ਧੀ ਨੇ ਪਿਓ ਨੂੰ ਡਿਨਰ ਕਰਵਾਇਆ, ਸ਼ਰਾਬ ਪਿਆਈ ਤੇ ਫੇਰ ਅੱਗ ਲਗਾ ਕੇ ਸਾੜ ਦਿੱਤਾ

222

ਕੋਲਕਾਤਾ, 23 ਮਾਰਚ

ਕੋਲਕਾਤਾ ਵਿਚ 22 ਸਾਲਾ ਔਰਤ ਆਪਣੇ ਪਿਤਾ ਨੂੰ ਰਾਤ ਦੇ ਖਾਣੇ ਲਈ ਬਾਹਰ ਲੈ ਕੇ ਗਈ ਤੇ ਜਦੋਂ ਉਸ ਦਾ ਪਿਤਾ ਸ਼ਰਾਬ ਪੀ ਕੇ ਬੇਹੋਸ਼ ਹੋ ਗਿਆ ਤਾਂ ਧੀ ਨੇ ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ। ਪੁਲੀਸ ਮੁਤਾਬਕ ਔਰਤ ਐਤਵਾਰ ਰਾਤ ਆਪਣੇ ਪਿਤਾ ਨਾਲ ਰੈਸਟੋਰੈਂਟ ਵਿੱਚ ਖਾਣੇ ਤੇ ਗਈ ਸੀ ਅਤੇ ਪਿਤਾ ਨੂੰ ਚੰਗੀ ਤਰ੍ਹਾਂ ਸ਼ਰਾਬ ਪਿਲਾਈ। ਫਿਰ ਉਹ ਦੋਵੇਂ ਸੈਰ ਕਰਨ ਲਈ ਨਿਕਲ ਗਏ। ਦੋਵੇਂ ਹੁਗਲੀ ਨਦੀ ਕੰਢੇ ਜਦੋਂ ਬੈਠੇ ਸਨ ਤਾਂ 56 ਸਾਲਾ ਪਿਤਾ ਜਦੋਂ ਸੌਂ ਗਿਆ ਤਾਂ ਔਰਤ ਨੇ ਫਿਰ ਉਸ ਉੱਤੇ ਮਿੱਟੀ ਦਾ ਤੇਲ ਪਾ ਦਿੱਤਾ ਅਤੇ ਕਥਿਤ ਤੌਰ ’ਤੇ ਉਸ ਨੂੰ ਅੱਗ ਲਾ ਦਿੱਤੀ। ਪੁਲੀਸ ਨੇ ਦਾਅਵਾ ਕੀਤਾ ਕਿ ਇਹ ਸਾਰੀ ਘਟਨਾ ਸੀਸੀਟੀਵੀ ’ਤੇ ਰਿਕਾਰਡ ਹੋ ਗਈ। ਔਰਤ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ। ਔਰਤ ਨੂੰ ਉਸ ਦੇ ਰਿਸ਼ਤੇਦਾਰ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ। ਪੁੱਛ ਪੜਤਾਲ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਬਚਪਨ ਵਿੱਚ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਦਾ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਭਾਵਨਾਤਮਕ ਤੌਰ ’ਤੇ ਤਸ਼ੱਦਦ ਵੀ ਕੀਤਾ। ਵਿਆਹ ਤੋਂ ਬਾਅਦ ਇਹ ਰੁਕ ਗਿਆ ਪਰ ਜਦੋਂ ਉਸ ਦਾ ਵਿਆਹ ਟੁੱਟ ਗਿਆ ਅਤੇ ਉਹ ਘਰ ਵਾਪਸ ਆਈ ਤਾਂ ਪਿਓ ਪੁਰਾਣੀਆਂ ਹਰਕਤਾਂ ’ਤੇ ਆ ਗਿਆ। ਅਦਾਲਤ ਨੇ ਔਰਤ ਨੂੰ 29 ਮਾਰਚ ਤੱਕ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ।

Real Estate