰਭਜਨ ਸਿੰਘ ਹਲਵਾਰਵੀ ਫੜ ਲਿਐ ਅਤੇ ਉਸ ਨੂੰ ਔਹ ਕਮਰੇ ਵਿਚ ਬਾਕੀ ਮੁਸ਼ਤਬਿਆਂ ਨਾਲ ਬਿਠਾਇਆ ਹੋਇਐ। ਇਹ ਸ਼ਬਦ ਸੁਣ ਕੇ ਮੈਂ ਦੰਗ ਰਹਿ ਗਿਆ। ਹਰਭਜਨ ਸਿੰਘ ਹਲਵਾਰਵੀ ਉਸ ਸਮੇਂ ਨਕਸਲਬਾੜੀ ਲਹਿਰ ਦੇ ਨੌਜਵਾਨ ਅਤੇ ਇਕ ਬਹੁਤ ਹੀ ਸਰਗਰਮ ਆਗੂ ਸਨ ਅਤੇ ਸਰਕਾਰ ਨੇ ਉਨ੍ਹਾਂ ਦੇ ਸਿਰ ਉਤੇ ਉਸ ਵੇਲੇ ਦੇ ਮੁਤਾਬਕ ਇਕ ਬਹੁਤ ਵੱਡੀ ਇਨਾਮੀ ਰਕਮ ਵੀ ਰੱਖੀ ਹੋਈ ਸੀ।
ਮੈਂ ਮੁਸ਼ਤਬਿਆਂ ਵਾਲੇ ਕਮਰੇ ਵਿਚ ਗਿਆ ਅਤੇ ਹਰਭਜਨ ਸਿੰਘ ਹਲਵਾਰਵੀ ਨੂੰ ਮਿਲਿਆ। ਉਸ ਦੇ ਤੇੜ ਇਕ ਛੋਟਾ ਜਿਹਾ ਕੱਛਾ ਸੀ ਅਤੇ ਪੁਲਿਸ ਵਾਲਿਆਂ ਨੇ ਬਾਕੀ ਕੱਪੜਿਆਂ ਸਮੇਤ ਉਸ ਦੇ ਸਿਰ ‘ਤੇ ਵਲ੍ਹੇਟਿਆ ਸਾਫਾ ਵੀ ਲੁਹਾ ਲਿਆ ਸੀ। ਉਸ ਦੇ ਚਿਹਰੇ ‘ਤੇ ਡਰ ਅਤੇ ਸਹਿਮ ਦੇ ਚਿੰਨ੍ਹ ਬੜੇ ਸਪੱਸ਼ਟ ਨਜ਼ਰ ਆ ਰਹੇ ਸਨ। ਹਲਵਾਰਵੀ ਦੇ ਸਾਹਮਣੇ ਖਲੋਤਿਆਂ ਮੇਰੇ ਦਿਮਾਗ ਵਿਚ ਉਸ ਨਾਲ ਵਾਪਰਨ ਵਾਲੀ ਹੋਣੀ ਨੂੰ ਲੈ ਕੇ ਕਈ ਤਰ੍ਹਾਂ ਦੀ ਸੋਚਾਂ ਚੱਲ ਰਹੀਆਂ ਸਨ। ਪੁਲਿਸ ਮਹਿਕਮੇ ਦੀਆਂ ਖੁਫੀਆ ਡਾਇਰੀਆਂ ਦੀ ਜਾਣਕਾਰੀ ਅਨੁਸਾਰ ਮੈਨੂੰ ਪਤਾ ਸੀ ਕਿ ਪੁਲਸ ਨੇ ਹੋਰਨਾਂ ਉੱਘੇ ਨਕਸਲਬਾੜੀ ਆਗੂਆਂ ਵਾਂਗ ਹਰਭਜਨ ਸਿੰਘ ਹਲਵਾਰਵੀ ਨੂੰ ਵੀ ਬਿਨਾਂ ਕਿਸੇ ਅਦਾਲਤੀ ਕਾਰਵਾਈ ਕੀਤਿਆਂ ਝੂਠੇ ਮੁਕਾਬਲੇ ਵਿਚ ਮਾਰ ਦੇਣਾ ਹੈ। ਅਜੇ ਮੈਂ ਇਹ ਸਾਰਾ ਕੁਝ ਸੋਚ ਹੀ ਰਿਹਾ ਸੀ ਕਿ ਚੌਂਕੀ ਇੰਚਾਰਜ ਨੇ ਮੈਨੂੰ ਦੱਸਿਆ ਕਿ ਰੋਪੜ ਪੁਲਿਸ ਸਵੇਰੇ ਇਨ੍ਹਾਂ ਸਾਰੇ ਮੁਸ਼ਤਬਿਆਂ ਨੂੰ ਲੈਣ ਸੁਧਾਰ ਆ ਰਹੀ ਹੈ। ਇਹ ਗੱਲ ਸੁਣ ਕੇ ਮੇਰੇ ਤਾਂ ਖਾਨਿਓਂ ਗਈ। ਉਸ ਸਮੇਂ ਰੋਪੜ ਦੇ ਐਸ.ਪੀ. ਰਵੀਕੰਠ ਸ਼ਰਮਾ ਸਨ, ਜੋ ਇਕ ਬਹੁਤ ਹੀ ਖੂਨੀ ਕਿਸਮ ਦੇ ਮਨੁੱਖ ਸਨ ਅਤੇ ਨਕਸਲਬਾੜੀਆਂ ਨੂੰ ਬਹੁਤ ਬੇਰਹਿਮੀ ਨਾਲ ਮਾਰਦੇ ਸਨ। ਮੈਂ ਕਿਉਂ ਜੁ ਸ. ਐਸ.