ਇਹ ਬੰਦਾ ਕਿਤੇ ਦੇਖਿਆ ਲਗਦਾ….

275
ਕੁਲਦੀਪ ਸਿੰਘ ਦੀਪ (ਡਾ.)
9876820600

ਇਹ ਬੰਦਾ ਕਿਤੇ ਦੇਖਿਆ ਲਗਦਾ….

ਅਚਾਨਕ ਹੀ ਜਦ ਕਿਸੇ ਨੇ ਮੈਨੂੰ ਕਿਹਾ ਤਾਂ ਮੈਂ ਵੀ ਅਚਨਚੇਤ ਹੀ ਕਿਹਾ:
ਇਹ ਬੰਦਾ ਦੇਖਣ ਦੇ ਨਾਲ ਸੁਣਨ, ਪੜ੍ਹਨ ਤੇ ਮਾਣਨ ਵਾਲੀ ਚੀਜ਼ ਵੀ ਹੈ..ਕਦੇ ਪੜ੍ਹਨਾ ਵੀ, ਸੁਣਨਾ ਵੀ ਤੇ ਮਾਣਨਾ ਵੀ…
ਸਚਮੁਚ ਸਤਪਾਲ ਭੀਖੀ ਦੀਆਂ ਗੰਢੇ ਵਾਂਗੂ ਬਹੁਤ ਸਾਰੀਆਂ ਪਰਤਾਂ ਨੇ…
ਉਹ ਜਦ ਨਿਹਾਲ ਹੁੰਦਾ ਤਾਂ ਆਪਾ ਵਾਰਨ ਤੱਕ ਜਾਂਦਾ ਹੈ..
ਜਦ ਤੜਿੰਗ ਹੁੰਦਾ ਹੈ ਤਾਂ ਉਂਗਲ ਤੇ ਉਂਗਲ ਚਾੜ੍ਹ ਲੈਂਦਾ ਹੈ…ਫਿਰ ਬਸ ਤੂੰ ਕੌਣ ਤੇ ਮੈਂ ਕੌਣ..ਬੁਰੇ ਦੇ ਬਾਰ ਤੱਕ ਜਾਂਦਾ ਹੈ…ਖਾਸ ਤੌਰ ਤੇ ਸ਼ਾਮ ਨੂੰ ਅੱਠ ਕੁ ਵਜੇ ਤੋਂ ਬਾਅਦ ਉਸ ਨਾਲ ਲੜਾਈ ਬਹੁਤ ‘ਮਹਿੰਗੀ’ ਪੈਂਦੀ ਹੈ…ਇਸ ਵੇਲੇ ਉਸ ਦੀ ਦਲੀਲ ਸਭ ਤੋਂ ਤਿੱਖੀ ਹੁੰਦੀ ਹੈ।
ਸ਼ਬਦਾਂ ਨਾਲ ਖੇਡਣਾ ਉਸ ਦੀ ਪ੍ਰਾਪਤੀ ਹੈ, ਸ਼ਰਾਬ ਉਸ ਦੀ ਕਮਜ਼ੋਰੀ ਹੈ ਤੇ ਹਮਸਫ਼ਰ ਦੇ ਰੂਪ ਵਿਚ ਨਰਿੰਦਰ ਉਸ ਲਈ ਅੱਲਾ ਦੀਨ ਦਾ ਚਿਰਾਗ਼ ਹੈ, ਜੋ ਉਸ ਲਈ ਕੁਝ ਵੀ ‘ਹਰਾ’ ਕਰ ਸਕਦੀ ਹੈ…ਦੁਖ ਦੇ ਵਿਚ ਵੀ ਤੇ ਸੁੱਖ ਦੇ ਵਿਚ ਵੀ…ਸਤਪਾਲ ਇਸ ਨੂੰ ਇਕਬਾਲ ਵੀ ਕਰਦਾ ਹੈ (ਕਾਰਨ ਭਾਵੇਂ ਕੋਈ ਵੀ ਹੋਵੇ)
