ਦਿੱਲੀ ਸਿੱਖ ਗੁਰਦੁਆਰਾ ਚੋਣਾਂ: ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਲੜਨ ਦੀ ਇਜਾਜ਼ਤ, ਬਾਲਟੀ ਚੋਣ ਨਿਸ਼ਾਨ ਅਲਾਟ

64

ਨਵੀਂ ਦਿੱਲੀ, 31 ਮਾਰਚ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਸ਼ੋ੍ਮਣੀ ਅਕਾਲੀ ਦਲ ਨੂੰ ਬਾਲਟੀ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਚੋਣ ਡਾਇਰਟੋਰੇਟ ਨੇ 25 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ’ਚ ਅਕਾਲੀ ਦਲ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਸੀ, ਜਦੋਂਕਿ ਛੇ ਹੋਰ ਪਾਰਟੀਆਂ ਨੂੰ ਚੋਣ ਲੜਨ ਦੇ ਯੋਗ ਦੱਸਿਆ ਗਿਆ ਸੀ। ਆਖਿਆ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸਫ਼ਾਂ ਨਾਲ ਜੁੜਿਆ ਮਸਲਾ ਮੀਡੀਆ ’ਤੇ ਭਖਣ ਕਰਕੇ ਦਿੱਲੀ ਸਰਕਾਰ ਨੂੰ ਬੈਕਫੁੱਟ ’ਤੇ ਆਉਣਾ ਪਿਆ। ਚੋਣ ਨਿਸ਼ਾਨ ਅਲਾਟ ਨਾ ਹੋਣ ’ਤੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਮਿਸ਼ਨ ਵੱਲੋਂ ਪਾਰਟੀ ਨੂੰ ਚੋਣ ਨਿਸ਼ਾਨ ਨਾ ਅਲਾਟ ਕਰਨ ਕਰਕੇ 3 ਅਪਰੈਲ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਬੁਲਾ ਲਈ ਸੀ। ਇਸ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਗਈ ਸੀ ਉਨ੍ਹਾਂ ਵਿੱਚ ਪੰਥਕ ਸੇਵਾ ਦਲ, ਆਮ ਅਕਾਲੀ ਦਲ, ਜਾਗੋ ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ), ਪੰਥਕ ਅਕਾਲੀ ਲਹਿਰ, ਸਿੱਖ ਸਦਭਾਵਨਾ ਦਲ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸ਼ਾਮਲ ਸਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀਆਂ ਚੋਣਾਂ 25 ਅਪਰੈਲ ਨੂੰ ਹੋਣਗੀਆਂ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਉਮੀਦਵਾਰ 7 ਅਪਰੈਲ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 8 ਅਪਰੈਲ ਨੂੰ ਕੀਤੀ ਜਾਏਗੀ ਅਤੇ ਉਮੀਦਵਾਰਾਂ ਲਈ ਨਾਂ ਵਾਪਸੀ ਦੀ ਆਖਰੀ ਤਰੀਕ 10 ਅਪਰੈਲ ਹੈ। ਵੋਟਾਂ ਦੀ ਗਿਣਤੀ 28 ਅਪਰੈਲ ਨੂੰ ਕੀਤੀ ਜਾਏਗੀ।

Real Estate