ਕੁੰਡਲੀ ਬਾਰਡਰ ‘ਤੇ ਦਿਲ ਦਾ ਦੌਰਾ ਪੈਣ ਨਾਲ ਇੱਕ ਹੋਰ ਕਿਸਾਨ ਦੀ ਮੌਤ

229

ਪਟਿਆਲਾ, 16 ਦਸੰਬਰ

 

ਪਟਿਆਲਾ ਜ਼ਿਲ੍ਹੇ ਦੇ ਪਿੰਡ ਸਹੌਲੀ ਦੇ 70 ਸਾਲਾ ਕਿਸਾਨ ਪਾਲ ਸਿੰਘ ਦੀ ਲੰਘੀ ਸ਼ਾਮ ਦਿੱਲੀ ਵਿਖੇ ਕੁੰਡਲੀ ਬਾਰਡਰ ‘ਤੇ ਜਾਰੀ ਕਿਸਾਨ ਮੋਰਚੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨਾਲ ਸਬੰਧਤ ਇਹ ਕਿਸਾਨ 13 ਦਸੰਬਰ ਨੂੰ ਮੋਰਚੇ ‘ਚ ਗਿਆ ਸੀ। ਮ੍ਰਿਤਕ ਦੇ ਭਾਣਜੇ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਭਗਵੰਤ ਸਿੰਘ ਭੰਗੂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 15 ਦਸੰਬਰ ਸ਼ਾਮੀਂ ਛੇ ਵਜੇ ਉਨ੍ਹਾਂ ਨੂੰ ਉਦੋਂ ਦਿਲ ਦਾ ਦੌਰਾ ਪੈ ਗਿਆ, ਜਦੋਂ ਉਹ ਲੰਗਰ ਛਕਣ ਮਗਰੋਂ ਟਰਾਲੀ ਵਿੱਚ ਆਰਾਮ ਕਰਨ ਲਈ ਅਜੇ ਪਏ ਹੀ ਸਨ। ਪਾਲ ਸਿੰਘ ਸਿਰਫ਼ ਇੱਕ ਏਕੜ ਜ਼ਮੀਨ ਦਾ ਮਾਲਕ ਸੀ। ਉਹ ਆਪਣੇ ਪਿੱਛੇ ਇਕਲੌਤਾ ਪੁੱਤਰ ਮਨਦੀਪ ਸਿੰਘ ਤੇ ਪਰਿਵਾਰ ਦੇ ਹੋਰ ਮੈਂਬਰ ਛੱਡ ਗਿਆ। ਉਹ ਛੇ ਭਰਾ ਸਨ, ਜਿਨ੍ਹਾਂ ਵਿਚੋਂ ਉਸ ਸਮੇਤ ਹੁਣ ਤੱਕ ਪੰਜ ਦੀ ਮੌਤ ਹੋ ਚੁੱਕੀ ਹੈ। ਕਿਸਾਨ ਦੀ ਸੌ ਸਾਲਾ ਮਾਤਾ ਨੂੰ ਜਦੋਂ ਇਸ ਪੁੱਤ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਸਦਮੇ ’ਚ ਚਲੀ ਗਈ। ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਬਿੱਟੂ ਰਾਠੀਆਂ, ਕਿਸਾਨ ਨੇਤਾ ਜਗਮੋਹਣ ਪਟਿਆਲਾ ਤੇ ਡਾ. ਦਰਸ਼ਨਪਾਲ ਨੇ ਪਾਲ ਸਿੰਘ ਨੂੰ ਕਿਸਾਨ ਮੋਰਚੇ ਦਾ ਸ਼ਹੀਦ ਗਰਦਾਨਦਿਆਂ ਪੰਜਾਬ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਉਧਰ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਸਾਨ ਦੇ ਵਾਰਸਾਂ ਲਈ ਸ਼੍ਰੋਮਣੀ ਕਮੇਟੀ ਦੀ ਤਰਫੋਂ ਇਕ ਲੱਖ ਰੁਪਏ ਦਾ ਐਲਾਨ ਕੀਤਾ ਹੈ। ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ ਚਾਰ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਦੋ ਜਣੇ ਇਕ ਦਿਨ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋਏ, ਜਦਕਿ ਬਹਾਦਰਗੜ੍ਹ ਨੇੜਲੇ ਪਿੰਡ ਮਹਿਮਦਪੁਰ ਦੇ ਹਰਪਾਲ ਸਿੰਘ ਦੀ ਕਿਸਾਨ ਅੰਦੋਲਨ ਦੌਰਾਨ ਪ੍ਰਦਰਸ਼ਨ ਕਰਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

Real Estate