ਜ਼ਹਿਰੀਲੀ ਸ਼ਰਾਬ ਮਾਮਲੇ ’ਚ ਨੌਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

205

ਗੋਪਾਲਗੰਜ : ਬਿਹਾਰ ਦੇ ਗੋਪਾਲਗੰਜ ਵਿਚ ਜ਼ਹਿਰੀਲੀ ਸ਼ਰਾਬ ਦੀ ਬਰਾਮਦਗੀ ਦੇ ਮਾਮਲੇ ਵਿਚ ਅਦਾਲਤ ਨੇ ਸ਼ੁੱਕਰਵਾਰ ਨੂੰ ਨੌਂ ਮੁਜਰਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਜਦਕਿ ਚਾਰ ਮੁਜਰਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਇੱਥੇ 2016 ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਘਟਨਾ ਤੋਂ ਬਾਅਦ ਛਾਪੇਮਾਰੀ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਸੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਵਕੁਸ਼ ਕੁਮਾਰ ਦੀ ਅਦਾਲਤ ਨੇ ਇਸ ਮਾਮਲੇ ਵਿਚ ਸਜ਼ਾ ਸੁਣਾਈ ਹੈ। ਰਾਜ ਵਿਚ ਸ਼ਰਾਬਬੰਦੀ ਦੇ ਮਾਮਲੇ ’ਚ ਫਾਂਸੀ ਦੀ ਇਹ ਪਹਿਲੀ ਸਜ਼ਾ ਹੈ। ਉੱਥੇ, ਇਕੱਠਿਆਂ ਏਨੀ ਗਿਣਤੀ ਵਿਚ ਮੁਜਰਮਾਂ ਨੂੰ ਸਜ਼ਾ ਸੁਣਾਏ ਜਾਣ ਦਾ ਵੀ ਇਹ ਪਹਿਲਾ ਮਾਮਲਾ ਹੈ।
ਸਾਲ 2016 ਵਿਚ 16 ਅਗਸਤ ਨੂੰ ਗੋਪਾਲਗੰਜ ਸ਼ਹਿਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੌਰਾਨ ਦੋ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਸੀ। ਉਸੇ ਰਾਤ ਛਾਪੇਮਾਰੀ ਕਰ ਕੇ ਪੁਲਿਸ ਨੇ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਸੀ। ਘੰਟਿਆਂ ਚੱਲੀ ਛਾਪੇਮਾਰੀ ਵਿਚ ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ਾਂ ਦੇ ਘਰਾਂ ਤੋਂ ਲੈ ਕੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸ਼ਰਾਬ ਬਰਾਮਦ ਕੀਤੀ ਗਈ। ਥਾਣਾ ਸਿਟੀ ਦੇ ਥਾਣਾ ਮੁਖੀ ਬੀਪੀ ਆਲੋਕ ਦੇ ਬਿਆਨਾਂ ’ਤੇ ਮਾਮਲਾ ਦਰਜ ਹੋਇਆ। ਐੱਫਆਈਆਰ ਵਿਚ 14 ਮੁਲਜ਼ਮ ਸਨ। ਉਨ੍ਹਾਂ ਵਿੱਚੋਂ ਇਕ ਦੀ ਟਰਾਇਲ ਦੌਰਾਨ ਮੌਤ ਹੋ ਗਈ। ਬਾਕੀ 13 ਮੁਲਜ਼ਮਾਂ ਵਿੱਚੋਂ ਨੌਂ ਪੁਰਸ਼ ਅਤੇ ਚਾਰ ਔਰਤਾਂ ਸ਼ਾਮਲ ਸਨ। ਫੌਰੈਂਸਿਕ ਜਾਂਚ ਵਿਚ ਪਾਇਆ ਗਿਆ ਕਿ ਸ਼ਰਾਬ ਵਿਚ ਮਿਥਾਈਲ ਹੈ। ਪੁਲਿਸ ਨੇ ਉਸੇ ਆਧਾਰ ’ਤੇ ਚਾਰਜਸ਼ੀਟ ਦਾਖ਼ਲ ਕੀਤੀ। ਤੱਥਾਂ ਦੇ ਆਧਾਰ ’ਤੇ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ। ਇਨ੍ਹਾਂ ਵਿੱਚੋਂ 9 ਪੁਰਸ਼ਾਂ ਨੂੰ ਫਾਂਸੀ ਅਤੇ 4 ਔਰਤਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ।
Real Estate