ਖੰਨਾ : ਖੰਨਾ ਨਗਰ ਕੌਂਸਲ ਚੋਣਾਂ ‘ਚ ਵਾਰਡ ਨੰ. 4 ਤੋਂ ਆਪਣੇ ਤਾਇਆ ਗੁਰਮੇਲ ਸਿੰਘ ਕਾਲ਼ਾ ਦੀ ਹਾਰ ਤੋਂ ਪਰੇਸ਼ਾਨ ਯੂਥ ਕਾਂਗਰਸ ਦੇ ਖੰਨਾ ਜ਼ਿਲ੍ਹਾ ਸਕੱਤਰ ਗੁਰਿੰਦਰ ਸਿੰਘ ਸੋਮਲ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ।
ਸੋਮਲ ਯੂਥ ਕਾਂਗਰਸ ਦਾ ਸਰਗਰਮ ਵਰਕਰ ਸੀ ਤੇ ਪਾਰਟੀ ਤੋਂ ਟਿਕਟ ਨਾ ਮਿਲਣ ‘ਤੇ ਆਜ਼ਾਦ ਚੋਣ ਲੜ ਰਹੇ ਆਪਣੇ ਤਾਏ ਗੁਰਮੇਲ ਕਾਲਾ ਦੀ ਮਦਦ ‘ਚ ਲੱਗਾ ਸੀ। ਬੁੱਧਵਾਰ ਨੂੰ ਆਏ ਨਤੀਜਿਆਂ ਤੋਂ ਬਾਅਦ ਸੋਮਲ ਬਹੁਤ ਪਰੇਸ਼ਾਨ ਹੋ ਗਿਆ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਉਸ ਨੇ ਸ਼ਾਮ ਨੂੰ ਆਪਣੇ-ਆਪ ਨੂੰ ਕਮਰੇ ‘ਚ ਬੰਦ ਕਰ ਲਿਆ ਸੀ।
ਜਾਣਕਾਰੀ ਅਨੁਸਾਰ ਗੁਰਿੰਦਰ ਸੋਮਲ ਬੁੱਧਵਾਰ ਦੀ ਸ਼ਾਮ ਨੂੰ ਆਪਣੇ ਕਮਰੇ ‘ਚ ਚਲਾ ਗਿਆ। ਸਵੇਰੇ ਕਰੀਬ 12 ਵਜੇ ਤਕ ਜਦੋਂ ਉਹ ਕਮਰੇ ਤੋਂ ਨਹੀਂ ਨਿਕਲਿਆ ਤਾਂ ਘਰ ਵਾਲਿਆਂ ਨੇ ਵੇਖਿਆ ਕਿ ਉਸ ਦੀ ਲਾਸ਼ ਫਾਹੇ ਨਾਲ ਝੂਲ ਰਹੀ ਸੀ। ਗੁਰਿੰਦਰ ਆਪਣੇ ਪਿੱਛੇ ਪਤਨੀ ਤੇ ਧੀ ਛੱਡ ਗਿਆ ਹੈ। ਦੱਸਦੇ ਹਨ ਕਿ ਗੁਰਿੰਦਰ ਸੋਮਲ ਦੀ ਪਤਨੀ ਗਰਭਵਤੀ ਹੈ ਤੇ ਉਹ ਪੇਕੇ ਗਈ ਹੋਈ ਸੀ।
ਐੱਸਐੱਚਓ ਸਦਰ ਹੇਮੰਤ ਕੁਮਾਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਸੋਮਲ ਤਾਏ ਦੀ ਹਾਰ ਤੋਂ ਬਾਅਦ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਉਸ ਤੋਂ ਬਾਅਦ ਹੀ ਉਸਨੇ ਇਹ ਕਦਮ ਚੁੱਕ ਲਿਆ।