ਸਤਪਾਲ ਮਿੱਤਰਾਂ ਦਾ ਸ਼ੁਦਾਈ ਹੈ ਤੇ ਮਿਤਰ ਵੀ ਉਸ ਦੇ ਸ਼ੁਦਾਈ ਹਨ..ਪੈਸਿਆਂ ਪੱਖੋਂ ਸੁੱਖ ਨਾਲ ਉਸ ਦਾ ਅਕਸਰ ਹੱਥ ਤੰਗ ਰਹਿੰਦਾ ਹੈ…ਪਰ ‘ਜੁਆਲਾ’ ਤਾਂ ਨੰਗ ਹੁੰਦੇ ਹੋਏ ਵੀ ਸ਼ਾਹ ਹੁੰਦਾ ਹੈ..ਇਸ ਲਈ ਉਹ ਪੈਸਿਆਂ ਤੇ ਝੁਰਦਾ ਨਹੀਂ…
ਪਰ ਏਨਾ ਕੁ ਜ਼ਰੂਰ ਕਹਿੰਦਾ ਹੈ ਕਿ ਜੇ ਪੈਸੇ ਬਾਫ਼ਰ ਹੁੰਦੇ ਤਾਂ ਆਹ ਹੁਣ ਨੂੰ ਨੌਕਰੀ ਦੇ ਲੱਤ ਮਾਰੀ ਹੁੰਦੀ ਤੇ ਕਿਸੇ ‘ਭੂਤਵਾੜੇ’ ਵਿਚ ਬੈਠੇ ਹੁੰਦੇ…’ਅਦਬ ਦੇ ਮਲੰਗਾਂ’ ਤੋਂ ਇਹੋ ਆਸ ਹੀ ਕੀਤੀ ਜਾ ਸਕਦੀ ਹੁੰਦੀ ਹੈ।
ਪਰ ਪੈਸਾ ਏਨਾ ‘ਕੁੱਤੀ ਸ਼ੈਅ’ ਹੁੰਦਾ ਹੈ ਕਿ ਬੰਦਾ ਚਾਹੁੰਦਾ ਹੋਇਆ ਵੀ ‘ਬੁੱਧ’ ਨਹੀਂ ਬਣ ਸਕਦਾ…ਸਤਪਾਲ ਤਾਂ ਵੈਸੇ ਹੀ ਬਾਲ ਨਾਥ ਦੇ ਉਸ ਚੇਲੇ ‘ਰੰਝੇਟੜੇ’ ਵਰਗਾ ਹੈ ਜੋ ਜੋਗ ਨੂੰ ਠੋਕਰ ਮਾਰ ਕੇ ਇਹ ਕਹਿ ਦਿੰਦਾ ਹੈ : ਰੰਨਾ ਕੋਲੋ ਜੋ ਵਰਜਦੇ ਚੇਲਿਆਂ ਨੂੰ, ਐਸੇ ਗੁਰੂ ਕੀ ਬੰਨ੍ਹ ਕੇ ਚੋਵਣੇ ਨੇ…
ਗੱਲ ਹੋਰ ਪਾਸੇ ਨਾ ਲੈ ਜਾਣਾ…ਇਹ ਰਮਜ਼ਾਂ ਨੇ ਬਸ…ਸਮਝਣ ਵਾਲੇ ਹੀ ਸਮਝਦੇ ਨੇ…
ਮਤਲਬ ਇਹ ਹੈ ਕਿ ਉਹ ਏਨਾ ਕੁ ਜੋਗੀ ਹੈ ਕਿ ਦਮੜਿਆਂ ਦੇ ਪਿੱਛੇ ਨਹੀਂ ਦੋੜਦਾ…ਤੇ ਏਨਾ ਕੁ ਭੋਗੀ ਹੈ ਕਿ ਹੱਥ ਆਈ ਮਾਇਆ ਜਿੰਨੀ ਦੇਰ ਤੱਕ ਲਗਦੀ ਨੀ, ਇਹਨੂੰ ਸਾਹ ਨਹੀਂ ਆਉਂਦਾ…
ਫੇਰ ਜਦ ਭੀੜ ਪੈਂਦੀ ਹੈ ਤਾਂ ਪੈਨ ਕਾਗਜ਼ ਚੁੱਕ ਕੇ ਲਿਸਟ ਬਣਾਉਣ ਲਗ ਜਾਂਦਾ ਹੈ…
