ਸ਼ਹੀਦਾਂ ਦੀ ਦਰਗਾਹ ਦੀ ਪਵਿੱਤਰਤਾ ਭੰਗ ਕੀਤੀ ਗਈ, ਸ੍ਰੀ ਅਕਾਲ ਤਕਤ ਸਾਹਿਬ ਦਾ ਹੁਕਮਨਾਮਾ ਦੀ ਕੀਤੀ ਉਲੰਘਣਾ: ਬੀਰ ਦਵਿੰਦਰ ਸਿੰਘ
ਫਤਿਹਗੜ੍ਹ ਸਾਹਿਬ/ ਸਰਹੰਦ 21 ਦਸੰਬਰ-ਅੱਜ ਸਵੇਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਰਵਾਇਤਾਂ ਅਤੇ ਪੰਥਕ ਦਸਤੂਰਾਂ ਦਾ ਘਾਣ ਕਰਦੇ ਹੋਏ, ਇੱਕ ਵੱਡਾ ਦੁੱਖਦਾਈ ਕਾਰਾ ਕੀਤਾ ਗਿਆ। ਅੱਜ ਸਵੇਰੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ, ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮੇ ਰਾਹੀਂ, ਇਖ਼ਲਾਕੀ ਵਿੱਭਚਾਰ ਕਾਰਨ, ਸਿੱਖ ਪੰਥ ਵਿੱਚੋਂ ਅਣਮਿਥੇ ਸਮੇਂ ਲਈ ਛੇਕੇ ਗਏ, ਸੁੱਚਾ ਸਿੰਘ ਲੰਗਾਹ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਕੇ , ਸ਼ਹੀਦਾਂ ਦੀ ਦਰਗਾਹ, ਭੋਰਾ ਸਾਹਿਬ (ਗੁਰਦਵਾਰਾ ਫਤਿਹਗੜ੍ਹ ਸਾਹਿਬ) ਦੀ ਪਵਿੱਤਰਤਾ ਭੰਗ ਕੀਤੀ ਗਈ ਜਿੱਥੇ ਗੁਰੂ ਘਰ ਦੇ ਗ੍ਰੰਥੀ ਵੱਲੋਂ ਅੱਜ ਸਵੇਰੇ 9 ਵਜੇ ਅਰਦਾਸ ਕੀਤੀ ਗਈ ਅਤੇ ਚੌਰ ਸਾਹਿਬ ਦੀ ਸੇਵਾ ਵੀ ਤਨਖਾਹੀਏ ਵਿਅਕਤੀ ਨੂੰ ਸੌਂਪੀ ਗਈ।
ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ, ਗੁਰਦਵਾਰਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਕਰਮ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸ੍ਰੀ ਅਕਾਲ ਤਕਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਕੋਈ ਪ੍ਰਵਾਹ ਨਾਂ ਕਰਦਿਆਂ, ਸੁੱਚਾ ਸਿੰਘ ਲੰਗਾਹ ਨੂੰ ਗੁਰਦਵਾਰਾ ਸਾਹਿਬ ਦੀ ਵੀ. ਆਈ.ਪੀ ਰਿਹਾਇਸ਼, ਕੋਠੀ ਵਿੱਚ ਠਹਿਰਨ ਲਈ, ਉਸ ਦੇ ਨਾਮ ਤੇ ਕਮਰਾ ਵੀ ਬੁੱਕ ਕੀਤਾ ਹੋਇਆ ਸੀ। ਇਸ ਲਈ ਮੈਨੇਜਰ ਵੱਲੋਂ ਇਹ ਆਖ ਕੇ ਪੱਲਾ ਝਾੜ ਦੇਣਾਂ ਕਿ ਇਹ ਮਾਮਲਾ ਮੇਰੇ ਨੋਟਿਸ ਵਿੱਚ ਨਹੀਂ, ਇਹ ਵੱਡੀ ਗ਼ੈਰਜ਼ਿੰਮੇਵਾਰੀ ਵਾਲੀ ਗੱਲ ਹੈ । ਗੁਰਦਵਾਰਾ ਸਾਹਿਬ ਦੇ ਮੈਨੇਜਰ ਨੇ ਤਾਂ ਏਥੋਂ ਤੱਕ ਵੀ ਕਹਿ ਦਿੱਤਾ ਕਿ, ਉਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਬਾਰੇ ਮੈਨੂੰ ਕੋਈ ਇਲਮ ਨਹੀਂ ਹੈ, ਇਹ ਹੈੱਡ ਗ੍ਰੰਥੀ ਜਾਣੇ ਜਾਂ ਅਕਾਲ ਤਖਤ ਦਾ ਜੱਥੇਦਾਰ ਜਾਣੇ”। ਫਤਿਹਗੜ੍ਹ ਸਾਹਿਬ ਗੁਰਦਵਾਰੇ ਦੇ ਅਖੰਡ ਪਾਠਾਂ ਦੇ ਇਨਚਾਰਜ ਦੇ ਦਫਤਰ ਵਿੱਚ ਜਦੋਂ ਪੜਤਾਲ ਕੀਤੀ ਤਾਂ ਉਨ੍ਹਾਂ ਮੰਨਿਆਂ ਕਿ ਸੁੱਚਾ ਸਿੰਘ ਲੰਗਾਹ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਦਾ ਭੋਗ, ਅੱਜ ਸਵੇਰੇ ਭੋਰਾ ਸਾਹਿਬ ਵਿੱਚ ਪਾਇਆ ਗਿਆ ਹੈ ਅਤੇ ਅਰਦਾਸ ਵੀ ਕੀਤੀ ਗਈ ਹੈ ਤੇ ਗੁਰੂ ਘਰ ਵੱਲੋਂ ਸਿਰੋਪਾ ਵੀ ਗ੍ਰੰਥੀ ਸਿੰਘਾਂ ਵੱਲੋਂ ਬਖਸ਼ਿਸ਼ ਕੀਤਾ ਗਿਆ ਹੈ। ਸ੍ਰੀ ਅਖੰਡ ਪਾਠ ਸਾਹਿਬ ਦੀ ਰਸੀਦ ਵੀ, ਵੋਚਰ-ਬੁੱਕ ਵਿੱਚ ਸੁੱਚਾ ਸਿੰਘ ਲੰਗਾਹ ਦੇ ਨਾਮ ਦੀ ਹੀ ਕੱਟੀ ਗਈ ਹੈ ਜਿਸ ਦਾ ਅਰੰਭ 19-12-20 ਨੂੰ ਹੋਇਆ ਅਤੇ ਸਮਾਪਤੀ ਦਾ ਭੋਗ 21-12-20 ਨੂੰ ਪਾਇਆ ਗਿਆ। ਭੋਰਾ ਸਾਹਿਬ ਵਿੱਚ ਸਵੇਰੇ ਮੌਕੇ ਤੇ ਹਾਜ਼ਰ ਗੁਰਸਿੱਖਾਂ ਵੱਲੋਂ ਜੋ ਤਸਵੀਰ ਖਿੱਚੀ ਗਈ ਹੈ, ਉਸ ਵਿੱਚ ਸੁੱਚਾ ਸਿੰਘ ਲੰਗਾਹ ਚੌਰ ਸਾਹਿਬ ਦੀ ਸੇਵਾ ਵੀ ਕਰ ਰਿਹਾ ਹੈ ਅਤੇ ਗ੍ਰੰਥੀ ਸਿੰਘ ਅਰਦਾਸ ਕਰਦਾ ਨਜ਼ਰ ਆ ਰਿਹਾ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਦੇ ਗਿਰਦੋ-ਨਿਵਾਹ ਦੀ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ ਅਤੇ ਸਿੱਖ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਾਸੋਂ ਜਾਨਣਾ ਚਾਹੁੰਦੀ ਹੈ ਕਿ ਇਸ ਮਾਮਲੇ ਬਾਰੇ ਹੁਣ ਉਨ੍ਹਾਂ ਦਾ ਕੀ ਰੱਦੋ-ਅਮਲ ਹੈ ਅਤੇ ਕੀ ਤਰਕ ਹੈ। ਅਕਾਲੀ ਦਲ ਡੈਮੌਕਰੈਟਿਕ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਫੋਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਉਨ੍ਹਾਂ ਨੂੰ ਸਬੂਤ ਵੱਜੋਂ ਤਸਵੀਰਾਂ ਅਤੇ ਵੋਚਰ ਦੀ ਰਸੀਦ ਵੀ ਭੇਜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਦਿਆਂ ਹੀ, ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਇੱਕ ਅਤੀ ਮਹੱਤਵਪੂਰਨ ਹੁਕਮਨਾਮੇ ਦੀ ਮਰਿਆਦਾ ਨੂੰ ਲੀਰੋ-ਲੀਰ ਕੀਤਾ ਗਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਮਿੱਟੀ ਵਿੱਚ ਰੋਲ਼ੀ ਗਈ। ਜੇ ਇਹ ਸ੍ਰੀ ਅਖੰਡ ਪਾਠ ਸੁੱਚਾ ਸਿੰਘ ਲੰਗਾਹ ਵੱਲੋਂ, ਪੰਥ ਵਿੱਚ ਛੇਕੇ ਜਾਣ ਤੋਂ ਪਹਿਲਾਂ ਵੀ ਬੁੱਕ ਕਰਵਾਏ ਗਏ ਸਨ ਤਦ ਵੀ, ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੂੰ, ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ ਵਿੱਚ, ਰੱਦ ਕਰ ਦੇਣੇ ਚਾਹੀਦੇ ਸਨ ਅਤੇ ਸੁੱਚਾ ਸਿੰਘ ਲੰਗਾਹ ਤੋਂ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਵਾਪਿਸ ਕਰਨੀ ਬਣਦੀ ਸੀ। ਪ੍ਰੰਤੂ ਜਿਸ ਵੋਚਰ ਦੀ ਕਾਪੀ ਸਾਡੇ ਪਾਸ ਮੌਜੂਦ ਹੈ ਉਸ ਵਿੱਚ ਸੀ੍ਰ ਅਖੰਡ ਪਾਠ ਸਾਹਿਬ ਦੀ ਬੁੱਕਿੰਗ ਦੀ ਮਿਤੀ ਦਾ ਕੋਈ ਵੇਰਵਾ ਹੀ ਨਹੀਂ ਹੈ।