ਕਿਸਾਨ ਸਰਕਾਰ ਨਾਲ ਗੱਲਬਾਤ ਲਈ ਤਿਆਰ

268

ਨਵੀਂ ਦਿੱਲੀ, 8 ਫਰਵਰੀ

ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਅੱਜ ਕਿਹਾ ਹੈ ਕਿ ਉਹ ਅਗਲੇ ਗੇੜ ਦੀ ਗੱਲਬਾਤ ਲਈ ਤਿਆਰ ਹਨ ਅਤੇ ਕੇਂਦਰ ਸਰਕਾਰ ਮੀਟਿੰਗ ਲਈ ਤਰੀਕ ਅਤੇ ਸਮਾਂ ਦੱਸੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੰਦੋਲਨ ਖ਼ਤਮ ਕਰਨ ਦੀ ਅਪੀਲ ਅਤੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੇ ਦਿੱਤੇ ਸੱਦੇ ਮਗਰੋਂ ਕਿਸਾਨਾਂ ਦਾ ਇਹ ਬਿਆਨ ਆਇਆ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦੀ ਰਾਜ ਸਭਾ ਵਿੱਚ ਦਿੱਤੀ ਤਕਰੀਰ ਕਿ ਦੇਸ਼ ਵਿੱਚ ਅੰਦੋਲਨਕਾਰੀਆਂ ਦੀ ਨਵੀਂ ਪੀੜ੍ਹੀ ‘ਅੰਦੋਲਨਜੀਵੀ’ ਪੈਦਾ ਹੋ ਗਈ ਹੈ, ’ਤੇ ਇਤਰਾਜ਼ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਅੰਦੋਲਨ ਦੀ ਜਮਹੂਰੀਅਤ ਵਿੱਚ ਅਹਿਮ ਭੂਮਿਕਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਮੈਂਬਰ ਅਤੇ ਅੰਦੋਲਨ ਦੇ ਸਿਰਕੱਢ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਉਹ ਅਗਲੇ ਗੇੜ ਦੀ ਗੱਲਬਾਤ ਲਈ ਤਿਆਰ ਹਨ ਅਤੇ ਸਰਕਾਰ ਨੂੰ ਮੀਟਿੰਗ ਲਈ ਤਰੀਕ ਅਤੇ ਸਮਾਂ ਤੈਅ ਕਰਨਾ ਚਾਹੀਦਾ ਹੈ। ਕੱਕਾ ਨੇ ਕਿਹਾ, ‘‘ਸਰਕਾਰ ਨਾਲ ਗੱਲਬਾਤ ਤੋਂ ਅਸੀਂ ਕਦੇ ਇਨਕਾਰ ਨਹੀਂ ਕੀਤਾ। ਜਦੋਂ ਵੀ ਸਾਨੂੰ ਗੱਲਬਾਤ ਲਈ ਬੁਲਾਇਆ ਗਿਆ, ਅਸੀਂ ਕੇਂਦਰੀ ਮੰਤਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਅਸੀਂ ਸਰਕਾਰ ਨਾਲ ਹੁਣ ਵੀ ਗੱਲਬਾਤ ਲਈ ਤਿਆਰ ਹਾਂ।’’ ਜ਼ਿਕਰਯੋਗ ਹੈ ਕਿ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਹੁਣ ਤੱਕ 11 ਗੇੜ ਦੀ ਗੱਲਬਾਤ ਹੋ ਚੁੱਕੀ ਹੈ। ਕਿਸਾਨ ਯੂਨੀਅਨਾਂ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੀਆਂ ਹਨ।

Real Estate