ਮਾਨਸਾ ਜ਼ਿਲ੍ਹੇ ਦਾ ਇਕ ਹੋਰ ਕਿਸਾਨ ਅੰਦੋਲਨ ਦੀ ਭੇਟ ਚੜਿ੍ਹਆ

361

ਨਵੀਂ ਦਿੱਲੀ/ਮਾਨਸਾ, 30 ਦਸੰਬਰ-ਟਿਕਰੀ ਬਾਰਡਰ ਦੇ ਕਿਸਾਨ ਮੋਰਚੇ ’ਚ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਦੜਾ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ ਦੀ ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ ਨਾਲ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਬੀਤੀ ਰਾਤ ਜਗਸੀਰ ਸਿੰਘ (31) ਪੁੱਤਰ ਜਰਨੈਲ ਸਿੰਘ ਵਾਸੀ ਭਾਦੜਾ ਟਿਕਰੀ ਬਾਰਡਰ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ 158 ਨੰਬਰ ਪੋਲ ਦੇ ਨਜ਼ਦੀਕ ਪਕੌੜਾ ਚੌਕ ਵਿਖੇ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਤੇਜ਼ ਰਫਤਾਰ ਅਣਪਛਾਤੇ ਵਾਹਨ ਵੱਲੋਂ ਉਸ ਨੂੰ ਫੇਟ ਮਾਰ ਦਿਤੀ, ਜਿਸ ਨਾਲ ਜਗਸੀਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਉਹ ਛੇ ਏਕੜ ਜ਼ਮੀਨ ਦਾ ਮਾਲਕ ਸੀ। ਇਹ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਸਬੰਧਤ ਹੈ। ਕਿਸਾਨ ਆਗੂ ਨੇ ਦੱਸਿਆ ਕਿ ਜਗਸੀਰ ਸਿੰਘ ਦਿੱਲੀ ਕਿਸਾਨ ਅੰਦੋਲਨ ਦਾ ਸ਼ਹੀਦ ਹੈ, ਜੋ ਆਪਣੇ ਪਿਛੇ ਪਤਨੀ ਤੋਂ ਇਲਾਵਾ ਇੱਕ ਬੇਟੀ ਅਤੇ ਬੇਟਾ ਛੱਡ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਸੀਰ ਸਿੰਘ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫ਼ ਕੀਤਾ ਜਾਵੇ।

 

ਪਤਾ ਲੱਗਿਆ ਹੈ ਕਿ ਪਰਿਵਾਰ ਵਲੋਂ ਲਾਸ਼ ਮਿਲਣ ਤੋਂ ਬਾਅਦ ਤੁਰੰਤ ਅੰਤਿਮ ਸੰਸਕਾਰ ਪਿੰਡ ਭਾਦੜਾ ਵਿਖੇ ਕਰਨ ਦਾ ਫੈਸਲਾ ਲਿਆ ਹੈ।

Real Estate