ਏਅਰਫੋਰਸ ਵਨ ‘ਤੇ ਚੜ੍ਹਦੇ ਹੋਏ ਕਈ ਵਾਰ ਡਿੱਗੇ ਬਾਇਡਨ

287

ਵਾਸ਼ਿੰਗਟਨ : ਕੀ ਅਮਰੀਕੀ ਰਾਸ਼ਟਰਪਤੀ ਪੂਰੀ ਤਰ੍ਹਾਂ ਫਿਟ ਹਨ। ਇਹ ਸਵਾਲ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸ਼ੁੱਕਰਵਾਰ ਨੂੁੰ ਏਅਰਫੋਰਸ ਵਨ ਜਹਾਜ਼ ‘ਤੇ ਚੜ੍ਹਨ ਦੌਰਾਨ ਤਿੰਨ ਵਾਰ ਡਿੱਗ ਗਏ। ਹਾਲਾਂਕਿ ਬਾਅਦ ‘ਚ ਉਹ ਖ਼ੁਦ ਨੂੰ ਸੰਭਾਲਦੇ ਹੋਏ ਜਹਾਜ਼ ‘ਚ ਪਹੁੰਚੇ ਤੇ ਮੰਜ਼ਿਲ ਲਈ ਰਵਾਨਾ ਹੋਏ। ਗਨੀਮਤ ਰਹੀ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਉਧਰ, ਵ੍ਹਾਈਟ ਹਾਊਸ ਨੇ ਇਸ ਲਈ ਤੇਜ਼ ਹਵਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਸ਼ਟਰਪਤੀ ਬਾਇਡਨ ਇਸ ਅਹੁਦੇ ‘ਤੇ ਪਹੁੰਚਣ ਵਾਲੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਹਨ।

ਦਰਅਸਲ, ਬਾਇਡਨ ਸ਼ੁੱਕਰਵਾਰ ਨੂੰ ਐਟਲਾਂਟਾ ਦੇ ਦੌਰੇ ‘ਤੇ ਜਾ ਰਹੇ ਸਨ, ਜਿੱਥੇ ਉਨ੍ਹਾਂ ਨੇ ਏਸ਼ਿਆਈ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਨਾਲ ਮੁਲਾਕਾਤ ਕਰਨੀ ਸੀ। ਐਟਲਾਂਟਾ ਰਵਾਨਾ ਹੋਣ ਲਈ ਜਦੋਂ ਉਹ ਏਅਰਫੋਰਸ-ਵਨ ਦੇ ਜਹਾਜ਼ ‘ਚ ਸਵਾਰ ਹੋਣ ਲਈ ਪੌੜੀਆਂ ਚੜ੍ਹਨ ਲੱਗੇ ਤਾਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਤੇ ਉਹ ਪੌੜੀਆਂ ‘ਤੇ ਹੀ ਲੜਖੜਾ ਗਏ। ਬਾਇਡਨ ਦੇ ਨਾਲ ਇਹ ਘਟਨਾ ਇਕ ਵਾਰ ਨਹੀਂ ਬਲਕਿ ਤਿੰਨ ਵਾਰ ਹੋਈ। ਡਿੱਗਣ ਤੋਂ ਬਾਅਦ ਉਹ ਦੋ ਵਾਰ ਹੱਥ ਦੇ ਸਹਾਰੇ ਉੱਠੇ ਪਰ ਤੀਸਰੀ ਵਾਰ ਗੋਡਿਆਂ ਦੇ ਭਾਰ ਡਿੱਗ ਪਏ। ਇਸ ਤੋਂ ਬਾਅਦ ਰਾਸ਼ਟਰਪਤੀ ਪੌੜੀਆਂ ਨਾਲ ਲੱਗੀ ਰੇਲਿੰਗ ਨੂੰ ਫੜ ਕੇ ਕਿਸੇ ਤਰ੍ਹਾਂ ਉਪਰ ਪੁੱਜੇ ਤੇ ਜਹਾਜ਼ ‘ਚ ਬੈਠ ਕੇ ਰਵਾਨਾ ਹੋ ਗਏ। ਵ੍ਹਾਈਟ ਹਾਊਸ ਦੀ ਪ੍ਰਰੈੱਸ ਸੈਕਟਰੀ ਕੈਰਿਨ ਜੀਨ-ਪਿਅਰੇ ਨੇ ਮੀਡੀਆ ਨੂੰ ਦੱਸਿਆ ਕਿ ਰਾਸ਼ਟਰਪਤੀ ਸੌ ਫ਼ੀਸਦੀ ਸਿਹਤਮੰਦ ਹਨ। ਉਨ੍ਹਾਂ ਕਿਹਾ ਕਿ ਪੌੜੀਆਂ ਚੜ੍ਹਦੇ ਸਮੇਂ ਹਵਾ ਦਾ ਵਹਾਅ ਕਾਫੀ ਤੇਜ਼ ਸੀ। ਸ਼ਾਇਦ ਇਸ ਲਈ 78 ਸਾਲਾ ਬਾਇਡਨ ਦੇ ਕਦਮ ਲੜਖੜਾ ਗਏ ਤੇ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਪਿਅਰੇ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ‘ਚ ਆਪਣੇ ਕੁੱਤੇ ਮੇਜਰ ਨਾਲ ਖੇਡਦੇ ਹੋਏ ਬਾਇਡਨ ਦਾ ਇਕ ਪੈਰ ਟੁੱਟ ਗਿਆ ਸੀ। ਚੋਣ ਪ੍ਰਚਾਰ ਦੌਰਾਨ ਬਾਇਡਨ ਦੀ ਮੈਡੀਕਲ ਹਿਸਟਰੀ ਜਾਰੀ ਕੀਤੀ ਗਈ ਸੀ ਜਿਸ ‘ਚ ਇਹ ਦੱਸਿਆ ਗਿਆ ਸੀ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੈ।

Real Estate