ਮੁੱਹਬਤ ਭਰੇ ਤਜਰਬੇ 3

96
ਹਰਮੀਤ ਬਰਾੜ
ਜਾਣ ਤੋ ਪਹਿਲਾਂ ਰਮਜ਼ਾਨ ਦੀ ਡਿਊਟੀ ਲਾਈ ਕਿ ਗਾਜੀਪੁਰ ਬੌਰਡਰ ਤੇ ਦੇਖ ਕੇ ਆਵੇ ਕਿਹੜੀ ਚੀਜ ਦੀ ਵੱਧ ਲੋੜ ਹੈ ਕਿਉਕਿ ਕਾਫ਼ੀ ਫ਼ੋਨ ਆ ਰਹੇ ਸੀ ਕਿ ਓਥੇ ਲੋੜਾਂ ਪੂਰੀਆਂ ਨਾ ਹੋਣ ਕਰਕੇ ਲੋਕ ਵਾਪਿਸ ਜਾ ਰਹੇ ਨੇ। ਰਮਜ਼ਾਨ ਟੀਮ ਸਮੇਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲਿਆ ਤੇ ਦੱਸਿਆ ਕਿ ਓਥੇ ਕੁਝ ਦਿੱਕਤਾਂ ਲੋੜ ਤੋ ਵੱਧ ਨੇ।
ਜਦੋਂ ਅਸੀਂ ਪਹੁੰਚੇ ਤਾਂ ਰਮਜ਼ਾਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਗਾਜੀਆਬਾਦ ਕੱਪੜੇ ਧੋਣ ਵਾਲ਼ੀਆਂ ਮਸ਼ੀਨਾਂ ਲੈਣ ਪਹੁੰਚ ਗਏ । ਮਸ਼ੀਨਾਂ ਖਰੀਦਣ ਵੇਲੇ ਗੁਰਜੀਤ ਨੇ ਹਜ਼ਾਰ ਰੁਪਏ ਪਹਿਲਾਂ ਈ ਘਟਾ ਲਏ। ਪਰ ਜਦੋਂ ਦੁਕਾਨ ਦੇ ਮਾਲਕ ਨੂੰ ਪਤਾ ਲੱਗਿਆ ਕਿ ਮਸ਼ੀਨਾਂ ਸੰਘਰਸ਼ ਲਈ ਖਰੀਦ ਰਹੇਂ ਆਂ ਤੇ ਅਸੀਂ ਪੰਜਾਬ ਤੋ ਆਏ ਆਂ ਤਾਂ ਉਸਨੇ ਕਿਹਾ ੩੦੦ ਰੁਪਏ ਮੇਰੇ ਵੱਲੋਂ ਹੋਰ ਘਟਾ ਲਓ। ਰਕਮ ਭਾਵੇਂ ਵੱਡੀ ਨਹੀ ਸੀ ਪਰ ਉਸਦਾ ਸਾਡੇ ਪਰਤੀ ਮੋਹ ਤੇ ਸਤਿਕਾਰ ਬਹੁਤ ਵੱਡਾ ਸੀ ।
ਉਸਨੇ ਕਿਹਾ , “ ਅਗਰ ਪੰਜਾਬ ਨਾ ਉਠਤਾ ਤੋ ਕਿਸੀ ਔਰ ਮੇ ਇਤਨੀ ਹਿੰਮਤ ਨ ਥੀ । ਬਾਕੀ ਸਭ ਮਾਨ ਬੈਠੇ ਹੈਂ ਕਿ ਹਮ ਕੁਛ ਪਾ ਨਹੀ ਸਕਤੇ ਕਿਉਕਿ ਵੋਹ ਸਰਕਾਰ ਕਾ ਡਰ ਮਾਨਤੇ ਹੈਂ , ਜਬ ਕਿ ਪੰਜਾਬ ਮਾਨਤਾ ਹੈ ਕਿ ਸਰਕਾਰ ਕੋ ਹੱਕ ਦੇਨਾ ਹੀ ਹੋਗਾ । ਯਹੀ ਸ਼ਿੱਦਤ ਆਪ ਕੋ ਔਰੋਂ ਮੇ ਬੀ ਜਗਾਨੀ ਹੋਗੀ ।” ਅਸੀਂ ਉਸਦਾ ਮੋਹ ਭਰੀਆਂ ਅੱਖਾਂ ਨਾਲ ਧੰਨਵਾਦ ਕੀਤਾ ਪਰ ਉਸਦੇ ਲਫ਼ਜ਼ ਜਿਵੇਂ ਹੁਣ ਤੱਕ ਸਾਡੇ ਨਾਲ ਨੇ।
