ਬਲਦੇਵ ਸਿੰਘ ਗਰੇਵਾਲ ਦੇ ਨਾਵਲ ‘ਤਵਾਫ਼’ ਬਾਰੇ ਵੈਬੀਨਾਰ

773

ਕੁਰੂਕਸ਼ੇਤਰ : ਪੰਜਾਬੀ ਪ੍ਰਤਿਨਿੱਧ ਅਤੇ ਪ੍ਰਸਿੱਧ ਪੱਤਰਕਾਰ ਤੇ ਗਲਪਕਾਰ ਬਲਦੇਵ ਸਿੰਘ ਗਰੇਵਾਲ ਦੇ ਪੰਜਾਬੀ ਨਾਵਲ ‘ਪਰਿਕਰਮਾ’ ਦੇ ਲਹੌਰ (ਪਾਕਿਸਤਾਨ) ’ਚ ਛਪੇ ਸ਼ਾਹਮੁਖੀ ਲਿੱਪੀਅੰਤਰ ‘ਤਵਾਫ਼’ ਬਾਰੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਅਮਰੀਕਾ ਤੋਂ ਪੰਜਾਬੀ ਵਿਦਵਾਨਾਂ, ਪੰਜਾਬੀ ਪਾਠਕਾਂ ਅਤੇ ਪਿਆਰਿਆਂ ਨੇ ਹਿੱਸਾ ਲਿਆ। ਸਾਂਝ ਪਬਲਿਕੇਸ਼ਨ, ਲਾਹੌਰ ਦੇ ਯਤਨਾਂ ਸਦਕਾ ਹੋਏ ਇਸ ਵੈਬੀਨਾਰ ਦੀ ਸਦਾਰਤ ਨਬੀਲਾ ਰਹਿਮਾਨ, ਮੁਖੀ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਲਹੌਰ ਨੇ ਕੀਤੀ।

ਵੈਬੀਨਾਰ ਦੇ ਸੰਚਾਲਕ ਟੀਪੂ ਸੁਲਤਾਨ ਮਖ਼ਦੂਮ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ‘ਜੀ ਆਇਆਂ ਨੂੰ’ ਕਿਹਾ ਤੇ ਨਾਵਲ ‘ਪਰਿਕਰਮਾ’ ਦੇ ਸ਼ਾਹਮੁਖੀ ਰੂਪ ‘ਤਵਾਫ਼’ ਛਪਣ ’ਤੇ ਬਲਦੇਵ ਸਿੰਘ ਗਰੇਵਾਲ ਨੂੰ ਵਧਾਈ ਦਿੱਤੀ ਉਪਰੰਤ ਉਹਨਾਂ ਪੰਜਾਬੀ ਦੇ ਪ੍ਰਸਿੱਧ ਆਲੋਚਕ ਅਤੇ ਗਲਪਕਾਰ ਡਾ. ਜਸਵਿੰਦਰ ਸਿੰਘ (ਸਾਬਕਾ ਡੀਨ ਅਕਾਦਮਕ ਮਾਮਲੇ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੂੰ ਨਾਵਲ ਬਾਰੇ ਗੱਲ ਤੋਰਨ ਲਈ ਸੱਦਿਆ। ਡਾ. ਜਸਵਿੰਦਰ ਸਿੰਘ ਹੋਰਾਂ ਨਾਵਲ ਦੇ ਨਾਲ਼-ਨਾਲ਼ ਗਰੇਵਾਲ ਦੀ ਸਮੁੱਚੀ ਗਲਪ-ਕਲਾ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕਰਦਿਆਂ ਸਾਹਿਤਕ ਸੁਹਜ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਨਾਵਲ ਬਾਰ ਬਾਰ ਪੜ੍ਹਣ ਨੂੰ ਮਨ ਕਰਦਾ ਹੈ। ਡਾ. ਹਰਸਿਮਰਨ ਸਿੰਘ ਰੰਧਾਵਾ, ਸਾਬਕਾ ਪ੍ਰੋਫ਼ੈਸਰ ਅਤੇ ਚੇਅਰਪਰਸਨ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਨੇ ਕਿਹਾ ਕਿ ਇਹ ਨਾਵਲ ਇੱਕੀਵੀਂ ਸਦੀ ਵਿਚ ਲਿਖ ਹੋਣ ਵਾਲ਼ੇ ਨਾਵਲਾਂ ਲਈ ਮਾਡਲ ਸਾਬਿਤ ਹੋਵੇਗਾ। ਉਹਨਾਂ ਦੱਸਿਆ ਕਿ ਇਹ ਨਾਵਲ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਵਿਚ ਐਮ. ਏ. ਪੰਜਾਬੀ ਦੇ ਕੋਰਸ ਕਾਫ਼ੀ ਸਮੇਂ ਤੋਂ ਲੱਗਾ ਹੋਇਆ ਹੈ।
ਪੰਜਾਬੀ ਦੇ ਪ੍ਰਸਿੱਧ ਪਰਵਾਸੀ ਗਲਪਕਾਰ ਹਰਜੀਤ ਅਟਵਾਲ (ਇੰਗਲੈਂਡ) ਹੋਰਾਂ ਨਾਵਲ ਦੀ ਗੁੰਦਵੀਂ ਬੁਣਤਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਵਿਚ ਇਕ ਵੀ ਲਫ਼ਜ਼ ਫ਼ਾਲਤੂ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ‘ਪਰਿਕਰਮਾ’ ਛਪਿਆ ਸੀ ਤਾਂ ਸਾਹਿਤਕ ਹਲਕਿਆਂ ਵਿਚ ਹਿਲਜੁਲ ਹੋਈ ਸੀ। ਨਿਯੂ ਯਾਰਕ ਵਾਸੀ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸੁਰਿੰਦਰ ਸੋਹਲ ਨੇ ਇਸ ਨਾਵਲ ਦੀ ਸਿਰਜਣ-ਪ੍ਰਕਿਰਿਆ ਬਾਰੇ ਗੱਲ ਕਰਨ ਦੇ ਨਾਲ-ਨਾਲ ਇਸ ਦੇ ਕੁਝ ਪ੍ਰਤੀਕਾਂ ਨੂੰ ਵੀ ਡੀ-ਕੋਡ ਕੀਤਾ। ਉਸ ਕਿਹਾ ਕਿ ਨਾਵਲ ਦਾ ਮੁੱਖ ਪਾਤਰ ਇਕ ਪਾਸੇ ਤਾਂ ਅਮਰੀਕਾ ਵਿਚ ਕੰਸਟਰਕਸ਼ਨ ਕੰਪਨੀ ਦਾ ਮਾਲਕ ਹੈ ਤੇ ਸੋਹਣੇ-ਸੋਹਣੇ ਘਰ ਬਣਾਉਂਦਾ ਹੈ ਪਰ ਉਹ ਅੰਦਰੋਂ ਕਿੰਨਾ ਮਿਸਮਾਰ ਹੋ ਚੁੱਕਾ ਹੈ, ਕੋਈ ਨਹੀਂ ਜਾਣਦਾ। ਢੱਠਾ ਹੋਇਆ ਜੱਦੀ ਘਰ ਨਿਰੀ ਮੰਜ਼ਰ-ਕਸ਼ੀ ਨਹੀਂ ਹੈ, ਅਸਲ ਵਿਚ ਮੁੱਖ ਪਾਤਰ ਦੇ ਮਿਸਮਾਰ ਹੋ ਚੁੱਕੇ ਮਨ ’ਚ ਖਿਲਰੇ ਖੰਡਰਾਂ ਦਾ ਹੀ ਬਿਰਤਾਂਤ ਹੈ।
