10 ਦਿਨਾਂ ‘ਚ ਹੀ ਐਲਪੀਜੀ 75 ਰੁਪਏ ਮਹਿੰਗੀ-ਹੁਣ ਕਿੱਥੇ ਗਏ ਸੜਕ ‘ਤੇ ਸਿਲੰਡਰ ਰੱਖ ਪ੍ਰਦਰਸ਼ਨ ਕਰਨ ਵਾਲੇ ਬੀਜੇਪੀ ਲੀਡਰ?

266

ਨਵੀਂ ਦਿੱਲੀ: ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਕਾਂਗਰਸ ਨੇ ਅੱਜ ਸਰਕਾਰ ਨੂੰ ਘੇਰਿਆ ਹੈ। ਕਾਂਗਰਸੀ ਲੀਡਰ ਪ੍ਰਿਆ ਸ਼੍ਰੀਨੇਤ ਨੇ ਸਰਕਾਰ ‘ਤੇ ਬਦਮਾਸ਼ੀ, ਮੁਨਾਫਾਖੋਰੀ ਕਰਨ ਤੇ ਆਮ ਲੋਕਾਂ ਦੀ ਚਿੰਤਾ ਨਾ ਕਰਨ ਦਾ ਦੋਸ਼ ਲਾਇਆ ਤੇ ਸਵਾਲ ਕੀਤਾ ਕਿ ਯੂਪੀਏ ਸਰਕਾਰ ਦੌਰਾਨ ਸਿਲੰਡਰ ਸੜਕ ‘ਤੇ ਰੱਖ ਕੇ ਬੈਠਣ ਭਾਜਪਾ ਦੀਆਂ ਮਹਿਲਾ ਆਗੂ ਹੁਣ ਚੁੱਪ ਕਿਉਂ ਹਨ?
ਕਾਂਗਰਸੀ ਲੀਡਰ ਨੇ ਕਿਹਾ, “ਪਿਛਲੇ 10 ਦਿਨਾਂ ਦੇ ਅੰਦਰ ਇਸ ਸਰਕਾਰ ਨੇ ਐਲਪੀਜੀ ਸਿਲੰਡਰ ਵਿੱਚ 75 ਰੁਪਏ ਦਾ ਵਾਧਾ ਕੀਤਾ ਹੈ। 4 ਫਰਵਰੀ ਨੂੰ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇੰਨਾ ਹੀ ਨਹੀਂ ਦੋ ਮਹੀਨਿਆਂ ‘ਚ ਹੀ ਸਿਲੰਡਰ ਦੀ ਕੀਮਤ ਵਿੱਚ 175 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅੱਜ ਇੱਕ ਸਿਲੰਡਰ ਦਿੱਲੀ ‘ਚ 769 ਰੁਪਏ ‘ਚ ਵਿਕ ਰਿਹਾ ਹੈ।”
ਉਨ੍ਹਾਂ ਦਾਅਵਾ ਕੀਤਾ, “ਯੂਪੀਏ ਸਰਕਾਰ ਦੌਰਾਨ ਇਕ ਸਿਲੰਡਰ ਦੀ ਕੀਮਤ ਤਕਰੀਬਨ 400 ਰੁਪਏ ਸੀ। ਉਸ ਸਮੇਂ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਵੀ ਵੱਧ ਸੀ, ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕਾਬੂ ‘ਚ ਰੱਖਿਆ ਗਿਆ ਸੀ। ਹੁਣ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਦੇਸ਼ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਈ।”
ਉਨ੍ਹਾਂ ਇਲਜ਼ਾਮ ਲਾਇਆ ਕਿ “ਇਸ ਸਰਕਾਰ ਨੇ ਡੀਜ਼ਲ ‘ਤੇ ਅੱਠ ਗੁਣਾਂ ਅਤੇ ਪੈਟਰੋਲ ‘ਤੇ ਢਾਈ ਗੁਣਾਂ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ। ਸਰਕਾਰ ਦੀ ਕਿਰਪਾ ਹੈ ਕਿ ਦੇਸ਼ ਨੇ ਪੈਟਰੋਲ ਦੀ ਕੀਮਤ ਦੇ ਮੱਦੇਨਜ਼ਰ ਸੈਂਕੜਾ ਜੜਿਆ ਹੈ ਅਤੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇੰਝ ਜਾਪਦਾ ਹੈ ਕਿ ਸਰਕਾਰ ਨੂੰ ਆਮ ਆਦਮੀ ਦਾ ਕੋਈ ਫਿਕਰ ਨਹੀਂ ਹੈ।” ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਦਾ ਕੰਮ ‘ਮੁਨਾਫਾਖੋਰੀ’ ਕਰਨਾ ਹੈ?
Real Estate