ਐਚ. ਸੇਖੋਂ ਦੀ ਪ੍ਰੇਰਨਾ ਸਦਕਾ ਨਕਸਲਬਾੜੀ ਲਹਿਰ ਪ੍ਰਤੀ ਹਮਦਰਦੀ ਰੱਖਦਾ ਸੀ, ਇਸ ਲਈ ਸੋਚਿਆ ਕਿ ਹਲਵਾਰਵੀ ਨੂੰ ਸਵੇਰੇ ਰੋਪੜ ਦੀ ਪੁਲਿਸ ਲੈ ਗਈ ਤਾਂ ਯਕੀਨਨ ਇਸ ਨੂੰ ਮਾਰ ਦਿੱਤਾ ਜਾਵੇਗਾ। ਮੈਂ ਇਕਦਮ ਚੌਂਕੀ ਇੰਚਾਰਜ ਨੂੰ ਹੁਕਮ ਦਿੱਤਾ ਕਿ ਫੋਰਨ ਇਨ੍ਹਾਂ ਸਾਰੇ ਮੁਸ਼ਤਬਿਆਂ (ਸਣੇ ਹਲਵਾਰਵੀ) ਦੀ ਗ੍ਰਿਫਤਾਰੀ ਰਿਪੋਰਟ ਰੋਜ਼ਾਨਾ ਰੋਜ਼ਨਾਮਚੇ ਵਿਚ ਲਿਖੇ। ਚੌਂਕੀ ਇੰਚਾਰਜ ਇਸ ਹੁਕਮ ਤੋਂ ਘਬਰਾ ਗਿਆ। ਮੌਕੇ ਦੀ ਨਜ਼ਾਕਤ ਦੇਖਦਿਆਂ ਮੈਂ ਆਪ ਬੈਠ ਕੇ ਮੁਨਸ਼ੀ ਨੂੰ ਰਿਪੋਰਟ ਲਿਖਵਾਉਣੀ ਸ਼ੁਰੂ ਕਰ ਦਿੱਤੀ। ਮੁਨਸ਼ੀ ਵਲੋਂ ਰਿਪੋਰਟ ਲਿਖੇ ਜਾਣ ਉਪਰੰਤ ਮੈਂ ਰੋਜ਼ਨਾਮਚੇ ਉਤੇ ਆਪਣੇ ਦਸਤਖਤ ਕੀਤੇ ਅਤੇ ਹਦਾਇਤ ਕੀਤੀ ਕਿ ਹਲਵਾਰਵੀ ਸਮੇਤ ਸਾਰੇ ਮੁਸ਼ਤਬਿਆਂ ਨੂੰ ਮੁੱਖ ਥਾਣਾ ਰਾਏਕੋਟ ਦੀ ਹਵਾਲਾਤ ਵਿਚ ਬੰਦ ਕੀਤਾ ਜਾਵੇ।
ਇਹ ਸਾਰੀ ਕਾਰਵਾਈ ਕਰਕੇ ਮੈਂ ਆਪਣੇ ਪੁਲਿਸ ਕਪਤਾਨ ਸ. ਐਚ.ਐਸ. ਸੇਖੋਂ ਨੂੰ ਟੈਲੀਫੋਨ ਉਤੇ ਸਾਰੀ ਗੱਲ ਦੱਸੀ। ਉਨ੍ਹਾਂ ਮੇਰੇ ਵਲੋਂ ਅਦਾ ਕੀਤੇ ਰੋਲ ਉਤੇ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਹੁਣ ਜਾ ਕੇ ਬੇਫਿਕਰ ਹੋ ਕੇ ਸੌਂ ਜਾਓ। ਦੋ-ਚਾਰ ਦਿਨ ਬੀਤਣ ਮਗਰੋਂ ਮੈਨੂੰ ਪਤਾ ਲੱਗਾ ਕਿ ਰਵੀਕੰਠ ਸ਼ਰਮਾ ਨੂੰ ਜਦੋਂ ਉਪਰੋਕਤ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਹ ਬੜਾ ਪਿੱਟਿਆ। ਉਸ ਨੇ ਵੇਲੇ ਦੇ ਆਈ.ਜੀ. ਕੰਵਰ ਸ਼ਮਸ਼ੇਰ ਸਿੰਘ ਨੂੰ ਰਿਪੋਰਟ ਕੀਤੀ ਕਿ ਲੁਧਿਆਣਾ ਪੁਲਿਸ ਨੇ ਫੜਿਆ ਸ਼ਿਕਾਰ ਉਡਾ ਦਿੱਤਾ ਹੈ। ਮੇਰੇ ਵਲੋਂ ਕੀਤੀ ਕਾਰਵਾਈ ਕਰਕੇ ਹੁਣ ਪੁਲਿਸ ਲਈ ਹਲਵਾਰਵੀ ਨੂੰ ਅਦਾਲਤ ਵਿਚ ਪੇਸ਼ ਕਰਨਾ ਜ਼ਰੂਰੀ ਹੋ ਗਿਆ ਸੀ।
ਇਸ ਮਗਰੋਂ ਮੈਨੂੰ ਐਸ.ਪੀ. ਦਾ ਹੁਕਮ ਆਇਆ ਕਿ ਮੈਂ ਹਲਵਾਰਵੀ ਦੇ ਘਰ ਦੀ ਤਲਾਸ਼ੀ ਲਵਾਂ। ਇਸ ਕੰਮ ਲਈ ਮੇਰੇ ਨਾਲ ਆਈ.ਬੀ. ਦੇ ਇਕ ਇੰਸਪੈਕਟਰ ਜਿਨ੍ਹਾਂ ਦਾ ਨਾਂ ਸ਼ਾਇਦ ਗੁਰਬਚਨ ਸਿੰਘ ਸੀ, ਦੀ ਡਿਊਟੀ ਵੀ ਲਾਈ ਗਈ। ਅਸੀਂ ਹਲਵਾਰਵੀ ਦੇ ਘਰ ਗਏ। ਉਸ ਦਾ ਘਰ ਬਹੁਤ ਹੀ ਸਧਾਰਨ ਸੀ। ਮੈਨੂੰ ਹਲਵਾਰਵੀ ਦੇ ਮਾਤਾ ਪਿਤਾ ਮਿਲੇ। ਦੋਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ। ਉਨ੍ਹਾਂ ਦੇ ਅੰਦਰਲਾ ਸਹਿਮ ਉਨ੍ਹਾਂ ਦੇ ਚਿਹਰਿਆਂ ਤੋਂ ਸਾਫ ਪੜ੍ਹਿਆ ਜਾ ਸਕਦਾ ਸੀ। ਮੈਂ ਉਨ੍ਹਾਂ ਨੂੰ ਹੌਂਸਲਾ ਰੱਖਣ ਲਈ ਕਿਹਾ ਅਤੇ ਤਲਾਸ਼ੀ ਦਾ ਕੰਮ ਸ਼ੁਰੂ ਕੀਤਾ। ਤਲਾਸ਼ੀ ਦੌਰਾਨ ਸਾਨੂੰ ਕਾਰਲ ਮਾਰਕਸ, ਏਂਗਲਸ, ਲੈਨਿਨ, ਮਾਓ-ਜੇ-ਤੁੰਗ, ਕਾਸਟਰੋ, ਚਿਗਵੇਰਾ ਅਤੇ ਹੋਰਨਾਂ ਖੱਬੇ ਪੱਖੀ ਵਿਚਾਰਧਾਰਾ ਦੇ ਲਿਖਾਰੀਆਂ ਅਤੇ ਆਗੂਆਂ ਦੀਆਂ ਕਿਤਾਬਾਂ ਮਿਲੀਆਂ। ਇਨ੍ਹਾਂ ਕਿਤਾਬਾਂ ਤੋਂ ਇਲਾਵਾ ਸਾਨੂੰ ਹੋਰ ਕੁਝ ਵੀ ਅਜਿਹਾ ਨਹੀਂ ਸੀ ਮਿਲਿਆ, ਜਿਸ ਨੂੰ ‘ਇਤਰਾਜ਼ਯੋਗ’ ਕਿਹਾ ਜਾ ਸਕੇ। ਮੈਂ ਆਪਣੇ ਨਾਲ ਗਏ ਇੰਸਪੈਕਟਰ ਆਈ.ਬੀ. ਨੂੰ ਦੱਸਿਆ ਕਿ ਇਹ ਸਾਰੀਆਂ ਕਿਤਾਬਾਂ ਤਾਂ ਮੈਂ ਵੀ ਪੁਲਿਟੀਕਲ ਸਾਇੰਸ ਵਿਚ ਪੜ੍ਹੀਆਂ ਹੋਈਆਂ ਹਨ ਅਤੇ ਇਨ੍ਹਾਂ ਵਿਚ ਕੁਝ ਵੀ ਇਤਰਾਜ਼ਯੋਗ ਨਹੀਂ ਅਤੇ ਇਨ੍ਹਾਂ ਕਿਤਾਬਾਂ ਉਤੇ ਤਾਂ ਕਿਸੇ ਤਰ੍ਹਾਂ ਦੀ ਪਾਬੰਦੀ ਵੀ ਨਹੀਂ ਲੱਗੀ ਹੋਈ। ਕੋਈ ਵੀ ਵਿਅਕਤੀ ਇਨ੍ਹਾਂ ਨੂੰ ਕਿਸੇ ਵੀ ਚੰਗੀ ਕਿਤਾਬਾਂ ਦੀ ਦੁਕਾਨ ਤੋਂ ਖਰੀਦ ਸਕਦਾ ਹੈ ਅਤੇ ਹਰ ਰਾਜਨੀਤਕ ਸਾਇੰਸ ਅਤੇ ਪੁਲਿਟੀਕਲ ਸੋਚ ਦਾ ਵਿਦਿਆਰਥੀ ਇਨ੍ਹਾਂ ਨੂੰ ਪੜ੍ਹਦਾ ਹੈ। ਇਹ ਕਿਤਾਬਾਂ ਅਦਾਲਤ ਵਿਚ ਕੀ ਸਿੱਧ ਕਰ ਸਕਣਗੀਆਂ? ਮੈਂ ਇਹ ਸਾਰਾ ਕੁਝ ਬਹੁਤ ਹੀ ਤੇਜ਼ੀ ਅਤੇ ਸਹਿਜ ਸੁਭਾਅ ਨਾਲ ਬੋਲ ਗਿਆ।