ਮੁਨੀਰ ਅਹਿਮਦ, ਮੁਖੀ, ਪੰਜਾਬੀ ਡਿਪਾਰਟਮੈਂਟ, ਯੂਨੀਵਰਸਿਟੀ ਆਫ਼ ਸਰਗੋਧਾ ਪਾਕਿਸਤਾਨ ਨੇ ਕਿਹਾ ਕਿ ਇਹ ਨਾਵਲ ਮਰਦ-ਪ੍ਰਧਾਨ ਸੋਚ ਦੁਆਲੇ ਉਸਰੇ ਸਮਾਜ ਦੇ ਬਖੀਏ ਉਧੇੜ ਦਿੰਦਾ ਹੈ। ਸ਼ਾਹਿਦ ਸ਼ਬੀਰ (ਐਡਵੋਕੇਟ ਹਾਈਕੋਰਟ ਅਤੇ ਗਲਪ ਲੇਖਕ) ਨੇ ਕਿਹਾ ਕਿ ਇਸ ਨਾਵਲ ਦੇ ਔਰਤ ਕਿਰਦਾਰ ਆਪਣੀ ਹੋਂਦ ਪ੍ਰਤੀ ਸੁਚੇਤ ਦਿਖਾਈ ਦਿੰਦੇ ਨੇ। ਕਿਤੇ-ਕਿਤੇ ਤਾਂ ਔਰਤ ਮਰਦ ’ਤੇ ਭਾਰੂ ਵੀ ਦਿੱਸਦੀ ਹੈ। ਸਫ਼ਰਨਾਮਾ ਲੇਖਕ ਤੇ ਕਹਾਣੀਕਾਰ ਸਈਅਦ ਖੋਖਰ ਨੇ ਆਖਿਆ ਕਿ ਇਹ ਨਾਵਲ ਛੋਟੇ ਆਕਾਰ ਦਾ ਹੁੰਦਾ ਹੋਇਆ ਵੀ ਆਪਣੇ ਅੰਦਰ ਵੱਡੀਆਂ ਸੰਭਾਵਨਾਵਾਂ ਸਾਂਭੀ ਬੈਠਾ ਹੈ। ਪਾਕਿਸਤਾਨ ਦੀ ਨਾਮਵਰ ਪੰਜਾਬੀ ਕਵਿੱਤਰੀ ਤਾਹਿਰਾ ਸਰਾ ਨੇ ‘ਪਰਿਕਰਮਾ’ ਨਾਵਲ ਦਾ ਸ਼ਾਹਮੁਖੀ ਵਿਚ ‘ਤਵਾਫ਼’ ਨਾਮ ਹੇਠ ਛਪਣ ਨੂੰ ‘ਅਦਬੀ ਲਾਂਘੇ’ ਦਾ ਨਾਮ ਦਿੱਤਾ। ਨਾਵਲ ਦੇ ਲਿੱਪੀਅੰਤਰਕਾਰ ਜ਼ਿਆ ਉਲ ਸਰਾ ਨੇ ਕਿਹਾ ਕਿ ਉਸ ਇਸ ਨਾਵਲ ਦਾ ਲਿੱਪੀਅੰਤਰ ਕਰਨਾ ਉਸ ਲਈ ‘ਅਦਬੀ ਲਾਂਘੇ’ ਦੀ ਪਹਿਲੀ ਇੱਟ ਰੱਖਣ ਦੇ ਸਮਾਨ ਹੈ।
ਸਾਂਝ ਪਬਲਿਕਸ਼ੇਨ, ਲਾਹੌਰ ਦੇ ਅਮਜਦ ਸਲੀਮ ਮਿਨਹਾਸ ਹੋਰਾਂ ਆਖਿਆ ਕਿ ਨਾਵਲ ਜਿੱਥੇ-ਜਿੱਥੇ ਤੱਕ ਵੀ ਗਿਆ ਹੈ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ। ਉਮੀਦ ਹੈ ਕਿ ਇਹ ਨਾਵਲ ਲਹਿੰਦੇ ਪੰਜਾਬ ਵਿਚ ਵੀ ਓਨਾ ਹੀ ਮਕਬੂਲ ਹੋਵੇਗਾ, ਜਿੰਨਾ ਚੜ੍ਹਦੇ ਪੰਜਾਬ ਵਿਚ ਹੋਇਆ ਹੈ। ਬਲਦੇਵ ਸਿੰਘ ਗਰੇਵਾਲ ਨੇ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਦੇ ਸੌਵੇਂ ਜਨਮ-ਦਿਨ ਵੇਲ਼ੇ ਜਿਸ ‘ਅਦਬੀ ਲਾਂਘੇ’ ਦੀ ਗੱਲ ਤੋਰੀ ਗਈ ਸੀ ਇਹ ਲਿੱਪੀਅੰਤਰ ਉਸ ਦੀ ਅਗਲੀ ਕੜੀ ਹੀ ਹੈ।
