ਦਿੱਲੀ ਪੁਲਿਸ ਨੇ ਕਿੱਲਾਂ ਹਟਾਉਣ ਦੀ ਖਬਰ ਦਾ ਕੀਤਾ ਖੰਡਨ, ਹੋਰ ਪਾਸੇ ਲਾਉਣ ਦੀ ਕੀਤੀ ਗੱਲ

432

ਨਵੀਂ ਦਿੱਲੀ, 4 ਫਰਵਰੀ

ਦਿੱਲੀ ਗਾਜ਼ੀਆਬਾਦ ਮਾਰਗ ਦੀ ਗਾਜ਼ੀਪੁਰ ਬਾਰਡਰ ਉਪਰ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਮੋਰਚੇ ਵੱਲ ਕਿਸਾਨਾਂ ਦੀਆਂ ਗੱਡੀਆਂ ਨੂੰ ਵੱਧਣੋਂ ਰੋਕਣ ਲਈ ਦਿੱਲੀ ਪੁਲੀਸ ਵੱਲੋਂ ਲੋਹੇ ਦੀਆਂ ਪਲੇਟਾਂ ਵਿੱਚ ਵੈਲਡਿੰਗ ਕਰਕੇ ਲਾਈਆਂ ਕਿੱਲਾਂ ਨੂੰ ਹਟਾਇਆ ਨਹੀਂ ਗਿਆ ਸਗੋਂ ਉਨ੍ਹਾਂ ਨੂੰ ਹੋਰ ਥਾਂ ਉਪਰ ਗੱਡਿਆ ਗਿਆ ਹੈ। ਪੁਲੀਸ ਵੱਲੋਂ ਤਰਕ ਦਿੱਤਾ ਗਿਆ ਕਿ ਇਨ੍ਹਾਂ ਕਿੱਲਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਇਹ ਕਿੱਲਾਂ ਦੀ ਥਾਂ ਬਦਲੀ ਗਈ ਹੈ। ਵੀਡੀਓ ਵਾਇਰਲ ਹੋਇਆ ਸੀ ਕਿ ਦਿੱਲੀ ਪੁਲੀਸ ਨੇ ਗਾਜ਼ੀਪੁਰ ਨੂੰ ਮਾਰਗ ਉਪਰ ਗੱਡੀਆਂ ਕਿੱਲਾਂ ਪੁੱਟ ਦਿੱਤੀਆਂ ਹਨ ਤੇ ਇਸ ਵੀਡੀਓ ਬਾਰੇ ਕਿਹਾ ਜਾ ਰਿਹਾ ਸੀ ਕਿ ਪੁਲੀਸ ਨੇ ਦਬਾਅ ਹੇਠ ਇਹ ਕਦਮ ਪੁੱਟਿਆ। ਪੁਲੀਸ ਵੱਲੋਂ ਸਾਫ਼ ਕੀਤਾ ਗਿਆ ਕਿ ਜੋ ਵੀਡੀਓ ਜਾਂ ਤਸਵੀਰਾਂ ਘੁੰਮ ਰਹੀਆਂ ਹਨ ਜਿਨ੍ਹਾਂ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਉਹ ਗਾਜ਼ੀਪੁਰ ਹੱਦ ਤੋਂ ਹਟਾਈਆਂ ਜਾ ਰਹੀਆਂ, ਉਨ੍ਹਾਂ ਦੀ ਸਿਰਫ਼ ਥਾਂ ਹੀ ਬਦਲੀ ਗਈ ਹੈ। ਇਹ ਕਿੱਲਾਂ ਲਾ ਕੇ ਕਿਸਾਨਾਂ ਦੇ ਟਰੈਕਟਰ ਤੇ ਹੋਰ ਗੱਡੀਆਂ ਦੇ ਇਸ ਮਾਰਗ ਉਪਰ ਆਉਣੋਂ ਰੋਕਣ ਲਈ ਲਾਈਆਂ ਗਈਆਂ ਹਨ। ਟਿਕਰੀ ਤੇ ਸਿੰਘੂ ਬਾਰਡਰਾਂ ਉਪਰ ਵੀ ਦਿੱਲੀ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਤੇ ਟਿਕਰੀ ਦੇ ਮੋਰਚੇ ਦੀ ਸੜਕ ਉਪਰ ਸਭ ਤੋਂ ਪਹਿਲਾਂ ਕਿੱਲਾਂ ਜ਼ਮੀਨ ਵਿੱਚ ਦੱਬੀਆਂ ਗਈਆਂ। ਤਿੰਨਾਂ ਬਾਰਡਰਾਂ ਦੇ ਬੈਰੀਕੇਡਾਂ ਉਪਰ ਕੰਡਿਆਲੀਆਂ ਤਾਰਾਂ ਵੀ ਬੰਨ੍ਹ ਦਿੱਤੀਆਂ ਗਈਆਂ ਹਨ। ਪੁਲੀਸ ਨੇ ਕਿਹਾ ਸੁਰੱਖਿਆ ਇੰਤਜ਼ਾਮਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਗਈ।

Real Estate