ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ-ਰਾਜੇਵਾਲ

162

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੇ ਮੰਚ ਤੋਂ ਸੰਬੋਧਨ ਕਰਦਿਆਂ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਉਸ ਭਾਸ਼ਣ ਨੇ ਨਵੀਂ ਬਹਿਸ ਛੇੜ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੇ ਕਿਸਾਨਾਂ ਦੇ ਧਰਨੇ ਵਾਲੀ ਥਾਂ ‘ਤੇ ਨਿਸ਼ਾਨ ਸਾਹਿਬ ਲਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ ਤੇ ਨਿਹੰਗ ਸਿੰਘਾਂ ਨੂੰ ਵੀ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਪਣੀ ਛਾਉਣੀ ਪੁੱਟ ਕੇ ਕਿਸੇ ਹੋਰ ਖੁੱਲ੍ਹੀ ਥਾਂ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਇਸ ਵੇਲੇ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਕਿਸਾਨ ਮੋਰਚੇ ਵਿਚ ਲੋੜ ਨਹੀਂ। ਇਸ ਦੇ ਨਾਲ ਹੀ ਰਾਜੇਵਾਲ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਲੁਧਿਆਣੇ ਤੋਂ ਕਾਂਗਰਸ ਦੀ ਐੱਮਪੀ ਰਵਨੀਤ ਸਿੰਘ ਬਿੱਟੂ ਦੀ ਵੀ ਆਲੋਚਨਾ ਕੀਤੀ। ਇਸੇ ਦੌਰਾਨ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ। ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਮੈਂ ਖਿਮਾ ਦਾ ਜਾਚਕ ਹਾਂ।

ਇਹ ਕਿਹਾ ਸੀ ਰਾਜੇਵਾਲ ਨੇ :

ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸ੍ਰੀ ਗੁਰੂ ਗ੍ੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੋਵੇ ਉੱਥੇ ਹੀ ਨਿਸ਼ਾਨ ਸਾਹਿਬ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਟ੍ਰੈਕਟਰਾਂ ‘ਤੇ ਵੀ ਨਿਸ਼ਾਨ ਸਾਹਿਬ ਲੱਗੇ ਹਨ ਉਨ੍ਹਾਂ ਤੋਂ ਮੀਡੀਏ ਦਾ ਇਕ ਹਿੱਸਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸਾਨ ਸੰਘਰਸ਼ ਗਰਮ ਖ਼ਿਆਲੀਆਂ ਦਾ ਹੈ। ਰਾਜੇਵਾਲ ਨੇ ਅੱਗੇ ਸੰਬੋਧਨ ਕਰਦਿਆਂ ਨਿਹੰਗ ਸਿੰਘਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਛਾਉਣੀ ਪੁੱਟ ਦੇ ਕਿਸੇ ਹੋਰ ਖੁੱਲ੍ਹੀ ਥਾਂ ਚਲੇ ਜਾਣ ਕਿਉਂਕਿ ਉਨ੍ਹਾਂ ਦੀ ਕਿਸਾਨ ਮੋਰਚੇ ਵਿਚ ਮੌਜੂਦਗੀ ਦਾ ਕਿਤੇ ਗ਼ਲਤ ਅਰਥ ਨਾ ਲੈ ਲਿਆ ਜਾਵੇ। ਉਨ੍ਹਾਂ ਲੁਧਿਆਣੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਵੀ ਇਸ ਗੱਲੋਂ ਆਲੋਚਨਾ ਕੀਤੀ ਕਿ ਉਹ ਬੇਲੋੜੇ ਬਿਆਨ ਦੇ ਰਹੇ ਹਨ। ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਦਾਦੇ (ਬੇਅੰਤ ਸਿੰਘ) ਦੀ ਤਾਂ ਕੋਈ ਕੁਰਬਾਨੀ ਹੋ ਸਕਦੀ ਹੈ ਪਰ ਦਾਦੇ ਦੇ ਸਿਰ ‘ਤੇ ਹੁਣ ਤਕ ਸਾਰਾ ਟੱਬਰ ਆਪਣੀ ਸਿਆਸਤ ਚਮਕਾ ਰਿਹਾ ਹੈ। ਬਲਬੀਰ ਸਿੰਘ ਰਾਜੇਵਾਲ ਨੇ ਟ੍ਰੈਕਟਰਾਂ ‘ਤੇ ਡੈੱਕ ਲਾ ਕੇ ਉੱਚੀ ਆਵਾਜ਼ ਵਿਚ ਗਾਣੇ ਵਜਾਉਣ ਵਾਲੇ ਨੌਜਵਾਨਾਂ ਨੂੰ ਵੀ ਸੁਚੇਤ ਕੀਤਾ ਕਿ ਅਜਿਹਾ ਕਰਨ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਸ ਲਈ ਇੰਜ ਗਾਣੇ ਵਜਾਉਣਾ ਠੀਕ ਨਹੀਂ।

