ਚਾਰ ਭਾਰਤੀ ਮਹਿਲਾ ਪਾਇਲਟਾਂ ਨੇ ਰਚਿਆ ਇਤਿਹਾਸ

324

ਨਵੀਂ ਦਿੱਲੀ, 11 ਜਨਵਰੀ

ਏਅਰ ਇੰਡੀਆ ਦੀ ਸਾਂ ਫਰਾਂਸਿਸਕੋ ਤੋਂ ਬੰਗਲੂਰੂ ਲਈ ਲੰਮੀ ਸਿੱਧੀ ਉਡਾਨ ਦੱਖਣੀ ਰਾਜ ’ਚ ਉਤਰੀ ਤੇ ਇਸ ਉਡਾਨ ਦੀ ਖਾਸ ਗੱਲ ਇਹ ਸੀ ਕਿ ਇਸ ਨੂੰ ਮਹਿਲਾ ਪਾਇਲਟਾਂ ਚਲਾ ਰਹੀਆਂ ਸਨ। ਚੇਤੇ ਰਹੇ ਕਿ ਏਅਰ ਇੰਡੀਆ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਕਿਸੇ ਵੀ ਭਾਰਤੀ ਏਅਰਲਾਈਨ ਵੱਲੋਂ ਸੰਚਾਲਿਤ ਇਹ ਹੁਣ ਤੱਕ ਦੀ ਸਭ ਤੋਂ ਲੰਮੀ ਕਮਰਸ਼ਲ ਉਡਾਨ ਹੋਵੇਗੀ ਤੇ ਹਵਾ ਦੀ ਰਫ਼ਤਾਰ ਮੁਤਾਬਕ ਇਸ ਨੂੰ 17 ਘੰਟਿਆਂ ਤੋਂ ਵੱਧ ਸਮਾਂ ਲੱਗੇਗਾ। ਵਿਸ਼ਵ ਦੇ ਇਕ ਕੋਨੇ ਤੋਂ ਦੂਜੇ ’ਤੇ ਸਥਿਤ ਦੋਵਾਂ ਸ਼ਹਿਰਾਂ ਦੀ ਦੂਰੀ 13,993 ਕਿਲੋਮੀਟਰ ਹੈ ਤੇ ਸਮੇਂ ਵਿੱਚ ਵੀ 13.5 ਘੰਟੇ ਦਾ ਫ਼ਰਕ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ, ‘ਇਹ ਖੁ਼ਸ਼ੀ ਤੇ ਜਸ਼ਨ ਦਾ ਸਮਾਂ ਹੈ। ਭਾਰਤੀ ਸ਼ਹਿਰੀ ਹਵਾਬਾਜ਼ੀ ਦੀਆਂ ਮਹਿਲਾ ਪੇਸ਼ੇਵਰਾਂ ਨੇ ਇਤਿਹਾਸ ਰਚਿਆ ਹੈ।’ ਉਨ੍ਹਾਂ ਕਿਹਾ, ‘ਕੈਪਟਨ ਜ਼ੋਇਆ ਅਗਰਵਾਲ, ਕੈਪਟਨ ਪਾਪਾਗਰੀ ਤਨਮਈ, ਕੈਪਟਨ ਅਕਾਂਕਸ਼ਾ ਸੋਨਾਵਰੇ ਤੇ ਕੈਪਟਨ ਸ਼ਿਵਾਨੀ ਨੂੰ ਸਾਂ ਫਰਾਂਸਿਸਕੋ ਤੋਂ ਉੱਤਰੀ ਧੁਰੇ ਤੋਂ ਹੁੰਦੇ ਹੋੲੇ ਬੰਗਲੌਰ ਉਤਰਨ ’ਤੇ ਬਹੁਤ ਬਹੁਤ ਵਧਾਈ।’ ਏਅਰ ਇੰਡੀਆ ਦੀ ਉਡਾਨ ੲੇਆਈ176 ਨੇ ਅਮਰੀਕਾ ਦੇ ਸਾਂ ਫਰਾਂਸਿਸਕੋ ਤੋਂ ਸ਼ਨਿੱਚਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ ਸਾਢੇ ਅੱਠ ਵਜੇ ਉਡਾਨ ਭਰੀ ਸੀ ਤੇ ਇਹ ਅੱਜ ਸੋਮਵਾਰ ਨੂੰ ਸਵੇਰੇ ਪੌਣੇ 4 ਵਜੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਬੋਇੰਗ 777-200 ਐੱਲਆਰ ਦੇ ਇਸ ਜਹਾਜ਼ ਵਿੱਚ ਅੱਠ ਪਹਿਲੇ ਦਰਜੇ, 35 ਕਾਰੋਬਾਰੀ ਦਰਜੇ, 195 ਇਕਾਨਮੀ ਵਰਗ ਸਮੇਤ ਕੁੱਲ 235 ਸੀਟਾਂ ਸੀ। ਇਸ ਤੋਂ ਇਲਾਵਾ ਕਾਕਪਿਟ ’ਚ ਚਾਰ ਪਾਇਲਟ ਤੇ ਅਮਲੇ ਦੇ 12 ਮੈਂਬਰ ਵੀ ਸੀ।

Real Estate