ਯਾਦਦਾਸ਼ਤ ਗੁਆ ਚੁੱਕਾ ਫੌਜੀ 25 ਸਾਲ ਬਾਅਦ ਪਰਿਵਾਰ ਨੂੰ ਮਿਲਿਆ

358

ਭੁਲੱਥ, 14 ਜਨਵਰੀ

ਪਿੰਡ ਬਾਗਵਾਨਪੁਰ ਦਾ ਇੱਕ ਫ਼ੌਜੀ ਗੁਰਬਖ਼ਸ਼ ਸਿੰਘ ਪੁੱਤਰ ਅਵਤਾਰ ਸਿੰਘ 25 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ ਹੈ। ਉਸ ਨੇ ਦੱਸਿਆ ਕਿ ਉਹ 26 ਸਾਲ ਪਹਿਲਾਂ ਆਪਣੀ ਵੱਡੀ ਭੈਣ ਸਰਬਜੀਤ ਕੌਰ ਵਾਸੀ ਕੁਠਾਲਾ ਕੋਲ ਰਹਿ ਕੇ ਦਸਵੀਂ ਪਾਸ ਕਰ ਕੇ ਫ਼ੌਜ ਵਿੱਚ ਭਰਤੀ ਹੋ ਗਿਆ ਸੀ। ਉਸ ਨੇ ਆਪਣੀ ਯੂਨਿਟ 113 ਬੰਬੇ ਇੰਜਨੀਅਰਿੰਗ ਪੁਣੇ ਤੋਂ ਰੰਗਰੂਟੀ ਪਾਸ ਕੀਤੀ।

ਉਸ ਨੇ ਦੱਸਿਆ ਕਿ ਰੰਗਰੂਟੀ ਮਗਰੋਂ ਜਦੋਂ ਉਹ ਛੁੱਟੀ ਕੱਟ ਕੇ ਹੋਰ ਜਵਾਨਾਂ ਨਾਲ ਕਰਤਾਰਪੁਰ ਤੋਂ ਦਿੱਲੀ ਜਾਣ ਵਾਲੀ ਗੱਡੀ ’ਤੇ ਜਾ ਰਿਹਾ ਸੀ ਤਾਂ ਦਿੱਲੀ ਨੇੜੇ ਡਕੈਤਾਂ ਨੇ ਉਸ ਦੇ ਸਿਰ ਵਿੱਚ ਸੱਟਾਂ ਮਾਰ ਦਿੱਤੀਆਂ। ਜਦੋਂ ਇਲਾਜ ਮਗਰੋਂ ਉਸ ਨੂੰ ਹੋਸ਼ ਆਇਆ ਤਾਂ ਉਹ ਲਾਭ ਸਿੰਘ ਕਾਰ ਸੇਵਾ ਵਾਲਿਆਂ ਦੀ ਸਪੁਰਦਗੀ ਵਿੱਚ ਸੀ ਤੇ ਉਸ ਨੂੰ ਸੁੱਧ-ਬੁੱਧ ਨਹੀਂ ਸੀ। ਲੰਮੇ ਸਮੇਂ ਤਕ ਉਸ ਨੂੰ ਆਪਣੇ ਪਿਛੋਕੜ ਬਾਰੇ ਜਾਣਕਾਰੀ ਨਹੀਂ ਸੀ। ਅਚਾਨਕ ਮੰਡੀ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰੇ ਵਿਖੇ ਸੇਵਾ ਕਰਦਿਆਂ ਇੱਕ ਵਿਅਕਤੀ ਨਾਲ ਮੁਲਾਕਾਤ ਮਗਰੋਂ ਉਸ ਨੂੰ ਕੁਝ ਯਾਦ ਆਇਆ ਕਿ ਉਸ ਦੀ ਇਕ ਭੈਣ ਹਬੀਬ ਵਾਲ ਵਿਆਹੀ ਹੋਈ ਹੈ ਤੇ ਉਸ ਵਿਅਕਤੀ ਨੇ ਉਸ ਦੀ ਭੈਣ ਨਾਲ ਸੰਪਰਕ ਕੀਤਾ। ਗੁਰਬਖਸ਼ ਸਿੰਘ ਬਾਰੇ ਪਤਾ ਲੱਗਣ ’ਤੇ ਉਸ ਦੇ ਭਰਾ ਨਿਸ਼ਾਨ ਸਿੰਘ ਨੇ ਕਾਰ ਸੇਵਾ ਵਾਲਿਆਂ ਨਾਲ ਸੰਪਰਕ ਕੀਤਾ ਤੇ ਉਸ ਨੂੰ ਆਪਣੇ ਘਰ ਲੈ ਕੇ ਆ ਗਏ। 25 ਸਾਲਾਂ ਬਾਅਦ ਗੁਰਬਖਸ਼ ਸਿੰਘ ਦੇ ਮਿਲਣ ’ਤੇ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ। ਗੁਰਬਖਸ਼ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਸੱਟਾਂ ਮਾਰੀਆਂ ਗਈਆਂ, ਉਦੋਂ ਉਹ ਡਿਊਟੀ ’ਤੇ ਵਾਪਸ ਜਾ     ਰਿਹਾ ਸੀ।

ਫ਼ੌਜੀ ਗੂਰਬਖਸ ਸਿੰਘ ਅਨੁਸਾਰ ਉਸ ਦਾ ਕਾਰਡ ਨੰਬਰ 1582992, ਪਲਟਣ ਐਸ ਐਸ ਆਈ, ਕੰਪਨੀ ਟੀ ਬੀ ਟੀ ਤੇ ਬੰਬੇ ਇੰਜਨੀਅਰਿੰਗ ਕੋਰ ਕਿਰਕੀ ਪੁਣੇ -3 ਤੇ ਪਿੰਨ ਕੋਡ 411003 ਸੀ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਿਊਟੀ ਦੌਰਾਨ ਹੋਏ ਹਾਦਸੇ ਕਾਰਨ ਉਸ ਨੂੰ ਡਿਊਟੀ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

Real Estate