ਮਨੋਰੰਜਨ ਕਾਲੀਆ ਦੀ ਬਠਿੰਡਾ ਫੇਰੀ ਮੌਕੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਹੋਟਲ ਘੇਰਿਆ, ਭਾਜਪਾ ਨੇਤਾ ਹੋਟਲ ਦੇ ਪਿਛਲੇ ਦਰਵਾਜ਼ੇ ਤੋਂ ਨਿਕਲੇ

546

ਬਠਿੰਡਾ, 23 ਜਨਵਰੀ

ਭਾਜਪਾ ਦੇ ਨੇਤਾ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅੱਜ ਬਠਿੰਡਾ ਫੇਰੀ ਮੌਕੇ ਪੁਲੀਸ ਨੇ ਸਖ਼ਤ ਬੰਦੋਬਸਤ ਕੀਤੇ ਪਰ ਇਸ ਦੌਰਾਨ ਕਿਸਾਨਾਂ ਨੂੰ ਜਿਵੇਂ ਹੀ ਸ੍ਰੀ ਕਾਲੀਆ ਦੀ ਫੇਰੀ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਇਕੱਠੇ ਹੋ ਕੇ ਹੋਟਲ ਵੱਲ ਤੁਰ ਪਏ ਤੇ ਹੋਟਲ ਦੇ ਬਾਹਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਕਿਸਾਨਾਂ ਤੇ ਪੁਲੀਸ ਵਿਚਾਲੇ ਖਿੱਚਧੂਹ ਹੋਈ ਤੇ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ। ਇਸ ਦੌਰਾਨ ਭਾਜਪਾ ਨੇਤਾ ਹੋਟਲ ਦੇ ਪਿਛਲੇ ਦਰਵਾਜ਼ੇ ਤੋਂ ਨਿਕਲ ਗਏ। ਕਿਸਾਨਾਂ ਨੇ ਹੋਟਲ ਘੇਰ ਕੇ ਪ੍ਰਦਰਸ਼ਨ ਸ਼ੁਰੂ ਕੀਤਾ। ਭਾਜਪਾ ਨੇਤਾ ਨਗਰ ਨਿਗਮ ਚੋਣਾਂ ਤੇ ਹੋਰ ਮਸਲਿਆਂ ‘ਤੇ ਵਿਚਾਰ ਕਰਨ ਲਈ ਹੋਟਲ ਵਿੱਚ ਪਾਰਟੀ ਨੇਤਾਵਾਂ ਨਾਲ ਮੀਟਿੰਗ ਕਰਨ ਆਏ ਸਨ। ਕਿਸਾਨਾਂ ਅੰਦੋਲਨ ਦੇ ਮੱਦੇਨਜ਼ਰ ਪੁਲੀਸ ਨੇ ਕਿਸੇ ਤਰ੍ਹਾਂ ਦੀ ਬਦਅਮਨੀ ਨੂੰ ਰੋਕਣ ਲਈ ਮੀਟਿੰਗ ਵਾਲੀ ਥਾਂ ਦੇ ਚਾਰੇ ਪਾਸੇ ਬੈਰੀਕੇਡ ਲਗਾਏ ਸਨ ਤੇ ਵੱਡੀ ਗਿਣਤੀ ਵਿੱਚ ਪੁਲੀਸ ਜਵਾਨ ਤਾਇਨਾਤ ਸਨ।ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਵਿਚ ਆਏ ਕਿਸਾਨਾਂ ਨੇ ਭਾਜਪਾ ਆਗੂ ਦਾ ਇਸ ਲਈ ਵਿਰੋਧ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਕੇਂਦਰੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਲਈ ਬਜ਼ਿੱਦ ਹੈ। ਸ੍ਰੀ ਕੋਟੜਾ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਭਾਜਪਾ ਦੇ ਆਗੂਆਂ ਨੂੰ ਪੰਜਾਬ ਵਿੱਚ ਕੋਈ ਸਰਗਰਮੀ ਨਹੀਂ ਕਰਨ ਦਿੱਤੀ ਜਾਵੇਗੀ।

Real Estate