ਆਈ.ਬੀ. ਇੰਸਪੈਕਟਰ ਮੇਰੀ ਗੱਲ ਸੁਣ ਕੇ ਥੋੜ੍ਹਾ ਜਿਹਾ ਗੰਭੀਰ ਹੁੰਦਿਆਂ ਬੋਲੇ, ਤੁਸੀਂ ਇਹ ਗੱਲ ਮੇਰੇ ਸਾਹਮਣੇ ਤਾਂ ਕਹਿ ਦਿੱਤੀ ਹੈ ਪਰ ਅੱਗੋਂ ਕਦੀ ਇਸ ਤਰ੍ਹਾਂ ਦੀ ਗੱਲ ਕਿਸੇ ਸਾਹਮਣੇ ਨਾ ਕਰਿਓ। ਤੁਹਾਡੇ ਇਹੋ ਜਿਹੇ ਵਿਚਾਰ ਤੁਹਾਡੇ ਲਈ ਮੁਸ਼ਕਲ ਖੜ੍ਹੀ ਕਰ ਸਕਦੇ ਹਨ। ਭਾਵੇਂਕਿ ਤੁਸੀਂ ਠੀਕ ਆਖਦੇ ਹੋ ਪਰ ਕਿਉਂਕਿ ਨਕਸਲਬਾੜੀ ਲਹਿਰ ਬਹੁਤ ਜ਼ੋਰ ਫੜ ਚੁੱਕੀ ਹੈ, ਜੇ ਤੁਹਾਡੇ ਇਹੋ ਜਿਹੇ ਵਿਚਾਰਾਂ ਦੀ ਡਾਇਰੀ ਸੈਂਟਰ ਕੋਲ ਪਹੁੰਚ ਗਈ ਤਾਂ ਤੁਹਾਨੂੰ ਵੀ ਨਕਸਲਬਾੜੀ ਲਹਿਰ ਦਾ ਇਕ ਹਮਦਰਦ ਸਮਝਦਿਆਂ ਤੁਹਾਡੇ ਰਿਕਾਰਡ ਉਤੇ ਲਾਲ ਲਕੀਰ ਮਾਰ ਦਿੱਤੀ ਜਾਵੇਗੀ। ਇੰਸਪੈਕਟਰ ਸਾਹਿਬ ਦੀ ਇਹ ਗੱਲ ਸੁਣ ਕੇ ਮੈਂ ਚੁੱਪ ਕਰ ਗਿਆ ਅਤੇ ਗੱਲ ਅੱਗੇ ਨਹੀਂ ਸੀ ਵਧਾਈ। ਜੋ ਕੁਝ ਵੀ ਬਰਾਮਦ ਹੋਇਆ, ਉਸ ਨੂੰ ਅਸੀਂ ਬਾਅਦ ਵਿਚ ਪੁਲਿਸ ਦੇ ਰਿਕਾਰਡ ਵਿਚ ਅਤੇ ਜ਼ਿਮਨੀ ਵਿਚ ਦਰਜ ਕਰ ਲਿਆ। ਮੈਂ ਹਲਵਾਰਵੀ ਦੇ ਘਰੋਂ ਵਾਪਸ ਆਉਂਦਿਆਂ ਉਸ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਅਸੀਂ ਕਿਤਾਬਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਲੈ ਕੇ ਜਾ ਰਹੇ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਮੈਂ ਇਹ ਵੀ ਵਿਸ਼ਵਾਸ ਦੁਆਇਆ ਕਿ ਤੁਹਾਡੇ ਲੜਕੇ ਉਤੇ ਕਾਨੂੰਨ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ। ਮੇਰੇ ਵਲੋਂ ਬੋਲੇ ਇਨ੍ਹਾਂ ਹਮਦਰਦੀ ਵਾਲੇ ਸ਼ਬਦਾਂ ਨਾਲ ਉਨ੍ਹਾਂ ਦੀਆਂ ਅੱਖਾਂ ਵਿਚ ਤਸੱਲੀਨੁਮਾ ਚਮਕ ਆ ਗਈ।
ਨਕਸਲਬਾੜੀ ਲਹਿਰ ਦੇ ਦੌਰਾਨ ਹੀ ਮੈਨੂੰ ਤਰੱਕੀ ਮਿਲ ਗਈ ਅਤੇ ਮੇਰੀ ਬਦਲੀ ਪੀ.ਏ.ਪੀ. ਵਿਚ ਬਤੌਰ ਕਮਾਂਡੈਂਟ 9ਵੀਂ ਬਟਾਲੀਅਨ ਲੱਡਾ ਕੋਠੀ, ਜ਼ਿਲ੍ਹਾ ਸੰਗਰੂਰ ਹੋ ਗਈ। ਉਸ ਵੇਲੇ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਚੌਧਰੀ ਸੂਬੇ ਸਿੰਘ ਸਨ, ਜੋ ਕਿ ਬਾਅਦ ਵਿਚ ਡੀ.ਜੀ.