ਰਾਕੇਸ਼ ਟਿਕੈਤ ਨੇ ‘ਅੰਦੋਲਨਜੀਵੀ’ ਸ਼ਬਦ ‘ਤੇ ਪ੍ਰਗਟਾਇਆ ਰੋਸ, ਇਸ ਨੂੰ ਸ਼ਹੀਦਾਂ ਤੇੇ ਕਿਸਾਨਾਂ ਦਾ ਅਪਮਾਨ ਦੱਸਿਆ

436

ਕੁਰੂਕਸ਼ੇਤਰ : ਭਾਰਤੀ ਕਿਸਾਨ ਯੂਨੀਅਨ ਦੇ ਕੌਮਾਂਤਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕੁਰੂਕਸ਼ੇਤਰ ਦੀ ਧਰਤੀ ਤੋਂ ਪੂਰੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਉਨ੍ਹਾਂ ਨੇ ‘ਅੰਦੋਲਨਜੀਵੀ’ ਸ਼ਬਦ ‘ਤੇ ਸਖ਼ਤ ਰੋਸ ਪ੍ਰਗਟਾਇਆ ਤੇ ਇਸ ਨੂੰ ਸ਼ਹੀਦਾਂ ਤੇੇ ਕਿਸਾਨਾਂ ਦਾ ਅਪਮਾਨ ਦੱਸਿਆ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕਿਹਾ ਕਿ ਅਜਿਹੇ ਸ਼ਬਦਾਂ ਦੀ ਵਰਤੋਂ ਕਰਨ ਨਾਲ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ। ਕਿਸਾਨ ਸਰਕਾਰ ਨਾਲ ਗੱਲਬਾਤ ਲਈ ਹਰ ਸਮੇਂ ਤਿਆਰ ਹਨ ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਭੱਖਦਾ ਰਹੇਗਾ। ਭਾਕਿਯੂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਆਪਣੇ ਗ੍ਹਿ ਜ਼ਿਲ੍ਹੇ ਦੀ ਕਿਸਾਨ ਮਹਾਪੰਚਾਇਤ ‘ਚ ਸ਼ਾਮਲ ਨਹੀਂ ਹੋਏ। ਉਹ ਪੂਰਾ ਦਿਨ ਸਿੰਘੂ ਬਾਰਡਰ ‘ਤੇ ਕਿਸਾਨਾਂ ਨਾਲ ਰਹੇ। ਚੜੂਨੀ ਬੁੱਧਵਾਰ ਨੂੰ ਸੈਨੀਮਾਜਰਾ ਦੇ ਟੋਲ ਪਲਾਜ਼ਾ ‘ਤੇ ਕਿਸਾਨਾਂ ਦੇ ਵਿਚਾਲੇ ਪੁੱਜਣਗੇ।

ਕੁਰੂਕਸ਼ੇਤਰ ਦੇ ਗੁਮਥਲਾਗੜੂ ਦੀ ਦਾਣਾ ਮੰਡੀ ‘ਚ ਮੰਗਲਵਾਰ ਨੂੰ ਕਿਸਾਨ ਮਹਾਪੰਚਾਇਤ ਕੀਤੀ ਗਈ। ਭਾਕਿਯੂ ਦੇ ਕੌਮਾਂਤਰੀ ਬੁਲਾਰੇ ਰਾਕੇਸ਼ ਟਿਕੈਤ ਦੇ ਆਉਣ ਦਾ ਸਮਾਂ ਸਵੇਰੇ 11 ਵਜੇ ਦਾ ਸੀ ਪਰ ਉਹ ਕਰੀਬ ਤਿੰਨ ਵਜੇ ਤਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਦਾ ਸਿਰਫ਼ ਪੰਜਾਬ ਤੇ ਹਰਿਆਣਾ ਨਹੀਂ, ਬਲਕਿ ਪੂਰਾ ਦੇਸ਼ ਵਿਰੋਧ ਕਰ ਰਿਹਾ ਹੈ। ਅੰਦੋਲਨ ਨਾਲ ਕਰਨਾਟਕ, ਸਿੱਕਮ, ਬੰਗਾਲ, ਤਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਨਾਲ ਜੋੜਿਆ ਜਾਵੇਗਾ। ਇਸ ਲਈ ਉਹ ਪੂਰੇ ਦੇਸ਼ ਦਾ ਦੌਰਾ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ‘ਚ ਸਾਢੇ ਤਿੰਨ ਲੱਖ ਟਰੈਕਟਰ ਗਏ ਸਨ। ਹੁਣ 40 ਲੱਖ ਟਰੈਕਟਰ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ 77 ਦਿਨ ਤੋਂ ਚੱਲ ਰਿਹਾ ਹੈ। ਸਰਕਾਰ ਨੂੰ ਦੋ ਅਕਤੂਬਰ ਤਕ ਦਾ ਸਮਾਂ ਦਿੱਤਾ ਹੈ। ਇਸ ਲਈ ਕਿਸਾਨ ਤਿਆਰੀ ਕਰ ਲੈਣ। ਉਨ੍ਹਾਂ ਸਪੱਸ਼ਟ ਕਿਹਾ ਕਿ ਸਰਕਾਰ ਨੂੰ ਕਿਸਾਨ ਦੀ ਹਰ ਗੱਲ ਮੰਨਣੀ ਹੋਵੇਗੀ। ਕਿਸਾਨ ਨੂੰ ਸਿੱਖ, ਗ਼ੈਰ ਸਿੱਖ ਅਤੇ ਹਰਿਆਣਾ, ਪੰਜਾਬ ਦੇ ਨਾਂ ‘ਤੇ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਕਿਸਾਨ ਆਪਣੇ ਇਰਾਦੇ ‘ਤੇ ਡਟੇ ਰਹਿਣ। ਸਰਕਾਰ ਕਿਸਾਨਾਂ ਨੂੰ ਡਿਗਾਉਣ ਦੀਆਂ ਕਈ ਕੋਸ਼ਿਸ਼ਾਂ ਕਰ ਵੀ ਚੁੱਕੀ ਹੈ। ਇਸ ਤੋਂ ਪਹਿਲਾਂ ਗੁਮਥਲਾਗੜੂ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਗਗਨਜੋਤ ਸੰਧੂ ਨੇ ਰਾਕੇਸ਼ ਟਿਕੈਤ ਨੂੰ ਸਨਮਾਨਤ ਕੀਤਾ।

Real Estate