ਫਲਾਣਾ 25 ….ਢਿਮਕਾਣਾ..50…ਇਮਕਾ…10..ਢਿਮਕਾ ..35…ਕਰ ਕਰਾਕੇ ਦੋ ਕੁ ਮਿੰਟ ਵਿਚ ਲੱਖ ਕੁ ਦਾ ਜੁਗਾੜ ਕਰਕੇ ਇਹ ਕਹਿ ਕੇ ਸੌਂ ਜਾਂਦਾ ਹੈ ਕਿ ਅੱਜੇ ਤਾਂ ਪੰਜ ਮਿੰਟ ਹੀ ਲਾਏ ਨੇ..ਜੇ ਕਿਤੇ ਘੰਟਾ ਕੁ ਲਾ ਲਿਆ ਤਾਂ ਅੰਬਾਨੀ ਨਾਲੋਂ ਟੱਪ ਜੂੰਗਾ…
ਉਂਝ ਇਹ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਨਹੀਂ…ਅਗਲੇ ਦਿਨ ਫਲਾਣੇ-ਢਿਮਕਾਣੇ,…ਇਮਕੇ ਤੇ ਢਿਮਕੇ ਸਾਰੇ ਗੀਝੇ ਭਰੀਂ ਆਉਂਦੇ ਨੇ..ਭਾਵੇਂ ਕਿਸੇ ਤੋਂ ਅੱਗੇ ਬਿਆਜ ਤੇ ਫੜ੍ਹ ਕੇ ਲਿਆਏ ਹੋਣ…
ਫੇਰ ਉਸ ਵਕਤ ਸੱਤਪਾਲ ਟਾਟੇ ਬਿਰਲਿਆਂ ਨੂੰ ਵੀ ਲੋਕਧਾਰਾਈ ਸ਼ੈਲੀ ਵਿਚ ਇਹ ਕਹਿ ਕੇ ਚੈਲੰਜ ਕਰ ਦਿੰਦਾ ਹੈ…
ਮੈਂ ਤੇਰੀ ਚੀਨ ਦੀ ਖੱਟੀ ਦਾ ਮੂੰਹ ਭੰਨ ਦਿਊ, ਵੇ ਜੰਮ ਕੇ ਸਤਾਰਾਂ ਕੁੜੀਆਂ…
ਸਚੀਂਮੁਚੀ ਉਸ ਦੇ ‘ਪਲਕਾਂ ਹੇਠ ਦਰਿਆ’ ਹੈ…ਕਿਸੇ ਦੇ ਦਰਦ ਨੂੰ ਦੇਖਿਆ ਨਹੀਂ ਤੇ ਦਰਿਆਂ ਵਗਿਆ ਨਹੀਂ..ਫੇਰ ਜਿੰਨੀ ਦੇਰ ਤੱਕ ਉਸ ਮਸਲੇ ਦਾ ਕੋਈ ‘ਬੰਨ੍ਹ-ਸੁੱਬ’ ਨਹੀਂ ਹੁੰਦਾ..ਅੱਗਲਾ ਭਾਵੇਂ ਚੈਨ ਦੀ ਨੀਂਦ ਸੌਂ ਜੇ, ਇਹ ਮਾਂ ਦਾ ਪੁੱਤ ਨਹੀਂ ਸੌਂਦਾ…। ਸਾਮ੍ਹਣੇ ਮੱਥੇ ਤਾਂ ਹਰੇਕ ਹੀ ਮਦਦ ਕਰ ਦਿੰਦਾ ਹੈ, ਪਰ ਪਿੱਠ ਪਿੱਛੇ ‘ਕੋਈ ਹੀ ਨਾਲ ਨਾਲ’ ਹੁੰਦਾ ਹੈ। ਸਤਪਾਲ ਦੀ ਇਹੋ ਸਿਫ਼ਤ ਹੈ ਕਿ ਇਹ ਪਿੱਠ ਪਿੱਛੋਂ ਵੀ ਨਾਲ ਹੁੰਦਾ ਹੈ ਤੇ ਸਿਰਫ਼ ਪਿੱਠ ਪਿੱਛੋਂ ਨਹੀਂ, ਜੇ ਬਦਕਿਸਮਤੀ ਨਾਲ ਉਹ ਬੰਦਾ ਇਸ ਜ਼ਹਾਨ ਤੋਂ ਵੀ ਤੁਰ ਜਾਵੇ ਤਾਂ ਉਸ ਦੇ ਇਸ਼ਕ ਦੀ ਸ਼ਿੱਦਤ ਵਿਚ ਕੋਈ ਕਮੀ ਨਹੀਂ ਆਉਂਦੀ..ਜੋ ਕੁਝ ਵੀ ਉਸ ਦਾ ਉਸ ਨਾਲ ਜੁੜਿਆ ਹੁੰਦਾ ਹੈ, ਉਸ ਨੂੰ ਸਾਂਭਣ ਲਈ ਸਾਰਾ ਟਿੱਲ ਲਾ ਦਿੰਦਾ ਹੈ…ਕਿੰਨੀਆਂ ਹੀ ਕਿਤਾਬਾਂ ਉਸ ਨੇ ਇਸ ਲਾਜਵਾਬ ਖੱਬਤ ਵਿਚੋਂ ਸੰਪਾਦਿਤ ਕੀਤੀਆਂ ਹਨ ਤੇ ਇਹ ਖੱਬਤ ਹਰ ਕਿਸੇ ਦੀ ਕਿਸਮਤ ਵਿਚ ਨਹੀਂ ਹੁੰਦਾ…ਸਚਮੁਚ ਹਰ ਕੋਈ ਏਨਾ ਅਮੀਰ ਨਹੀਂ ਹੁੰਦਾ, ਜਿਸ ਦੇ ਹਿੱਸੇ ਇਸ ਕਿਸਮ ਦੀ ਦੌਲਤ ਆ ਜਾਵੇ। ਇਸੇ ਲਈ ਹਾਸ਼ਮ ਕਹਿੰਦਾ ਹੈ :
ਮੂਰਖ ਲੋਕ ਸਦਾ ਸੁਖ ਸੌਂਦੇ, ਰੋਜ਼ ਕਮਾਵਣ ਪੈਸਾ…
ਸਤਪਾਲ ਸਾਊ ਵੀ ਹੱਦ ਦਰਜੇ ਤਾਂ ਹੈ ਤੇ ਚਲਾਕ ਵੀ…ਉਸ ਦੇ ਆਪਣੇ ਉਸ ਨਾਲ ਜਿਸ ਹੱਦ ਤੱਕ ਮਰਜੀ ਮਜ਼ਾਕ ਕਰ ਲੈਣ, ਉਹ ਚੂੰ ਨਹੀਂ ਕਰਦਾ…ਇਕ ਦਿਨ ਉਸ ਦੇ ਕੁਝ ‘ਆਪਣਿਆਂ’ ਨੇ ਘਰ ਵਿੱਚੋਂ ਸਾਰੀਆਂ ਬੋਤਲਾਂ ਇਕੱਠੀਆਂ ਕਰਕੇ (ਬੋਤਲਾਂ ਸੁਖ ਨਾਲ ਬਹੁਤ ਨੇ) ਉਸ ਦੇ ਦੁਆਲੇ ਢੇਰ ਕਰ ਦਿੱਤੀਆਂ…ਬੋਤਲਾਂ ਉਸ ਦੇ ਆਸ ਪਾਸ..ਵਿਚਕਾਰ ਬਨੈਣ ਵਿਚ ਬੈਠਾ ਜਗਨਨਾਥ…ਫੋਟੋ ਖਿੱਚੀ ਤੇ ਵਾਇਰਲ ਕਰ ਦਿੱਤੀ…
ਦੇਖ ਦੇਖ ਕੇ ਨਾਲੇ ਹੱਸੀਂ ਜਾਵੇ ਤੇ ਨਾਲੇ ਆਖੀਂ ਜਾਵੇ…ਇਹ ਕੀ ਕਰਤਾ ਕੰਜਰੋ..ਸ਼ਰਮ ਕਰ ਲਿਆ ਕਰੋ ਮਾੜੀ ਮੋਟੀ…
ਪਰ ਚਲਾਕ ਏਨਾ ਕੁ ਹੈ ਕਿ ਜਦ ਕੋਈ ਉਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਕੇ ਝੱਟ ਸ਼ਿਵ ਵਾਂਗ ਤੀਸਰਾ ਨੇਤਰ ਖੁੱਲ੍ਹ ਜਾਂਦਾ ਹੈ ਤੇ ਤਾਂਡਵ ਸ਼ੁਰੂ ਹੋ ਜਾਂਦਾ ਹੈ..
