ਗਣਤੰਤਰ ਦਿਵਸ ‘ਤੇ ਦਿੱਲੀ ‘ਚ ਸੱਤ ਕਿਸਾਨ ਜਥੇਬੰਦੀਆਂ ਨੇ ਕੀਤੀ ਸੀ ਤੈਅਸ਼ੁਦਾ ਰੂਟ ਦੀ ਉਲੰਘਣਾ-ਭਾਕਿਯੂ (ਕ੍ਰਾਂਤੀਕਾਰੀ) ਦਾ ਦਾਅਵਾ

268
ਬਠਿੰਡਾ : ਲਾਲ ਕਿਲ੍ਹਾ ਹਿੰਸਾ (Red Fort Violence) ਮਾਮਲੇ ‘ਚ ਮੁਅੱਤਲ ਕੀਤੇ ਗਏ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦਾਅਵਾ ਕੀਤਾ ਹੈ ਕਿ ਸਿਰਫ਼ ਦੋ ਜਥੇਬੰਦੀਆਂ ਹੀ ਨਹੀਂ ਬਲਕਿ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਸਮੇਤ ਸੱਤ ਕਿਸਾਨ ਜਥੇਬੰਦੀਆਂ ਦੇ ਵਰਕਰ ਓਧਰ ਗਏ ਸਨ। ਪਰ ਇਸ ਮਾਮਲੇ ‘ਚ ਮੁਅੱਤਲ ਸਿਰਫ਼ ਦੋ ਜਥੇਬੰਦੀਆਂ ਨੂੰ ਕੀਤਾ ਗਿਆ। ਇਸ ਵਿਚ ਉਨ੍ਹਾਂ ਤੋਂ ਇਲਾਵਾ ਆਜ਼ਾਦ ਕਿਸਾਨ ਕਮੇਟੀ ਵੀ ਸ਼ਾਮਲ ਹੈ।
ਸੁਰਜੀਤ ਫੂਲ ਨੇ ਕਿਹਾ ਕਿ ਇਹ ਮੁਅੱਤਲੀ ਵੀ ਦੇਸ਼ ਭਰ ਦੀਆਂ 40 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਵੱਲੋਂ ਨਹੀਂ ਕੀਤੀ ਗਈ। ਸਿਰਫ਼ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ ਕੀਤੀ ਗਈ ਹੈ, ਪਰ ਤੈਅਸ਼ੁਦਾ ਰੂਟ ਦੀ ਉਲੰਘਣਾ ਕਰ ਕੇ ਲਾਲ ਕਿਲ੍ਹੇ ਵੱਲ ਵਧਣ ਵਾਲੇ ਕਿਸਾਨਾਂ ਦੀ ਅਗਵਾਈ ਉਨ੍ਹਾਂ ਦਾ ਕੋਈ ਵੀ ਕਿਸਾਨ ਆਗੂ ਨਹੀਂ ਕਰਨ ਗਿਆ। ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿਸਾਨ ਤੈਅਸ਼ੁਦਾ ਰੂਟ ਛੱਡ ਕੇ ਦਿੱਲੀ ‘ਚ ਦਾਖ਼ਲ ਹੋ ਗਏ ਤੇ ਲਾਲ ਕਿਲ੍ਹੇ ਵੱਲ ਵਧ ਰਹੇ ਹਨ ਤਾਂ ਉਨ੍ਹਾਂ ਨੂੰ ਮਜਬੂਰੀ ਵੱਸ ਅੱਗੇ ਜਾਣਾ ਪਿਆ ਤਾਂ ਜੋ ਉੱਥੇ ਕਿਸੇ ਤਰ੍ਹਾਂ ਦਾ ਹੰਗਾਮਾ ਨਾ ਹੋਵੇ ਤੇ ਉਨ੍ਹਾਂ ਨੂੰ ਵਾਪਸ ਲਿਆਂਦਾ ਜਾ ਸਕੇ। ਇਸ ਦੇ ਬਾਵਜੂਦ ਸਿਰਫ਼ ਸਿਰਫ਼ ਦੋ ਕਿਸਾਨ ਜਥੇਬੰਦੀਆਂ ਨੂੰ ਮੋਰਚੇ ਤੋਂ ਮੁਅੱਤਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਪੱਖ ਜਾਣਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਉਸ ਕਮੇਟੀ ਸਾਹਮਣੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਆਪਣਾ ਪੱਖ ਰੱਖ ਦਿੱਤਾ ਗਿਆ ਹੈ।
Real Estate