ਵੈਬੀਨਾਰ ਦੇ ਸਦਾਰਤੀ ਭਾਸ਼ਣ ਵਿੱਚ ਨਬੀਲਾ ਰਹਿਮਾਨ, ਮੁਖੀ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਲਹੌਰ ਨੇ ਕਿਹਾ ਕਿ ਗਰੇਵਾਲ ਦੇ ਨਾਵਲ ‘ਤਵਾਫ਼’ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਭਾਵਨਾਵਾਂ ਹਨ ਕਿ ਇਸ ਨਾਵਲ ਦੇ ਬਿਰਤਾਂਤ ਨੂੰ ਹੋਰ ਅੱਗੇ ਤੋÇਆ ਜਾ ਸਕਦਾ ਹੈ। ਨਬੀਲਾ ਨੇ ਇਹ ਵੀ ਕਿਹਾ ਕਿ ਇਹ ਰਚਨਾ ਪੰਜਾਬੀ ਦੀਆਂ ਬੇਹਤਰੀਨ ਰਚਨਾਵਾਂ ਵਿੱਚੋਂ ਹੀ ਇੱਕ ਨਹੀਂ ਹੈ ਬਲਕਿ ਦੁਨੀਆ ਦੀਆਂ ਬੇਹਤਰੀਨ ਰਚਨਾਵਾਂ ਵਿੱਚ ਵੀ ਇਹ ਸ਼ੁਮਾਰ ਦੀ ਹੱਕਦਾਰ ਹੈ।
ਅਖ਼ੀਰ ਵਿਚ ਸੁਰਜੀਤ ਪਾਤਰ ਹੋਰਾਂ ਦਾ ਰਿਕਾਰਡ ਕਰ ਕੇ ਭੇਜਿਆ ਹੋਇਆ ਸੁਨੇਹਾ ਵੀ ਸਾਂਝਾ ਕੀਤਾ ਗਿਆ। ਪਾਤਰ ਦਾ ਇਹ ਮੰਨਣਾ ਸੀ ਕਿ ਬਲਦੇਵ ਸਿੰਘ ਗਰੇਵਾਲ ਕੋਲ ਪਲਾਂ ਨੂੰ ਸ਼ਬਦਾਂ ਵਿੱਚ ਬੰਨ੍ਹਣ ਦੀ ਕਲਾ ਹੈ। ਇਸ ਲਈ ਪਰਿਕਰਮਾ ਨੂੰ ਪੜ੍ਹਦੇ ਸਮੇਂ ਹਰ ਪਾਠਕ ਭਾਵੁਕ ਹੁੰਦਾ ਜ਼ਰੂਰ ਨਜ਼ਰ ਆਉਂਦਾ ਹੈ।
ਇਸ ਵੈਬੀਨਾਰ ਵਿਚ ਵੱਡੀ ਗਿਣਤੀ ਵਿਚ ਸਰੋਤੇ ਜੁੜੇ ਰਹੇ। ਵਿਸ਼ੇਸ਼ ਤੌਰ ’ਤੇ ਡਾ ਪਰਮਿੰਦਰ ਸਿੰਘ ਤੱਗੜ, ਪਿ੍ਰੰਸੀਪਲ, ਯੂਨੀਵਰਸਿਟੀ ਕਾਲਜ, ਜੈਤੋ, ਡਾ. ਕੁਲਦੀਪ ਸਿੰਘ, ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਕੁਰੂਕੁਸ਼ੇਤਰ, ਡਾ. ਗਗਨਦੀਪ ਕੌਰ (ਅੰਬਾਲਾ), ਡਾ. ਸਿਮਰਜੀਤ ਕੌਰ (ਸ਼ਾਹਬਾਦ ਮਾਰਕੰਡਾ), ਡਾ ਸੁਖਜੀਤ ਕੌਰ (ਕੁਰੂਕਸ਼ੇਤਰ ਯੂਨੀਵਰਸਿਟੀ), ਡਾ. ਈਸ਼ਵਰ ਸਿੰਘ (ਪਾਣੀਪਤ) ਅਤੇ ਪੰਜਾਬੀ ਵਿਭਾਗ ਤੇ ਦੂਰਵਰਤੀ ਸਿਖਿਆ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਬਹੁਤ ਸਾਰੇ ਵਿਦਿਆਰਥੀ ਸ਼ਾਮਿਲ ਸਨ ਅਤੇ ਨਾਲ ਨਾਲ ਇਸ ਨਾਵਲ ਬਾਰੇ ਆਪਣੇ ਸੁਹਿਰਦ ਕਮੈਂਟ ਵੀ ਦੇ ਰਹੇ ਸਨ।

Real Estate