ਕੌਣ ਹੈ ਦੀਪ ਸਿੱਧੂ ਤੇ ਕੀ ਹੈ ਉਸ ਦਾ ਪਿਛੋਕੜ?

65

ਪੰਜਾਬੀ ਅਦਾਕਾਰ ਦੀਪ ਸਿੱਧੂ ਇਨ੍ਹੀਂ ਦਿਨੀਂ ਵਿਵਾਦਾਂ ’ਚ ਹਨ। ਦੀਪ ਸਿੱਧੂ ਤਾਲਾਬੰਦੀ ਦੌਰਾਨ ਕਿਸਾਨਾਂ ਦੇ ਹੱਕਾਂ ਬਾਰੇ ਗੱਲ ਕਰਨ ਨੂੰ ਲੈ ਕੇ ਖੂਬ ਸੁਰਖ਼ੀਆਂ ’ਚ ਆਏ ਸਨ। ਦੀਪ ਸਿੱਧੂ 26 ਜਨਵਰੀ ਮੌਕੇ ਦਿੱਲੀ ਦੇ ਲਾਲ ਕਿਲੇ ’ਤੇ ਹੋਏ ਹੰਗਾਮੇ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਦੀਪ ਸਿੱਧੂ ਦਾ ਪਿਛੋਕੜ ਕੀ ਹੈ? ਆਓ ਜਾਣਦੇ ਹਾਂ ਉਸ ਬਾਰੇ ਕੁਝ ਗੱਲਾਂ–

ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸੁਰਜੀਤ ਸਿੰਘ ਹੈ, ਜੋ ਪੇਸ਼ੇ ਤੋਂ ਵਕੀਲ ਸਨ। ਦੀਪ ਸਿੱਧੂ ਖੁਦ ਵੀ ਵਕਾਲਤ ਦੀ ਪੜ੍ਹਾਈ ਕਰ ਚੁੱਕੇ ਹਨ। ਕੁਝ ਸਮੇਂ ਲਈ ਉਨ੍ਹਾਂ ਵਕਾਲਤ ਕੀਤੀ, ਫਿਰ ਕਿੰਗ ਫਿਸ਼ਰ ਮਾਡਲ ਹੰਟ ਐਵਾਰਡ ਜਿੱਤਣ ਤੋਂ ਬਾਅਦ ਉਨ੍ਹਾਂ ਮਾਡਲਿੰਗ ਤੇ ਫ਼ਿਲਮਾਂ ’ਚ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ। ਸਾਲ 2015 ’ਚ ਉਨ੍ਹਾਂ ਦੀ ਪਹਿਲੀ ਫ਼ਿਲਮ ‘ਰਮਤਾ ਜੋਗੀ’ ਆਈ। ਇਹ ਫ਼ਿਲਮ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ਦੀ ਸੀ। ਇਸੇ ਫ਼ਿਲਮ ਦੇ ਚਲਦਿਆਂ ਦੀਪ ਸਿੱਧੂ ਧਰਮਿੰਦਰ ਦੇ ਪਰਿਵਾਰ ਦੇ ਨਜ਼ਦੀਕ ਆਏ। ਦੂਜੀ ਫ਼ਿਲਮ ਆਈ ‘ਜੋਰਾ 10 ਨੰਬਰੀਆ’, ਜੋ 2017 ’ਚ ਰਿਲੀਜ਼ ਹੋਈ। ਫ਼ਿਲਮ ’ਚ ਉਨ੍ਹਾਂ ਨੇ ਇਕ ਗੈਂਗਸਟਰ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ ਕਾਫੀ ਸਫਲ ਸਿੱਧ ਹੋਈ। ਜਿਸ ਕਾਰਨ ਫ਼ਿਲਮ ਦਾ ਸੀਕੁਅਲ ਵੀ ਬਣਾਇਆ ਗਿਆ ਪਰ ਤਾਲਾਬੰਦੀ ਦੇ ਚਲਦਿਆਂ ਸੀਕੁਅਲ ਕੁਝ ਖਾਸ ਨਹੀਂ ਕਰ ਸਕਿਆ।

PunjabKesari

ਕਿਸਾਨ ਅੰਦੋਲਨ ਤੋਂ ਪਹਿਲਾਂ ਦੀਪ ਸਿੱਧੂ ਦੀ ਪਛਾਣ ਇਕ ਮਾਡਲ, ਅਦਾਕਾਰ, ਵਕੀਲ ਤੇ ਕਾਨੂੰਨੀ ਸਲਾਹਕਾਰ ਵਜੋਂ ਸੀ। ਹੁਣ ਤਕ ਦੀਪ ਸਿੱਧੂ ਨੇ 6 ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ’ਚ ‘ਰਮਤਾ ਜੋਗੀ’, ‘ਜੋਰਾ 10 ਨੰਬਰੀਆ’, ‘ਰੰਗ ਪੰਜਾਬ’, ‘ਸਾਡੇ ਆਲਾ’, ‘ਦੇਸੀ’ ਤੇ ‘ਜੋਰਾ ਦਿ ਸੈਕਿੰਡ ਚੈਪਟਰ’ ਸ਼ਾਮਲ ਹਨ।