ਇਨਾਮ ਸਨਮਾਨ ਉਸ ਨੂੰ ਸੁੱਖ ਨਾਲ ਵੱਡੇ ਵੱਡੇ ਮਿਲੇ ਨੇ..ਜਦ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਦਾ ਐਵਾਰਡ ਮਿਲਿਆ ਤਾਂ ਸੁੱਖ ਨਾਲ ਮਾਣ-ਸਨਮਾਨ ਤਾਂ ਹੋਣਾ ਹੀ ਸੀ…ਲੰਮਾ ਸਮਾਂ ਸਿਲਸਿਲਾ ਚਲਦਾ ਰਿਹਾ..
ਇਕ ਦਿਨ ਅਚਾਨਕ ਫੋਨ ਆਇਆ “ ਡਾ. ਸਾਹਿਬ ਮਨ ਬਹੁਤ ਦੁਖੀ ਹੈ।
ਮੈਂ ਕਿਹਾ ਕੀ ਹੋਇਆ?
ਕਹਿੰਦਾ : ਸਨਮਾਨ ਹੋਇਆ ਸੀ ਅੱਜ
ਮੈਂ ਕਿਹਾ ਇਹ ਤਾਂ ਖੁਸੀ ਦੀ ਗੱਲ ਹੈ।
ਕਹਿੰਦਾ : ਨਹੀਂ ..ਬਾਕੀ ਸਾਰਿਆਂ ਦੀ ਜਾਣ ਪਛਾਣ ਕਵੀ ਦੇ ਤੌਰ ਤੇ ਕਰਵਾਈ, ਪਰ ਮੇਰੀ ਸਿਰਫ਼ ਬਾਲ ਸਾਹਿਤ ਲੇਖਕ ਦੇ ਤੌਰ ਤੇ,…ਕੁਝ ਲੋਕ ਮੇਰੇ ਕਵੀ ਹੋਣ ਨੂੰ ਮਾਰਨਾ ਚਾਹੁੰਦੇ ਹਨ..ਬਸ ਫੇਰ ਐਸੀ ਕੀ ਤੈਸੀ ਫੇਰਤੀ ਉਹਨਾਂ ਦੀ..
ਮੈਂ ਕਿਹਾ : ਐਵੇਂ ਨਾ ਊਟਪਟਾਂਗ ਸੋਚਿਆ ਕਰ…ਗੱਲ ਆਈ ਗਈ ਹੋ ਗਈ..
ਪਰ ਦੋਸਤੋ ਇਹ ਸੱਚ ਹੈ ਕਿਸੇ ਦੇ ਮਾਰਿਆਂ ਬੰਦਾ ਕਦ ਮਰਦਾ ਹੈ?
ਹੁਣ ਉਸ ਦੀ ਹਿੰਦੀ ਕਾਵਿ ਪੁਸਤਕ ‘ਅੰਤਿਮ ਛੋਰ ਤਕ’ ਨੂੰ ‘ਰਾਜਯ ਕਰਮਚਾਰੀ ਸਾਹਿਤਯ ਸੰਸਥਾਨ, ਉੱਤਰ ਪ੍ਰਦੇਸ਼’ ਲਖਨਊ ਵੱਲੋਂ ਸਾਲ 2020 ਦੇ ‘ਸੁਬਰਮੰਨਿਅਮ ਭਾਰਤੀ ਪੁਰਸਕਾਰ’ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਉਸ ਦੀ ਕਵੀ ਦੇ ਤੌਰ ਦੀ ਵੱਡੀ ਸਵੀਕ੍ਰਿਤੀ ਹੈ। ਮੈਨੂੰ ਲਗਦਾ ਸੀ ਕਿ ਜਿਵੇਂ ਹੁਣ ਸਤਪਾਲ ਕਹਿ ਰਿਹਾ ਹੋਵੇ..
ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦਬਦਾ ਕਿੱਥੇ ਹੈ..
ਸਚਮੁਚ ਪਿਆਰ ਨਾਲ ਉਸ ਨੂੰ ਭਾਵੇਂ ਮੋੜ ਕੇ ਜ਼ੇਬ ਵਿਚ ਪਾ ਲਉ, ਪਰ ਜਦ ਕੋਈ ਸਾਜ਼ਿਸ਼ ਦੇ ਤਹਿਤ ਉਸ ਨੂੰ ਮਨਫੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਤੜਫ਼ਦਾ ਬਹੁਤ ਹੈ..ਇਹ ਤੜਫ਼ ਇਸ ਨੂੰ ‘ਜਿਉਂਦਾ’ ਰਖਦੀ ਹੈ ਤੇ ਇਸ ਦੀ ਚਾਲਕ ਸ਼ਕਤੀ ਹੈ।
ਸਤਪਾਲ ਨੂੰ ਬਹੁਤ ਸਾਰੇ ਲੋਕ ਅੱਲਗ ਅੱਲਗ ਰੂਪਾਂ ਵਿਚ ਜਾਣਦੇ ਹਨ..
ਕਈ ਉਸ ਨੂੰ ‘ਰੰਗ’ ਕਰਕੇ ਜਾਣਦੇ ਹਨ..ਇਸ ਮਾਮਲੇ ਵਿਚ ਉਹ ਕਮਾਲ ਦਾ ਬੰਦਾ ਹੈ..ਉਹ ਆਪਣੇ ਰੰਗ ਨੂੰ ਸੈਲੀਬਰੇਟ ਵੀ ਕਰ ਲੈਂਦਾ ਹੈ, ਮਜਾਕ ਵੀ ਕਰ ਲੈਂਦਾ ਹੈ, ਝੂਰ ਵੀ ਲੈਂਦਾ ਹੈ ਤੇ ਉਸ ਦੀ ਕਾਵਿਕ ਪੁਨਰ ਸਿਰਜਣਾ ਕਰਕੇ ‘ਆਪਣੇ ਭੱਥੇ ਦਾ ਬ੍ਰਹਮ ਅਸਤਰ’ ਵੀ ਬਣਾ ਲੈਂਦਾ ਹੈ।
ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਬਹੁਤ ਕਮਾਲ ਦੀਆਂ ਹਨ..ਪਰ ਜਿੱਥੇ ਉਸ ਨੇ ‘ਧੱਕ’ ਪਾਉਣੀ ਹੋਵੇ ਤੇ ਉਥੇ ਫੇਰ ਆਪਣੇ ਰੰਗ ਦੀ ਹੀਰ ਸੁਣਾ ਦਿੰਦਾ ਹੈ..ਅੱਜ ਕੱਲ ਮੈਂ ਉਸ ਨੂੰ ਵਰਜਿਆ ਹੋਇਆ ਹੈ, ਪਰ ਫਿਰ ਵੀ ਦਾਅ ਲਾ ਜਾਂਦਾ ਹੈ ਕਿਤੇ ਕਿਤੇ..ਉਂਝ ਸੂਰਤ ਬਨਾਮ ਸੀਰਤ ਦਾ ਇਹ ਦਵੰਦ ਮਨੋਵਿਗਿਆਨਕ ਤੌਰ ਤੇ ਬੰਦੇ ਦੇ ਨਾਲ ਚਲਦਾ ਰਹਿੰਦਾ ਹੈ। ਸ਼ਾਇਦ ਇਸੇ ਦਵੰਦ ਵਿੱਚੋਂ ਹੀ ਉਸ ਨੇ ਆਪਣੀ ਧੀ ਦਾ ਨਾਮ ਸੀਰਤ ਰੱਖਿਆ ਹੈ। ਸੀਰਤ ਬਹੁਤ ਪਿਆਰੀ ਧੀ ਵੀ ਹੈ ਤੇ ਸਤਪਾਲ ਸੀਰਤ ਨੂੰ ਪਿਆਰ ਵੀ ਬਹੁਤ ਕਰਦਾ ਹੈ। ਉਸ ਨੂੰ ਪੁੱਤਾਂ ਵਾਂਗ ਨਹੀਂ ਧੀਆਂ ਵਾਂਗ ਪਾਲਦਾ ਹੈ ਅਤੇ ਉਸ ਦੇ ਧੀ ਹੋਣ ਤੇ ਮਾਣ ਮਹਿਸੂਸ ਕਰਦਾ ਹੈ।
ਉਂਝ ਬਹੁਤ ਸਾਰੇ ਲੋਕ ਉਸ ਨੂੰ ਉਸ ਦੀਆਂ ਹੋਰ ਬਹੁਤ ਸਾਰੀਆਂ ਕਵਿਤਾਵਾਂ ਕਰਕੇ ਜਾਣਦੇ ਹਨ..
