ਕਿਸਾਨ ਅੰਦੋਲਨ ਅਤੇ ਸਰਕਾਰਾਂ ਦੀਆਂ ਭੂਮਿਕਾਵਾਂ ਤੇ ਸਵਾਲੀਆ ਚਿੰਨ੍ਹ

488

ਚਲ ਰਿਹਾ ਕਿਸਾਨ ਅੰਦੋਲਨ ਇਕਦਮ ਇੰਨਾ ਤੀਬਰ ਨਹੀਂ ਹੋਇਆ ਬਲਕਿ ਇਸਦੇ ਪਿੱਛੇ ਸਾਲਾਂ ਬੱਧੀ ਹੁੰਦਾ ਰਿਹਾ ਕਿਸਾਨਾਂ ਦਾ ਸ਼ੋਸ਼ਣ ਇਕ ਵੱਡਾ ਕਾਰਨ ਹੈ । ਅੰਦੋਲਨ ਨੂੰ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਹੈ ਕਿ ਇਹ ਅੰਦੋਲਨ ਹੁਣ ਆਪ ਮੁਹਾਰੇ ਹੀ ਚਲ ਰਿਹਾ ਹੈ ਅਤੇ ਦਿਨੋਂ ਦਿਨ ਵਧ ਰਿਹਾ ਹੈ । ਮੋਦੀ ਸਰਕਾਰ ਇਸ ਅੰਦੋਲਨ ਨੂੰ ਸਮਝਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਅੰਦੋਲਨ ਦੇ ਖਮਿਆਜ਼ੇ ਵੀ ਸਰਕਾਰ ਨੂੰ ਭੁਗਤਣੇ ਪੈਣਗੇ । ਸਰਕਾਰਾਂ ਲੰਮੇ ਸਮੇਂ ਤੋਂ ਫਸਲੀ ਵਿਭਿੰਨਤਾ ਦਾ ਰੌਲਾ ਤਾਂ ਪਾਉਂਦੀਆਂ ਰਹੀਆਂ ਹਨ ਪਰ ਕੋਈ ਠੋਸ ਕਦਮ ਨਹੀਂ ਚੁੱਕੇ ਗਏ । ਬੜਾ ਆਸਾਨ ਤਰੀਕਾ ਸੀ ਕਿ ਸਰਕਾਰ ਜਿਹੜੀਆਂ ਵੀਹ ਦੇ ਕਰੀਬ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੀ ਸੂਚੀ ਜਾਰੀ ਕਰਦੀ ਹੈ ਉਹਨਾਂ ਫਸਲਾਂ ਦੀ ਖਰੀਦ ਵੀ ਯਕੀਨੀ ਬਣਾਉਣ ਵਲ ਕਦਮ ਚੁੱਕ ਦੀ। ਕਿਸਾਨਾਂ ਦੇ ਤਜਰਬੇ ਅਤੇ ਜਜ਼ਬੇ ਤੋਂ ਇਹ ਸਾਫ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਜਿਹੜੇ ਕਿਸਾਨ ਟਿੱਬੇ ਪੱਧਰਾ ਕਰਨ ਦਾ ਹੌਸਲਾ ਰਖ ਦੇ ਹੋਣ ਉਹਨਾਂ ਲਈ ਫਸਲੀ ਵਿਭਿੰਨਤਾ ਕੋਈ ਵੱਡੀ ਗਲ ਨਹੀਂ ਸੀ ਜੇ ਉਹਨਾਂ ਨੂੰ ਉਪਜ ਦਾ ਸਹੀ ਮੁੱਲ ਮਿਲਦਾ ਹੁੰਦਾ । ਹਾਲਾਂਕਿ ਇਸ ਵਿੱਚ ਪਿਛਲੀਆਂ ਸਰਕਾਰਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਪਰ ਮੌਜੂਦਾ ਸਰਕਾਰ ਦਾ ਅੜੀਅਲ ਰਵੱਈਆ ਅਤੇ ਕਿਸਾਨਾਂ ਤੇ ਲਗਾਏ ਝੂਠੇ ਇਲਜ਼ਾਮ ਇਸ ਅੰਦੋਲਨ ਨੂੰ ਹੋਰ ਭੜਕਾਊ ਦਿੱਤਾ ਹੈ । ਨਕਲੀ ਕਿਸਾਨ ਬਣਾ ਕੇ ਸਮਰਥਨ ਦੀ ਵੀਡੀਓ ਪਾ ਕੇ ਸਰਕਾਰ ਨੇ ਆਪਣਾ ਅਕਸ ਬੁਰੀ ਤਰ੍ਹਾਂ ਵਿਗਾੜ ਲਿਆ ਹੈ । ਹਾਲਾਂਕਿ ਸਰਕਾਰ ਇਸ ਗਲ ਤੋਂ ਭਲੀ ਭਾਂਤ ਜਾਣੂ ਹੈ ਕਿ ਇਹ ਅੰਦੋਲਨ ਹੁਣ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ ਅਤੇ ਬਿਲ ਵਾਪਿਸ ਲੈਣ ਤੋਂ ਬਿਨਾਂ ਸਰਕਾਰ ਕੋਲ ਕੋਈ ਚਾਰਾ ਨਹੀਂ ਬਚਿਆ ਪਰ ਫੇਰ ਵੀ ਸਰਕਾਰ ਆਪਣੀ ਸ਼ਾਖ ਬਚਾਉਣ ਦੀ ਹਰ ਕੋਸ਼ਿਸ਼ ਕਰ ਰਹੀ ਹੈ । ਮੁੱਕਦੀ ਗੱਲ ਇਹ ਹੈ ਕਿ ਸਰਕਾਰ ਜਿੰਨਾ ਜਲਦੀ ਇਸ ਮਸਲੇ ਦਾ ਹਲ ਕਢ ਲਵੇਗੀ ਉਨਾਂ ਈ ਫਾਇਦੇ ਵਿੱਚ ਰਹੇਗੀ, ਸੰਘਰਸ਼ ਨੂੰ ਲੰਮਾ ਖਿੱਚਣਾ ਸਰਕਾਰ ਦੀਆਂ ਜੜ੍ਹਾਂ ਮੋਕਲੀਆਂ ਕਰ ਦੇਵੇਗਾ ।

ਪ੍ਰੋ. ਹਰਭਿੰਦਰ ਸਿੰਘ ਰਾਏਸਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ

Real Estate