ਪੀ. ਪੰਜਾਬ ਵਜੋਂ ਰਿਟਾਇਰ ਹੋਏ। ਇਕ ਦਿਨ ਰਾਤ ਸਮੇਂ ਮੈਨੂੰ ਉਨ੍ਹਾਂ ਦਾ ਇਕ ਇੰਸਪੈਕਟਰ ਮਿਲਣ ਆਇਆ ਅਤੇ ਉਸ ਨੇ ਦੱਸਿਆ ਕਿ ਲਾਗੇ ਦੇ ਇਕ ਪਿੰਡ ਨਕਸਲਬਾੜੀ ਲਹਿਰ ਦਾ ਇਕ ਭਗੌੜਾ ਭੋਲਾ, ਜਿਸ ਨੇ ਕਈ ਵਾਰਦਾਤਾਂ ਕੀਤੀਆਂ ਹਨ, ਲੁਕਿਆ ਹੋਇਆ ਹੈ। ਅਸੀਂ ਉਸਨੂੰ ਸਵੇਰੇ ਫੜਣ ਜਾਣਾ ਹੈ ਅਤੇ ਇਸ ਲਈ ਸਾਨੂੰ ਤੁਹਾਡੀ ਪੀ.ਏ.ਪੀ. ਦੀ ਇਮਦਾਦ ਚਾਹੀਦੀ ਹੈ। ਮੈਂ SSP ਸੂਬੇ ਸਿੰਘ ਦੇ ਇੰਸਪੈਕਟਰ ਨੂੰ ਭਰੋਸਾ ਦੇ ਕੇ ਭੇਜ ਦਿੱਤਾ। ਮੇਰੇ ਦਿਲ ਵਿਚ ਫਿਰ ਇਹੀ ਖਿਆਲ ਆਇਆ ਕਿ ਕਿਵੇਂ ਨਾ ਕਿਵੇਂ ਭੋਲੇ ਦੀ ਜਾਨ ਬਚਾਈ ਜਾਵੇ। ਮੈਂ ਰਾਤ ਨੂੰ ਹੀ ਆਪਣੇ ਪੀ.ਏ.ਪੀ. ਦੇ ਇੰਸਪੈਕਟਰ ਕੋਲੋਂ ਉਸ ਪਿੰਡ ਵਿਚ ਛਾਪਾ ਮਰਵਾਇਆ ਅਤੇ ਭੋਲੇ ਨੂੰ ਲਿਆ ਕੇ ਇਕ ਬੰਦ ਕਮਰੇ ਵਿਚ ਰੱਖ ਦਿੱਤਾ। ਅਗਲੇ ਦਿਨ ਸਵੇਰੇ ਪੀ.ਏ.ਪੀ. ਬਟਾਲੀਅਨ ਅਤੇ ਸੰਗਰੂਰ ਪੁਲਿਸ ਨੇ ਉਸੇ ਪਿੰਡ ਵਿਚ ਛਾਪਾ ਮਾਰਿਆ ਪਰ ਉਨ੍ਹਾਂ ਨੂੰ ਭੋਲਾ ਨਹੀਂ ਸੀ ਲੱਭਿਆ। ਉਸੇ ਦਿਨ ਸ਼ਾਮ ਨੂੰ ਮੈਂ ਭੋਲੇ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਆਪਣੇ ਪਿੰਡ ਕਿਲ੍ਹਾ ਸ. ਹਰਨਾਮ ਸਿੰਘ ਲੈ ਗਿਆ ਅਤੇ ਆਪਣੇ ਮੈਨੇਜਰ, ਜੋ ਕਿ ਸਾਡੀ ਸਾਰੀ ਖੇਤੀਬਾੜੀ ਦੀ ਦੇਖ ਭਾਲ ਕਰਦਾ ਸੀ, ਨੂੰ ਕਿਹਾ ਕਿ ਇਸ ਨੂੰ ਟਿਊਬਵੈੱਲ ‘ਤੇ ਰੱਖ ਕੇ ਇਹਦੇ ਕੋਲੋਂ ਕੰਮ-ਕਾਰ ਕਰਵਾਓ। ਮੈਂ ਭੋਲੇ ਨੂੰ ਵੀ ਸਮਝਾਇਆ ਕਿ ਇਧਰ-ਉਧਰ ਨਾ ਹੋਵੀਂ, ਨਹੀਂ ਤਾਂ ਤੈਨੂੰ SSPਸੂਬੇ ਸਿੰਘ ਨੇ ਮਰਵਾ ਦੇਣੈ। ਭੋਲੇ ਨੇ ਮੈਨੂੰ ਯਕੀਨ ਦਿਵਾਇਆ ਕਿ ਕੋਈ ਅਜਿਹੀ ਗੱਲ ਨਹੀਂ ਹੋਵੇਗੀ। ਕੁਝ ਦਿਨਾਂ ਮਗਰੋਂ ਹੀ ਮੇਰੇ ਬਾਪੂ ਜੀ ਨੂੰ ਸ਼ੱਕ ਹੋ ਗਿਆ ਸੀ ਕਿ ਸਾਡੇ ਫਾਰਮ ਉਤੇ ਇਕ ਨਕਸਲਬਾੜੀ ਰਹਿ ਰਿਹਾ ਹੈ। ਪਰ ਕਿਉਂਕਿ ਉਨ੍ਹਾਂ ਦੀ ਹਮਦਰਦੀ ਵੀ ਸ਼ੁਰੂ ਤੋਂ ਇਨਕਲਾਬੀਆਂ ਨਾਲ ਸੀ, ਉਨ੍ਹਾਂ ਇਸ ਸਬੰਧੀ ਮੇਰੇ ਨਾਲ ਕੋਈ ਗੱਲ ਨਾ ਕੀਤੀ। ਮੈਨੂੰ ਇਸ ਬਾਰੇ ਕਈ ਸਾਲਾਂ ਮਗਰੋਂ ਉਦੋਂ ਪਤਾ ਲੱਗਿਆ, ਜਦ ਉਨ੍ਹਾਂ ਇਕ ਦਿਨ ਮੈਨੂੰ ਕਿਸੇ ਗੱਲਬਾਤ ਦੌਰਾਨ ਕਿਹਾ, ਮੈਥੋਂ ਕੁਝ ਲੁਕਿਆ ਹੋਇਆ ਨਹੀਂ, ਮੈਂ ਸਭ ਜਾਣਦਾਂ, ਤੂੰ ਕੀ ਕੁਝ ਕਰਦਾ ਰਿਹਾ ਹੈ।
