ਨਵੀਂ ਦਿੱਲੀ— ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ਅੱਜ ਯਾਨੀ ਕਿ ਸ਼ਨੀਵਾਰ ਨੂੰ ਸਿੰਘੂ ਸਰਹੱਦ ’ਤੇ ਕਿਸਾਨਾਂ ਦਰਮਿਆਨ ਪੁੱਜੀ। ਕਿਸਾਨਾਂ ਦੀ ਸਟੇਜ ਤੋਂ ਬੋਲਦਿਆਂ ਨੌਦੀਪ ਕੌਰ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੇਰੇ ਲਈ ਆਵਾਜ਼ ਬੁਲੰਦ ਕੀਤੀ। ਨੌਦੀਪ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਕਰ ਕੇ ਮੈਂ ਅੱਜ ਜੇਲ੍ਹ ’ਚੋਂ ਬਾਹਰ ਆਈ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਇਕ ਦੂਜੇ ਨਾਲ ਇੰਝ ਜੁੜੇ ਹੋਏ ਹਨ, ਜਿਵੇਂ ਨਹੁੰ ਮਾਸ ਦਾ ਰਿਸ਼ਤਾ ਹੋਵੇ। ਇਹ ਅੰਦੋਲਨ ਇਕੱਲਾ ਕਿਸਾਨਾਂ ਦਾ ਨਹੀਂ ਸਗੋਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਜਨਤਾ ਦਾ ਅੰਦੋਲਨ ਹੈ। ਇਸ ਅੰਦੋਲਨ ’ਚ ਹਰ ਉਹ ਇਨਸਾਨ ਹੈ, ਜੋ ਕਿ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੈ, ਇਹ ਉਨ੍ਹਾਂ ਦਾ ਅੰਦੋਲਨ ਹੈ। ਸਰਕਾਰ ਜਿੰਨੇ ਵੀ ਕਾਨੂੰਨ ਲੈ ਕੇ ਆਏ ਹਨ, ਉਨ੍ਹਾਂ ਨੂੰ ਰੱਦ ਕਰਨੇ ਹੀ ਪੈਣਗੇ।
ਨੌਦੀਪ ਨੇ ਅੱਗੇ ਕਿਹਾ ਕਿ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ, ਸੱਚ ਜ਼ਰੂਰ ਜਿੱਤੇਗਾ। ਕਿਸਾਨਾਂ ਬਾਰੇ ਆਵਾਜ਼ ਬੁਲੰਦ ਕਰਦੇ ਹੋਏ ਨੌਦੀਪ ਨੇ ਕਿਹਾ ਕਿ ਅੱਜ ਵੀ ਕਿਸਾਨਾਂ ਅਤੇ ਬੀਬੀਆਂ ਵਾਸਤੇ ਹਾਲਾਤ ਬਹੁਤ ਮਾੜੇ ਹਨ। ਕਿਸਾਨ-ਮਜ਼ਦੂਰ ਆਪਣੀ ਮਿਹਨਤ ਦੀ ਕਮਾਈ ਕਰਦੇ ਹਨ ਤਾਂ ਫਿਰ ਵੀ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਜੇਕਰ ਉਹ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ, ਨਕਸਲਵਾਦੀ ਅਤੇ ਖਾਲਿਸਤਾਨੀ ਤੱਕ ਦੱਸਿਆ ਜਾਂਦਾ ਹੈ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਕੌਣ ਹਾਂ। ਸ. ਭਗਤ ਸਿੰਘ ਬਾਰੇ ਨੌਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅੱਤਵਾਦੀ ਕਿਹਾ ਗਿਆ ਸੀ ਪਰ ਅੱਜ ਸਾਡਾ ਭਗਤ ਸਿੰਘ ਇਕ ਹੀਰੋ ਹੈ।