ਚੜੂਨੀ ਹੈ ਸਿਆਸੀ ਪਾਰਟੀਆਂ ਦੇ ਸੰਪਰਕ ’ਚ, ਲੱਗੇ ਦੋਸ਼

74

ਨਵੀਂ ਦਿੱਲੀ, 18 ਜਨਵਰੀ-ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 55 ਦਿਨਾਂ ਤੋਂ ਇਕਜੁੱਟ ਹੋ ਕੇ ਦਿੱਲੀ ਦੀਆਂ ਬਰੂਹਾਂ ’ਤੇ ਲਾੲੇ ਧਰਨਿਆਂ ’ਚ ਡਟੇ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਦੇ ਆਸਾਰ ਬਣ ਗਏ ਹਨ। ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ’ਤੇ ਸਿਆਸੀ ਪਾਰਟੀਆਂ ਦੇ ਕਥਿਤ ਸੰਪਰਕ ਵਿੱਚ ਹੋਣ ਦੇ ਲੱਗੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ। ਲੰਘੇ ਦਿਨ ਸਿੰਘੂ ’ਤੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਵੀ ਪੱਤਰਕਾਰਾਂ ਨੇ ਚੜੂਨੀ ਨੂੰ ਲੈ ਕੇ ਮੋਰਚੇ ਦੇ ਆਗੂਆਂ ਤੋਂ ਸਵਾਲ ਪੁੱਛੇ ਸਨ।
ਚੇਤੇ ਰਹੇ ਕਿ ਚੜੂਨੀ ’ਤੇ ਦੋਸ਼ ਲੱਗ ਰਹੇ ਹਨ ਕਿ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੇ ਸੰਪਰਕ ਵਿੱਚ ਹਨ ਤੇ ਅਗਲੇ ਦਿਨਾਂ ’ਚ ਸਾਂਝੀ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ਜਦੋਂਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਸਾਫ਼ ਕਰ ਚੁੱਕਾ ਹੈ ਕਿ ਇਸ ਅੰਦੋਲਨ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਚੜੂਨੀ ਵੱਲੋਂ ਸੱਦੀ ‘ਸਮੁੱਚੀ ਸਿਆਸੀ ਪਾਰਟੀਆਂ ਦੀ ਮੀਟਿੰਗ’ ਨਾਲ ਕੋਈ ਸਬੰਧ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਨੇ ਸਿਆਸੀ ਪਾਰਟੀਆਂ ਨਾਲ ਚੜੂਨੀ ਦੀਆਂ ਚੱਲ ਰਹੀਆਂ ਗਤੀਵਿਧੀਆਂ ਦਾ ਨੋਟਿਸ ਲੈਂਦਿਆਂ, ਲੰਘੇ ਦਿਨ ਮੋਰਚੇ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਮਗਰੋਂ ਇੱਕ ਕਮੇਟੀ ਬਣਾਈ ਹੈ, ਜੋ ਇਸ ਮਾਮਲੇ ਦੀ ਜਾਂਚ ਕਰ ਕੇ ਤਿੰਨ ਦਿਨਾਂ ਆਪਣੀ ਰਿਪੋਰਟ ਦੇਵੇਗੀ।

Real Estate