ਸੁਮੇਧ ਸੈਣੀ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ

528

ਫਰੀਦਕੋਟ – ਸਥਾਨਕ ਇਲਾਕਾ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਨੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਵੱਲੋਂ ਲਗਾਈਆਂ ਗਈਆਂ ਅਰਜ਼ੀ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ ਜਦੋਂ ਕਿ ਸੈਣੀ ਨੂੰ 26 ਮਾਰਚ ਲਈ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਕੋਟਕਪੂਰਾ ਗੋਲੀਕਾਂਡ ਵਿਚ ਮੁਅੱਤਲੀ ਅਧੀਨ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਐੱਸ.ਪੀ. ਬਲਜੀਤ ਸਿੰਘ ਸਿੱਧੂ, ਡੀ.ਐੱਸ. ਪੀ. ਪਰਮਜੀਤ ਸਿੰਘ ਪੰਨੂ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਅਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਖ਼ਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਕਰਨ ਤੋਂ ਬਾਅਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖ਼ਿਲਾਫ਼ ਕੋਟਕਪੂਰਾ ਗੋਲੀਕਾਂਡ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਉਸ ਨੂੰ ਮੁਲਜ਼ਮ ਵੱਜੋਂ ਨਾਮਜ਼ਦ ਕਰਕੇ ਸਪਲੀਮੈਂਟਰੀ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ, ਜਿਸ ਵਿਚ ਅਦਾਲਤ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਪ੍ਰੰਤੂ ਉਹ ਅਦਾਲਤ ਦੇ ਸਾਹਮਣੇ ਪੇਸ਼ ਨਹੀ ਹੋਏ ਸਨ ਅਤੇ ਹੁਣ ਸਾਬਕਾ ਡੀ. ਜੀ. ਪੀ. ਨੂੰ ਹਦਾਇਤ ਕੀਤੀ ਹੈ ਕਿ ਉਹ ਅਦਾਲਤ ਸਾਹਮਣੇ 26 ਮਾਰਚ ਨੂੰ ਪੇਸ਼ ਹੋਵੇ ।

ਸਾਬਕਾ ਡੀ.ਆਈ.ਜੀ. ਸੁਮੇਧ ਸੈਣੀ ਨੇ ਉਸ ਖਿਲਾਫ ਪੇਸ਼ ਹੋਏ ਚਲਾਨ ਵਿਚ ਤਿੰਨ ਅਰਜ਼ੀਆਂ ਦਿੱਤੀਆਂ ਗਈਆਂ ਸਨ ਪਰ ਉਹ ਆਪ ਖੁਦ ਅਦਾਲਤ ਵਿਚ ਪੇਸ਼ ਨਹੀਂ ਹੋਏ ਉਧਰ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੇ ਆਪਣੀ ਗ੍ਰਿਫ਼ਤਾਰੀ ਤੋਂ ਰੋਕ ਲਈ ਅਗਾਂਉ ਜ਼ਮਾਨਤ ਦੀ ਅਰਜ਼ੀ ਸੈਸ਼ਨ ਕੋਰਟ ਵਿਚ ਲਗਾ ਦਿੱਤੀ ਜੋ ਅਜੇ ਤੱਕ ਵਿਚਾਰ ਅਧੀਨ ਹੈ । ਇਸ ਦੌਰਾਨ ਜਾਂਚ ਟੀਮ ਨੇ ਸੁਮੇਧ ਸੈਣੀ ਖ਼ਿਲਾਫ਼ ਗ੍ਰਹਿ ਵਿਭਾਗ ਪਾਸੋਂ ਉਸ ਖ਼ਿਲਾਫ਼ ਕੇਸ ਚਲਾਉਣ ਲਈ ਦਿੱਤੀ ਮਨਜ਼ੂਰੀ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕਰ ਦਿੱਤਾ। ਇਸ ਮਨਜ਼ੂਰੀ ਪੱਤਰ ਵਿਚ ਗ੍ਰਹਿ ਵਿਭਾਗ ਨੇ ਕਿਹਾ ਕਿ ਸੁਮੇਧ ਸੈਣੀ ਖ਼ਿਲਾਫ਼ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਸਬੰਧੀ ਦਰਜ ਹੋਏ ਕੇਸ ਚਲਾਉਣ ਲਈ ਲੌੜੀਂਦੀ ਗਵਾਹੀ ਮੌਜੂਦ ਹੈ। ਇਸ ਲਈ ਉਸ ਖ਼ਿਲਾਫ਼ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਸੱਦਾ ਪੱਤਰ ਜਾਂਚ ਟੀਮ ਨੇ ਅਦਾਲਤ ਨੂੰ ਸੌਂਪ ਦਿੱਤਾ ਹੈ । ਇਸ ਦਰਮਿਆਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਬਹਿਬਲ ਗੋਲੀ ਕਾਂਡ ਵਿਚ ਅਦਾਲਤ ਤੋਂ ਅਗਾਂਊ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਗਾਂਊ ਜ਼ਮਾਨਤ ਲੈਣ ਲਈ ਪਟੀਸ਼ਨ ਕਰ ਦਿੱਤੀ ਹੈ।

Real Estate