ਇਸ ਤੋਂ ਇਲਾਵਾ 3 ਸਾਲਾਂ ਤਕ ਉਨ੍ਹਾਂ ਨੇ ਏਕਤਾ ਕਪੂਰ ਦੇ ਬਾਲਾਜੀ ਟੈਲੀਫ਼ਿਲਮਜ਼ ’ਚ ਲੀਗਲ ਹੈੱਡ ਦੇ ਤੌਰ ’ਤੇ ਕੰਮ ਕੀਤਾ। ਇਸ ਦੌਰਾਨ ਦੀਪ ਸਿੱਧੂ ਨੂੰ ਏਕਤਾ ਵਲੋਂ ਸੀਰੀਅਲ ’ਚ ਕੰਮ ਕਰਨ ਦਾ ਆਫਰ ਵੀ ਮਿਲਿਆ ਪਰ ਦੀਪ ਸਿੱਧੂ ਨੇ ਠੁਕਰਾ ਦਿੱਤਾ। ਦੀਪ ਸਿੱਧੂ ਨੇ ਆਪਣੀ ਲੀਗਲ ਫਰਮ ਲੈਕਸ ਲੀਗਲ ਵੀ ਬਣਾਈ। 2019 ’ਚ ਦੀਪ ਸਿੱਧੂ ਸੰਨੀ ਦਿਓਲ ਦੀ ਚੋਣ ਮੁਹਿੰਮ ਕਾਰਨ ਮੁੜ ਸੁਰਖ਼ੀਆਂ ’ਚ ਆਏ ਤੇ ਅੱਜਕਲ ਕਿਸਾਨੀ ਅੰਦੋਲਨ ’ਚ ਗਰਜਦੇ ਦਿਖਾਈ ਦੇ ਰਹੇ ਹਨ।

PunjabKesari

ਦੀਪ ਸਿੱਧੂ ਨੂੰ ਬਾਲੀਵੁੱਡ ਅਦਾਕਾਰ ਤੇ ਭਾਜਪਾ ਦੇ ਗੁਰਦਾਸਪੁਰ ਤੋਂ ਐੱਮ. ਪੀ. ਸੰਨੀ ਦਿਓਲ ਦੇ ਕਾਫੀ ਕਰੀਬੀ ਮੰਨਿਆ ਜਾਂਦਾ ਹੈ। ਚਰਚਾ ਇਹ ਵੀ ਸੀ ਕਿ ਦੀਪ ਸਿੱਧੂ ਰਾਜਨੀਤੀ ’ਚ ਆਉਣ ਦੇ ਸੁਪਨੇ ਦੇਖ ਰਹੇ ਸਨ, ਜਦੋਂ ਸੰਨੀ ਦਿਓਲ ਨੂੰ ਭਾਜਪਾ ਨੇ ਗੁਰਦਾਸਪੁਰ ਤੋਂ ਟਿਕਟ ਦੇ ਦਿੱਤੀ। ਸੰਨੀ ਦਿਓਲ ਦੀ ਸਾਰੀ ਚੋਣ ਮੁਹਿੰਮ ਦੀਪ ਸਿੱਧੂ ’ਤੇ ਟਿਕੀ ਹੋਈ ਸੀ। ਦੀਪ ਸਿੱਧੂ ਦੀ ਪਹਿਲੀ ਫ਼ਿਲਮ ‘ਰਮਤਾ ਜੋਗੀ’ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ਦੀ ਹੀ ਸੀ, ਜਿਸ ਕਾਰਨ ਦੀਪ ਸਿੱਧੂ ਧਰਮਿੰਦਰ ਨੂੰ ਆਪਣਾ ਗੌਡ ਫਾਦਰ ਮੰਨਦੇ ਹਨ। ਸੰਨੀ ਦਿਓਲ ਦੀ ਚੋਣ ਮੁਹਿੰਮ ਨਾਲ ਜੁੜੇ ਹੋਣ ਕਾਰਨ ਦੀਪ ਸਿੱਧੂ ਦੀਆਂ ਤਸਵੀਰਾਂ ਭਾਜਪਾ ਨੇਤਾਵਾਂ ਨਾਲ ਵੀ ਸਾਹਮਣੇ ਆਈਆਂ, ਜਦੋਂਕਿ ਸੰਨੀ ਦਿਓਲ ਖੁਦ ਕਹਿ ਚੁੱਕੇ ਹਨ ਕਿ ਦੀਪ ਸਿੱਧੂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ।

Real Estate