ਬਹੁਤ ਵਕਤ ਬੀਤ ਗਿਆ। ਮੈਂ ਭਾਗਲਪੁਰ ਜੇਲ੍ਹ ਵਿਚੋਂ ਹੀ 1989 ਵਿਚ ਤਰਨਤਾਰਨ ਤੋਂ ਐਮ.ਪੀ. ਚੁਣਿਆ ਗਿਆ। ਉਸ ਤੋਂ ਕਿੰਨਾ ਚਿਰ ਬਾਅਦ, 1960-70 ਅਤੇ 1989 ਤੋਂ ਬਾਅਦ ਸ. ਹਲਵਾਰਵੀ ਨਾਲ ਚੰਡੀਗੜ੍ਹ ‘ਪੰਜਾਬੀ ਟ੍ਰਿਬਿਊਨ’ ਦੇ ਦਫਤਰ ਵਿਚ ਮੁਲਾਕਾਤ ਹੋਈ, ਜਦੋਂ ਉਹ ਉਸ ਦੇ ਸੰਪਾਦਕ ਸਨ। ਹਲਵਾਰਵੀ ਸਾਹਿਬ ਮਿਲ ਕੇ ਬਹੁਤ ਖੁਸ਼ ਹੋਏ। ਬਹੁਤ ਸਾਰੀਆਂ ਗੱਲਾਂ ਹੋਈਆਂ। ਮੈਂ ਮਹਿਸੂਸ ਕੀਤਾ ਕਿ ਭਾਵੇਂ ਉਨ੍ਹਾਂ ਦੀ ਸੋਚ ਤਬਦੀਲ ਹੋ ਚੁੱਕੀ ਸੀ ਪਰ ਪੁਰਾਣੇ ਇਨਕਲਾਬੀ ਖਿਆਲਾਤ ਅਤੇ ਗਦਰੀ ਸੋਚ ਅਜੇ ਵੀ ਉਹ ਆਪਣੇ ਹਿਰਦੇ ਵਿਚ ਰੱਖਦੇ ਸਨ। ਗੱਲਬਾਤ ਦੌਰਾਨ ਹਲਵਾਰਵੀ ਹੁਰਾਂ ਦੱਸਿਆ ਕਿ ਭਾਵੇਂ ਉਹ ਆਰੀਆ-ਸਮਾਜੀਆਂ ਵਲੋਂ ਚਲਾਏ ਜਾ ਰਹੇ ਇਕ ਅਖਬਾਰ ਦੇ ਸੰਪਾਦਕ ਹਨ ਪਰ ਉਨ੍ਹਾਂ ਆਪਣੇ ਮਾਲਕਾਂ ਨੂੰ ਸਾਫ ਕਹਿ ਦਿੱਤਾ ਸੀ ਕਿ ਪੰਜਾਬ ਵਿਚ ਉਹੋ ਅਖਬਾਰ ਕਾਮਯਾਬ ਹੋ ਸਕਦਾ ਹੈ, ਜਿਹੜਾ ਸਿੱਖਾਂ ਦੀ ਗੱਲ ਕਰੇ ਅਤੇ ਸਿੱਖ ਹਿਤਾਂ ਅਤੇ ਸਿੱਖ ਮਸਲਿਆਂ ਦੀ ਗੱਲ ਕਰੇ। ਸ. ਹਲਵਾਰਵੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਆਪਣੇ ਮਾਲਕਾਂ ਨੂੰ ਇਹ ਵੀ ਕਿਹਾ ਹੈ ਕਿ ਸਿੱਖ ਵੱਖਰੀ ਕੌਮ ਹਨ, ਇਨ੍ਹਾਂ ਦਾ ਇਤਿਹਾਸ ਅਤੇ ਰਸਮੋ ਰਿਵਾਜ ਵੱਖਰੇ ਹਨ ਅਤੇ ਜੇ ਇਨ੍ਹਾਂ ਨੂੰ ਮੁੱਖ ਧਾਰਾ ਵਿਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਬਤੌਰ ਸੰਪਾਦਕ ਕੰਮ ਕਰਨਾ ਕੋਈ ਮਾਇਨੇ ਨਹੀਂ ਰੱਖੇਗਾ ਅਤੇ ਅਖਬਾਰ ਫੇਲ੍ਹ ਹੋ ਜਾਵੇਗਾ। ਹਲਵਾਰਵੀ ਦੀਆਂ ਸਾਫ ਤੇ ਸਪੱਸ਼ਟ ਗੱਲਾਂ ਸੁਣ ਕੇ ‘ਟ੍ਰਿਬਿਊਨ’ ਦੇ ਮਾਲਕਾਂ ਨੇ ਫਰਾਖਦਿਲੀ ਦਿਖਾਉਂਦਿਆਂ ਭਰੋਸਾ ਦਿੱਤਾ ਕਿ ਤੁਹਾਡੀ ਕਲਮ ਦੀ ਆਜ਼ਾਦੀ ਵਿਚ ਕੋਈ ਵਿਘਨ ਨਹੀਂ ਪਵੇਗਾ ਅਤੇ ਤੁਸੀਂ ਪੂਰੀ ਆਜ਼ਾਦੀ ਨਾਲ ਅਖਬਾਰ ਨੂੰ ਚਲਾ ਸਕਦੇ ਹੋ। ਬਿਨਾਂ ਸ਼ੱਕ ‘ਟ੍ਰਿਬਿਊਨ’ ਦੀ ਐਡੀਟਰਸ਼ਿਪ ਮਿਲਣਾ ਹਲਵਾਰਵੀ ਦੀ ਇਕ ਬਹੁਤ ਵੱਡੀ ਪ੍ਰਾਪਤੀ ਸੀ ਅਤੇ ਜਿੰਨੀ ਜੁਅਰਤ ਤੇ ਹਿੰਮਤ ਨਾਲ ਉਸ ਨੇ ਟ੍ਰਿਬਿਊਨ ਦੇ ਮਾਲਕਾਂ ਨੂੰ ਸਿੱਖਾਂ ਅਤੇ ਸਿੱਖੀ ਬਾਰੇ ਸੱਚੋ-ਸੱਚ ਦੱਸਿਆ, ਇਹ ਦਲੇਰੀ ਵੀ ਸਿਰਫ ਹਲਵਾਰਵੀ ਹੀ ਕਰ ਸਕਦਾ ਸੀ ਅਤੇ ਫਿਰ ਉਸ ਨੇ ਆਪਣੇ ਆਪ ਨੂੰ ਸਾਬਤ ਵੀ ਕੀਤਾ।
ਸਮਾਂ ਆਪਣੀ ਤੋਰ ਤੁਰਦਾ ਗਿਆ। ਹਲਵਾਰਵੀ ਸਾਹਿਬ ਨਾਲ ਮੇਰੇ ਸਬੰਧ ਹਮੇਸ਼ਾ ਬੜੇ ਮਿੱਠੇ ਰਹੇ। ਉਨ੍ਹਾਂ ਨਾਲ ਫਿਰ ਮੇਰੀ ਅਗਲੀ ਮੁਲਾਕਾਤ ਉਨ੍ਹਾਂ ਦੀ ਧਰਮ ਪਤਨੀ ਦੇ ਸਵਰਗਵਾਸ ਹੋਣ ਉਤੇ ਹੋਈ। ਫਿਰ ਉਹ ‘ਅੱਜ ਦੀ ਆਵਾਜ਼’ ਦੇ ਸੰਪਾਦਕ ਬਣੇ ਅਤੇ ਗੁੰਮਨਾਮੀ ਦੇ ਖੂਹ ਵਿਚ ਡੁੱਬੇ ਇਸ ਅਖਬਾਰ ਵਿਚ ਰੂਹ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਫਿਰ ਉਹ ‘ਪੰਜਾਬੀ ਟ੍ਰਿਬਿਊਨ’ ਅਤੇ ਮਗਰੋਂ ‘ਦੇਸ਼ ਸੇਵਕ’ ਦੇ ਸੰਪਾਦਕ ਵੀ ਬਣੇ। ਇਸ ਸਾਰੇ ਸਮੇਂ ਦੌਰਾਨ ਮੇਰੀ ਉਨ੍ਹਾਂ ਨਾਲ ਗੂੜ੍ਹੀ ਸਾਂਝ ਬਣੀ ਰਹੀ। ਰੋਜ਼ਾਨਾ ‘ਦੇਸ਼ ਸੇਵਕ’ ਅਖਬਾਰ, ਜੋ ਹਰਕਿਸ਼ਨ ਸਿੰਘ ਸੁਰਜੀਤ ਦਾ ਅਖਬਾਰ ਹੈ ਅਤੇ ਖੱਬੇ ਪੱਖੀ ਵਿਚਾਰਧਾਰਾ ਦੀ ਤਰਜ਼ਮਾਨੀ ਕਰਦਾ ਹੈ, ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਉਨ੍ਹਾਂ ਵਿਸ਼ੇਸ਼ ਯੋਗਦਾਨ ਪਾਇਆ।