ਨਵੀਂ ਬਹਿਸ ਛਿੜੀ, ਕਿਸਾਨ ਆਗੂਆਂ ਨੂੰ ਦੇਣਾ ਪਿਆ ਸਪੱਸ਼ਟੀਕਰਨ :

ਬਲਬੀਰ ਸਿੰਘ ਰਾਜੇਵਾਲ ਦੇ ਉਕਤ ਭਾਸ਼ਣ ਦੇ ਵਾਇਰਲ ਹੁੰਦਿਆਂ ਹੀ ਵੱਖ-ਵੱਖ ਜਥੇਬੰਦੀਆਂ ਤੇ ਲੋਕਾਂ ਵੱਲੋਂ ਬਿਆਨਬਾਜ਼ੀ ਸ਼ੁਰੂ ਹੋ ਗਈ। ਨਵੀਂ ਹੀ ਬਹਿਸ ਛਿੜ ਪਈ। ਕੋਈ ਰਾਜੇਵਾਲ ਦੇ ਬਿਆਨ ਨੂੰ ਠੀਕ ਠਹਿਰਾਉਣ ਲੱਗਾ ਤੇ ਕੋਈ ਗ਼ਲਤ। ਇਸ ਤੋਂ ਬਾਅਦ ਕਿਸਾਨ ਆਗੂਆਂ ਬਲਦੇਵ ਸਿੰਘ ਸਿਰਸਾ ਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰਨਾਂ ਆਗੂਆਂ ਨੂੰ ਸਪੱਸ਼ਟੀਕਰਨ ਦੇਣਾ ਪਿਆ ਕਿ ਬਲਬੀਰ ਸਿੰਘ ਰਾਜੇਵਾਲ ਦੇ ਬਿਆਨ ਦੇ ਗ਼ਲਤ ਅਰਥ ਕੱਢੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਰਾਜੇਵਾਲ ਸਾਲਾਂ ਤੋਂ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਹਨ ਤੇ ਸੋਮਵਾਰ ਦੇ ਭਾਸ਼ਣ ਵਿਚ ਵੀ ਉਨ੍ਹਾਂ ਜੋ ਨਸੀਹਤਾਂ ਦਿੱਤੀਆਂ ਹਨ ਉਹ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੀ ਦਿੱਤੀਆਂ ਹਨ ਕਿ ਕਿਸਾਨ ਸੰਘਰਸ਼ ‘ਤੇ ਕਿਸੇ ਕਿਸਮ ਦਾ ਕੋਈ ਦਾਗ਼ ਨਾ ਲੱਗ ਜਾਵੇ। ਇਸ ਅੰਦੋਲਨ ‘ਤੇ ਕਿਸੇ ਨੂੰ ਉਂਗਲ ਚੁੱਕਣ ਦਾ ਮੌਕਾ ਨਾ ਮਿਲ ਜਾਵੇ।

Real Estate