ਪੁੱਡੂਚੇਰੀ, ਏਐੱਨਆਈ : ਪੁੱਡੂਚੇਰੀ ‘ਚ ਸੋਮਵਾਰ ਨੂੰ ਸਿਆਸੀ ਉੱਥਲ-ਪੁੱਥਲ ਦੌਰਾਨ ਕਾਂਗਰਸ ਸਰਕਾਰ ਦੇ ਹੱਥੋਂ ਸੱਤਾ ਦਾ ਅਧਿਕਾਰ ਖ਼ਤਮ ਹੋ ਗਿਆ। ਮੁੱਖ ਮੰਤਰੀ ਨਾਰਾਇਣਸਾਮੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅੱਜ ਇੱਥੇ ਭਰੋਸੇ ਦਾ ਵੋਟ ਪ੍ਰੀਖਣ ਹੋਣਾ ਸੀ, ਪਰ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਇਸ ਤੋਂ ਪਹਿਲਾਂ ਹੀ ਸਦਨ ਤੋਂ ਵਾਕਆਊਟ ਕਰ ਦਿੱਤਾ ਜਿਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਐਲਾਨ ਕੀਤਾ ਕਿ ਨਾਰਾਇਣਸਾਮੀ ਸਰਕਾਰ ਨੇ ਬਹੁਮਤ ਗੁਆ ਦਿੱਤਾ ਹੈ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ। ਦੱਸ ਦੇਈਏ ਕਿ ਅੱਜ ਸ਼ਾਮ ਪੰਜ ਵਜੇ ਕਾਂਗਰਸ-ਡੀਐੱਮਕੇ ਦੇ ਗਠਜੋੜ ਵਾਲੀ ਨਾਰਾਇਣਸਾਮੀ ਸਰਕਾਰ ਦਾ ਸ਼ਕਤੀ ਪ੍ਰੀਖਣ ਹੋਣਾ ਸੀ।
ਅੱਜ ਦੇ ਪੂਰੇ ਘਟਨਾਕ੍ਰਮ ਦੀ ਸ਼ੁਰੂਆਤ ਪੁੱਡੂਚੇਰੀ ਵਿਧਾਨ ਸਭਾ ਦੇ ਇਕ ਦਿਨ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਹੋ ਗਈ। ਮੁੱਖ ਮੰਤਰੀ ਨਾਰਾਇਣਸਾਮੀ ਨੇ ਭਰੋਸੇ ਦੀ ਵੋਟ ਦਾ ਪ੍ਰਸਤਾਵ ਰੱਖਿਆ, ਪਰ ਪ੍ਰਸਤਾਵ ਨੂੰ ਵੋਟਿੰਗ ਲਈ ਰੱਖਣ ਤੋਂ ਪਹਿਲਾਂ ਹੀ ਉਹ ਤੇ ਉਨ੍ਹਾਂ ਦੀ ਸੱਤਾਧਾਰੀ ਧਿਰ ਦੇ ਵਿਧਾਇਕ ਵਾਕਆਊਟ ਕਰ ਗਏ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਪੀ. ਸ਼ਿਵਕੋਲੰਧੂ ਨੇ ਐਲਾਨ ਕੀਤਾ ਕਿ ਉਹ ਭਰੋਸੇ ਦਾ ਵੋਟ ਹਾਰ ਗਏ ਹਨ। ਇਸ ਤੋਂ ਬਾਅਦ ਨਾਰਾਇਣਸਾਮੀ ਰਾਜ ਭਵਨ ਲਈ ਨਿਕਲ ਗਏ। ਵੋਟਿੰਗ ਤੋਂ ਪਹਿਲਾਂ ਬੋਲਦਿਆਂ ਮੁੱਖ ਮੰਤਰੀ ਨਾਰਾਇਣਸਾਮੀ ਨੇ ਦੋਸ਼ ਲਗਾਇਆ ਸੀ ਕਿ ‘ਸਾਬਕਾ ਉਪ-ਰਾਜਪਾਲ ਕਿਰਨ ਬੇਦੀ ਤੇ ਕੇਂਦਰ ਸਰਕਾਰ ਨੇ ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ। ਸਾਡੇ ਵਿਧਾਇਕ ਇਕਜੁੱਟ ਰਹੇ ਤਾਂ ਅਸੀਂ ਬੀਤੇ 5 ਸਾਲ ਕੱਢਣ ਵਿਚ ਕਾਮਯਾਬ ਰਹੇ। ਅਸੀਂ ਕੇਂਦਰ ਸਰਕਾਰ ਨੂੰ ਫੰਡ ਦੀ ਅਪੀਲ ਕੀਤੀ ਪਰ ਉਹ ਨਾ ਦੇ ਕੇ ਕੇਂਦਰ ਨੇ ਪੁੱਡੂਚੇਰੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ।’
Real Estate