ਕੋਈ ਉਸ ਨੂੰ ‘ਅਕਸੀਨੀਆ ਦਾ ਪ੍ਰੇਮੀ’ ਦੇ ਤੌਰ ਤੇ ਜਾਣਦਾ ਹੈ, ਕੋਈ ‘ਗੱਟੂ ਦੀ ਆਤਮ ਕਥਾ’ ਕਰਕੇ, ਕੋਈ ਗੌਡੀਆ ਕਰਕੇ, ਕੋਈ ਤੀਸਰੀ ਟਿਕਟ ਕਰਕੇ, ਕੋਈ ਤਾਸ਼ ਦੀ ਬਾਜ਼ੀ ਕਰਕੇ, ਕੋਈ ਪਤਨੀਆਂ ਕਰਕੇ, ਕੋਈ ਜੋਤ ਕਰਕੇ ਤੇ ਕੋਈ ਪੀਲਾਂ ਕਰਕੇ। ਇਹ ਸਾਰੀਆਂ ਕਵਿਤਾਵਾਂ ਭੀਖੀ ਦੇ ਸਿਰਨਾਵਾਂ ਹਨ, ਕਿਤੋਂ ਵੀ ਸ਼ੁਰੂ ਕਰ ਲਉ, ਸਤਪਾਲ ਤਕ ਪਹੁੰਚ ਜਾਓਗੇ।
ਬਹੁਤ ਸਾਰੇ ਲੋਕ ਉਸ ਨੂੰ ਬਾਲ ਸਾਹਿਤ ਲੇਖਕ ਤੇ ਬਾਲਾਂ ਵਿਚ ਸਿਰਜਣਾ ਦੇ ਬੂਟੇ ਲਾਉਣ ਵਾਲੇ ਮਾਲੀ ਦੇ ਰੂਪ ਵਿਚ ਜਾਣਦੇ ਹਨ। ਇਹ ਉਸ ਦਾ ਸਭ ਤੋਂ ਕਮਾਲ ਦਾ ਪੱਖ ਹੈ..
ਉਹ ਅਜਿਹਾ ਹਾਲ਼ੀ ਹੈ, ਜਿਸ ਨੂੰ ਜਿਹੋ ਜਿਹੀ ਮਰਜੀ ਭੋਇੰ ਦੇ ਦਿਓ…ਦੋ ਤਿੰਨ ਸਾਲਾਂ ਵਿਚ ਫੁੱਲਾਂ ਦੀਆਂ ਛਹਿਬਰਾਂ ਲਾ ਦਿੰਦਾ ਹੈ। ਉਸ ਦੇ ਲਾਏ ਸੈਂਕੜੇ ਫੁੱਲ ਹੁਣ ਆਪਣੀਆਂ ਮਹਿਕਾ ਵੰਡ ਰਹੇ ਨੇ ਤੇ ਉਹ ਸਚਿਆਰੇ ਮਾਲੀ ਦੇ ਰੂਪ ਵਿਚ ਮੰਦ ਮੰਦ ਮੁਸਕਾ ਰਿਹਾ ਹੈ।
ਉਸ ਨੂੰ ਜਾਣਨ ਦੇ ਵੀ ਅਜ਼ੀਬ ਕਿੱਸੇ ਹਨ। ਉਸ ਨੂੰ ਲੋਕ ਭੀਖੀ ਕਰਕੇ ਜਾਣਦੇ ਹਨ, ਪਰ ਕਈਆਂ ਨੂੰ ਇਹ ਨਹੀਂ ਪਤਾ ਕਿ ਇਹ ਉਸ ਦਾ ਤਖ਼ੱਲਸ ਹੈ ਜਾਂ ਗੋਤ ਹੈ ਜਾਂ ਪਿੰਡ ਹੈ।
ਇਕ ਬੰਦਾ ਸੱਤ ਦਿਨ ਸਾਡੇ ਨਾਲ ਰਿਹਾ । ਇਕ ਦਿਨ ਕਹਿੰਦਾ : ਯਾਰ ਭੀਖੀ, ਤੇਰਾ ਪਿੰਡ ਕਿਹੜੈ?