ਸਮਾਨ ਦਵਾ ਕੇ ਤਕਰੀਬਨ ਚਾਰ ਵਜੇ ਅਸੀਂ ਇੱਕ ਢਾਬੇ ਚ ਆਏ , ਭੁੱਖ ਏਨੀ ਕੁ ਲੱਗੀ ਸੀ ਵੀ ਕੁਝ ਵੀ ਮਿਲਦਾ ਅਸੀਂ ਖਾ ਲੈਂਦੇ । ਸਾਡੇ ਕੋਲ ਇੱਕ ਵੇਟਰ ਬਈਆ ਜੀ ਆਏ ਤੇ ਰੋਟੀ ਦੀ ਥਾਂ ਪਹਿਲਾ ਸਵਾਲ ਪੁੱਛਿਆ , “ ਕਿਆ ਆਪ ਪੰਜਾਬ ਸੇ ਹੋ ? “ ਹਾਂ ਵਿੱਚ ਉੱਤਰ ਸੁਣ ਕੇ ਉਹ ਬੋਲਿਆ “ ਆਪ ਕੀ ਤੋ ਮੈਂ ਖਾਸ ਸੇਵਾ ਕਰੂੰਗਾ “ ਉਸਦੀਆਂ ਅੱਖਾਂ ਵਿੱਚ ਪੰਜਾਬੀਆਂ ਲਈ ਸਤਿਕਾਰ ਸੀ । ਉਸਦੇ ਲਫ਼ਜ਼ਾਂ ਨੇ ਅੱਧੀ ਭੁੱਖ ਮਿਟਾ ਦਿੱਤੀ ।
ਮੈ ਸੋਚਦੀ ਆਂ ਕਿ ਇਹ ਸਤਿਕਾਰ ਸਾਡੇ ਅੰਨਦਾਤੇ ਦੀ ਵਜਾਹ ਨਾਲ ਹਰ ਥਾਵੇਂ ਸਾਨੂੰ ਮਿਲ ਰਿਹਾ। ਕਿਸਾਨ ਹਿੰਦੂ , ਸਿੱਖ , ਮੁਸਲਮਾਨ , ਕਾਮਰੇਡ , ਖਾਲਿਸਤਾਨੀ , ਆਸਤਿਕ , ਨਾਸਤਿਕ ਦੀ ਕੋਈ ਪਰਿਭਾਸ਼ਾ ਨਹੀ ਜਾਣਦਾ , ਨਾ ਆਪਣੀ ਫਸਲ ਵੇਚਣ ਲੱਗਿਆਂ ਸ਼ਰਤ ਰੱਖਦਾ ਹੈ ਕਿ ਇਹ ਫਸਲ ਸਿਰਫ ਮੇਰੇ ਧਰਮ ਜਾਂ ਫ਼ਿਰਕੇ ਲਈ ਹੈ । ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਸੋਸ਼ਲ ਮੀਡੀਆ ਵੀ ਜਿੰਮੇਵਾਰੀ ਨਾਲ ਵਰਤੀਏ , ਕੋਈ ਅਜਿਹਾ ਸੰਦੇਸ਼ ਨਾ ਜਾਵੇ ਜੋ ਸਾਡੇ ਸੰਘਰਸ਼ ਨੂੰ ਰੱਤਾ ਕੁ ਵੀ ਨੀਵਾਂ ਕਰੇ। ਲੋਕ ਸਾਨੂੰ ਪੰਜਾਬੀ ਹੋਣ ਕਰਕੇ ਪਿਆਰ ਕਰਦੇ ਨੇ ਤੇ ਦਿਖਾ ਦੇਈਏ ਕਿ ਪੰਜਾਬ ਜਿੰਮੇਵਾਰੀ ਤੇ ਅਣਖ ਦਾ ਦੂਜਾ ਨਾਮ ਹੈ ।
Real Estate