ਗੁਪਤ ਅੰਗ ’ਚ ਨਸ਼ੇ ਦਾ ਟੀਕਾ ਲਾਉਣ ਨਾਲ 19 ਸਾਲਾ ਮੁੰਡੇ ਦੀ ਮੌਤ

169

ਧੂਰੀ  : ਭਾਵੇਂ ਕੈਪਟਨ ਸਰਕਾਰ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਪੰਜਾਬ ਪੁਲਸ ਨੂੰ ਸਵਾਲਾਂ ਦੇ ਘੇਰੇ ’ਚ ਲਿਆ ਖੜ੍ਹਾ ਕਰਦੀ। ਇਸ ਦੀ ਮਿਸਾਲ ਦੁਖਦਾਈ ਖ਼ਬਰ ਦੇ ਨਾਂ ਨਾਲ ਧੂਰੀ ਦੇ ਸਿਵਲ ਹਸਪਤਾਲ ’ਚ ਦੇਖਣ ਨੂੰ ਮਿਲੀ। ਜਿੱਥੇ ਰਾਜ ਕਰਨ ਸਿੰਘ ਉਰਫ਼ ਰਾਜਾਂ ਉਮਰ ਕਰੀਬ 19 ਸਾਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਦੁੱਗਾ ਨੇੜੇ ਸੰਗਰੂਰ ਦੀ ਲਾਸ਼ ਸਿਵਲ ਹਸਪਤਾਲ ਦੇ ਪਖਾਨੇ ’ਚੋਂ ਮਿਲੀ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੇ ਆਪਣੇ ਗੁਪਤ ਅੰਗ ’ਚ ਨਸ਼ੇ ਦਾ ਟੀਕਾ ਲਗਾਉਣ ਸਮੇਂ ਓਵਰ ਡੋਜ਼ ਨਾਲ ਮੌਤ ਹੋ ਗਈ, ਜਿਸਨੂੰ ਲੋਕਾਂ ਦੀ ਮੱਦਦ ਨਾਲ ਪਖਾਨੇ ’ਚੋਂ ਬਾਹਰ ਕੱਢਿਆ ਗਿਆ। ਗੱਲਬਾਤ ਕਰਦੇ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਸਾਨੂੰ ਨਹੀਂ ਸੀ ਪਤਾ ਕਿ ਰਾਜ ਕਰਨ ਕਿਸੇ ਪ੍ਰਕਾਰ ਦਾ ਨਸ਼ਾ ਕਰਦਾ ਹੈ ਜੋ ਕਿ ਆਪਣੇ ਕਿਸੇ ਦੋਸਤ ਨਾਲ ਕੁੰਨਰਾ ਪਿੰਡ ਵਿੱਖੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਕੱਲ ਰਾਤ ਦਾ ਘਰ ਤੋਂ ਆਇਆ ਸੀ। ਉਹ ਧੂਰੀ ਕਿਵੇਂ ਪੁੱਜਾ ਇਸ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਅੱਜ ਸਵੇਰੇ ਗੱਲਬਾਤ ਹੋਈ ਸੀ ਅਤੇ ਉਸ ਸਮੇਂ ਸਭ ਠੀਕ ਸੀ ਪਰ ਹਸਪਤਾਲ ’ਚੋਂ ਗਏ ਫੋਨ ਨੇ ਤਾਂ ਮੇਰਾ ਘਰ ਹੀ ਉਜਾੜ ਦਿੱਤਾ।

ਸੁਖਵਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਨੂੰ ਲਾਹਨਤਾਂ ਪਾਈਆਂ ਅਤੇ ਮੰਗ ਕੀਤੀ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਰਾਜ ਕਰਨ ਆਪਣੇ ਘਰ ਦਾ ਇਕਲੌਤਾ ਪੁੱਤਰ ਸੀ ਜੋ ਨਸ਼ੇ ਦੀ ਭੇਟ ਚੜ੍ਹ ਗਿਆ। ਦੂਜੇ ਪਾਸੇ ਪੁਲਸ ਘਟਨਾ ਦੀ ਜਾਂਚ ’ਚ ਜੁੱਟ ਗਈ ਹੈ।

Real Estate