ਸਤਪਾਲ ਦੀ ਹਾਜ਼ਰਜੁਆਬੀ ਦੇਖੋ ..ਕਹਿੰਦਾ : ਸਤਪਾਲ
ਹੁਣ ਤੁਸੀਂ ਅੰਦਾਜ਼ਾ ਲਾਓ ਕਿ ਕੋਈ ਬੰਦਾ ਸਤਪਾਲ ਨੂੰ ਦੇਖ ਕੇ ਇਹ ਕਹਿ ਸਕਦਾ ਹੈ ਕਿ : ਤੈਨੂੰ ਕਿਤੇ ਦੇਖਿਆ ਹੈ?
ਅੱਜ ਦੇ ਐਵਾਰਡ ਤੇ ਬਸ ਏਨਾ ਹੀ ਬਾਕੀ ਪਰਦੇ ਕਦੇ ਫੇਰ ਉਠਾਵਾਂਗੇ…
ਬਸ ਏਨਾ ਸਮਝ ਲੈਣਾ..ਪਿਕਚਰ ਤੋ ਅਭੀ ਬਾਕੀ ਹੈ..
ਘਰ ਦੇ ਭੇਤੀ ਨੇ ਲੰਕਾ ਦੇ ਥੋੜੇ ਜਿਹੇ ਕਿੰਗਰੇ ਭੋਰੇ ਹਨ…ਬਾਕੀ ਲਈ ਇੰਤਜਾਰ ਕਰੋ।
ਉਸ ਦੀ ਇਕ ਕਵਿਤਾ ਜ਼ਰੂਰ ਪੜ੍ਹਨਾ..ਕਿਉਂਕਿ ਉਸ ਦੀ ਕਵਿਤਾ ਤੋਂ ਬਿਨਾ ਉਸ ਨੂੰ ਸੰਪੂਰਨ ਨਹੀਂ ਸਮਝਿਆ ਜਾ ਸਕਦਾ। ਕਵਿਤਾ ਦਾ ਨਾਂ ਹੈ : ਸੇਵਿੰਗ ਬੈਲੰਸ
“ਕਰੰਟ ਬੈਲੰਸ’ ਜ਼ੀਰੋ ਹੈ
ਮੈਂ ਲੇਬਰ ਚੌਂਕ ਚੋਂ ਹੁਣੇ ਪਰਤਿਆ ਹਾਂ
ਖਾਲੀ ਹੱਥ
ਪਤਨੀ ਪਰਤੀ ਹੈ
ਹਨੇਰ ਬਸਤੀ ‘ਚੋੰ
ਚਾਰ ਛਿੱਲੜ ਲੈ ਕੇ
ਕੁਝ ਵੀ ਤਾਂ ਨਹੀਂ ਹੈ ਕੋਲ
ਜੇ ਹੈ ਤਾਂ ਬਸ
‘ਸੇਵਿੰਗ ਬੈਲੰਸ’
ਦੋ ਗੁਰਦੇ
ਚਾਰ ਕੁ ਗਰਾਮ ਖੂਨ
ਤੇ ਹੋਰ ਨਿੱਕ ਸੁੱਕ…
Real Estate