ਇਥੇ ਮੈਂ ਹਾਲ ਹੀ ਵਿਚ ਖਤਮ ਹੋਏ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਸੋਨੀਆ ਗਾਂਧੀ ਦੀ ਇਕ ਟਿੱਪਣੀ ਦੱਸਣਾ ਚਾਹਾਂਗਾ। ਸ੍ਰੀਮਤੀ ਗਾਂਧੀ ਨੇ ਪਾਰਲੀਮੈਂਟ ਵਿਚ ਆਪਣੀ ਇਕ ਤਕਰੀਰ ਦੌਰਾਨ ਕਿਹਾ ਕਿ ਹਿੰਦੁਸਤਾਨ ਦੀ ਮੌਜੂਦਾ ਨਕਸਲਬਾੜੀ ਲਹਿਰ ਇੰਟਰਨੈਸ਼ਨਲ ਸਾਜਿਸ਼ ਦਾ ਇਕ ਹਿੱਸਾ ਹੈ। ਇਹ ਸੁਣਦਿਆਂ ਹੀ ਮੇਰੇ ਜ਼ਿਹਨ ਵਿਚ ਇਕਦਮ ਨਕਸਲਬਾੜੀ ਲਹਿਰ ਦੀਆਂ ਯਾਦਾਂ, ਹਰਭਜਨ ਸਿੰਘ ਹਲਵਾਰਵੀ ਅਤੇ ਭੋਲੇ ਦੇ ਚਿਹਰੇ ਘੁੰਮਣ ਲੱਗੇ। ਮੈਨੂੰ ਇਸ ਬਹਿਸ ਦੌਰਾਨ ਬੋਲਣ ਲਈ ਸਿਰਫ 3 ਮਿੰਟ ਮਿਲੇ। ਮੈਂ ਆਪਣੀ ਤਕਰੀਰ ਕਰਦਿਆਂ ਸ੍ਰੀਮਤੀ ਸੋਨੀਆ ਗਾਂਧੀ ਦੀ ਗੱਲ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਤੇ ਕਿਹਾ ਕਿ ਨਕਸਲਬਾੜੀ ਲਹਿਰ ਦੇ ਪਿਛੇ ਕੋਈ ਇੰਟਰਨੈਸ਼ਨਲ ਸਾਜਿਸ਼ ਨਹੀਂ। ਇਸ ਨੂੰ ਮੈਂ ਇਕ ਅਤਿ ਅਫਸੋਸ ਵਾਲੀ ਗੱਲ ਹੀ ਆਖਾਂਗਾ ਕਿ ਨਾ ਤਾਂ ਸੀ.ਪੀ.ਐਮ. ਅਤੇ ਨਾ ਹੀ ਸੀ.ਪੀ.ਆਈ. ਦੇ ਕਿਸੇ ਮੈਂਬਰ ਨੇ ਸੋਨੀਆ ਗਾਂਧੀ ਦੀ ਗੱਲ ਦਾ ਖੰਡਨ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਚੈਲੰਜ ਕੀਤਾ, ਜੋ ਕਿ ਉਨ੍ਹਾਂ ਦਾ ਫਰਜ਼ ਬਣਦਾ ਸੀ।
ਅੱਜ ਸਰਦਾਰ ਹਰਭਜਨ ਸਿੰਘ ਹਲਵਾਰਵੀ ਨੂੰ ਯਾਦ ਕਰਦਿਆਂ ਮੈਂ ਸੋਚਦਾ ਹਾਂ ਕਿ ਪਤਾ ਨਹੀਂ ਕੀ ਗੱਲ ਹੈ ਕਿ ਜਦੋਂ ਨਕਸਲਬਾੜੀ ਲਹਿਰ ਅਤੇ ਖਾੜਕੂ ਲਹਿਰ ਆਪਣੇ ਪੂਰੇ ਜੋਬਨ ਵਿਚ ਸਨ ਤਾਂ ਹੋਰਨਾਂ ਸਿਆਸਤਦਾਨਾਂ ਅਤੇ ਅਫਸਰਾਂ ਵਾਂਗ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਰਕਾਰ ਤੋਂ ਸਕਿਊਰਿਟੀ ਲੈਣ ਦੀ ਲੋੜ ਨਹੀਂ ਸੀ ਪਈ। ਸੱਚੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਇਨਕਲਾਬੀਆਂ ਨੇ ਹਮੇਸ਼ਾ ਸਾਡੀ ਰੱਖਿਆ ਹੀ ਕੀਤੀ ਹੈ ਅਤੇ ਜੇ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕਦੇ ਕੋਈ ਡਰ ਹੋਇਐ ਤਾਂ ਇਨ੍ਹਾਂ ਜੁਝਾਰੂਆਂ ਤੋਂ ਨਹੀਂ, ਸਗੋਂ ਹਿੰਦੁਸਤਾਨੀ ਸਰਕਾਰਾਂ ਦੀ ਹਿੰਦੂਤਵ ਵਾਲੀ ਸੋਚ ਤੋਂ ਹੋਇਐ

 

Real Estate