ਕਿਸਾਨ ਅੰਦੋਲਨ: ਅੱਜ ਦਿੱਲੀ-ਜੈਪੁਰ ਹਾਈਵੇ ਬੰਦ ਕਰ ਸਕਦੇ ਹਨ, ਕੱਲ੍ਹ ਨੂੰ ਭੁੱਖ ਹੜਤਾਲ ਦੀ ਚਿਤਾਵਨੀ

341

ਨਵੀਂ ਦਿੱਲੀ-ਨਵੇਂ ਕਿਸਾਨ ਕਾਨੂੰਨਾ ਨੂੰ ਲੈ ਕੇ ਚਲ ਰਹੇ ਕਿਸਾਨ ਅੰਦੋਲਨ ਦਾ ਅੱਜ ਭਾਵ ਐਤਵਾਰ ਨੂੰ 18ਵਾਂ ਦਿਨ ਹੈ। ਕਿਸਾਨ ਕਾਨੂੰਨ ਵਾਪਸੀ ਦੀ ਮੰਗ ਕਰ ਰਹੇ ਹਨ ਤੇ ਕੇਂਦਰ ਸਰਕਾਰ ਕੁਝ ਸੋਧਾਂ ਕਰਨ ਲਈ ਤਿਆਰ ਹੈ। ਇਸ ਨੂੰ ਲੈ ਕੇ ਕਿਸਾਨ ਅੱਜ ਦਿੱਲੀ-ਜੈਪੁਰ ਹਾਈਵੇ ਬੰਦ ਕਰ ਸਕਦੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਤਾਂ ਉਹ ਉਸ ਸੋਮਵਾਰ ਨੂੰ ਭੁੱਖ ਹੜਤਾਲ ਕਰਨਗੇ।

ਕਿਸਾਨੀ ਸੰਘਰਸ਼ ਸਿਰਫ਼ ਕੇਂਦਰੀ ਕਾਨੂੰਨਾਂ ਖ਼ਿਲਾਫ਼: ਬੁਰਜਗਿੱਲ

ਨਵੀਂ ਦਿੱਲੀ:ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਇਹ ਸਪੱਸ਼ਟ ਕੀਤਾ ਹੈ ਕਿ 32 ਜਥੇਬੰਦੀਆਂ ਦੀ ਸਾਂਝੀ ਮੀਟਿੰਗ ’ਚ ਭਾਕਿਯੂ (ਏਕਤਾ ਉਗਰਾਹਾਂ) ਗਰੁੱਪ ਵੱਲੋਂ ਜੇਲ੍ਹਾਂ ’ਚ ਬੰਦ ਬੁੱਧੀਜੀਵੀਆਂ ਬਾਰੇ ਕੀਤੇ ਗਏ ਸਮਾਗਮ ਦਾ ਸਾਂਝੇ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮਨੁੱਖੀ ਅਧਿਕਾਰਾਂ ਦਾ ਵੱਡਾ ਮੁੱਦਾ ਹੈ ਪਰ ਸਾਝਾ ਕਿਸਾਨੀ ਸੰਘਰਸ਼ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ, ਵਾਤਾਵਰਨ ਸਬੰਧੀ ਆਰਡੀਨੈਂਸ ਅਤੇ ਤਜਵੀਜ਼ਤ ਬਿਜਲੀ ਸੋਧ ਬਿੱਲ ਖ਼ਿਲਾਫ਼ ਹੈ। ਉਗਰਾਹਾਂ ਦੇ ਇਸ ਕਦਮ ਨਾਲ ਕਿਸਾਨ ਸੰਘਰਸ਼ ਨੂੰ ਠੇਸ ਪਹੁੰਚੀ ਹੈ।

ਖੇਤੀ ਕਾਨੂੰਨਾਂ ਦੇ ਹੱਕ ’ਚ ਤੋਮਰ ਨੂੰ ਮਿਲਿਆ ਕਿਸਾਨਾਂ ਦਾ ਸਮੂਹ

ਨਵੀਂ ਦਿੱਲੀ:ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ 29 ਕਿਸਾਨਾਂ ਦਾ ਵਫ਼ਦ ਅੱਜ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਮਿਲਿਆ ਅਤੇ ਨਵੇਂ ਖੇਤੀ ਕਾਨੂੰਨਾਂ ਨੂੰ ਹਮਾਇਤ ਦਿੰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਕਾਨੂੰਨ ਰੱਦ ਕੀਤੇ ਗਏ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਤੋਮਰ ਨੇ ਦੱਸਿਆ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਅਗਲੇ ਗੇੜ ਦੀ ਗੱਲਬਾਤ ਕਰਨ ਲਈ ਸਲਾਹ-ਮਸ਼ਵਰਾ ਕਰ ਰਹੀ ਹੈ। -ਪੀਟੀਆਈ

ਧਰਨੇ ਤੋਂ ਪਰਤ ਰਹੇ ਕਿਸਾਨ ਦੀ ਮੌਤ

ਅੰਮ੍ਰਿਤਸਰ (ਟਨਸ):ਕਿਸਾਨ ਧਰਨੇ ਤੋਂ ਦਿੱਲੀ ਤੋਂ ਪਰਤ ਰਹੇ ਕਿਸਾਨ ਦਲਬੀਰ ਸਿੰਘ (57) ਵਾਸੀ ਪਿੰਡ ਬੱਗਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਕਿਸਾਨ ਜਥੇਬੰਦੀ ਵੱਲੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਕਿਸਾਨ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਆਗੂ ਹਰਜੀਤ ਸਿੰਘ ਝੀਤਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਮੰਨ ਲਈ ਹੈ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਤਜਵੀਜ਼ ਸਰਕਾਰ ਨੂੰ ਭੇਜੀ ਜਾਵੇਗੀ। ਇਹ ਕਿਸਾਨ ਧਰਨੇ ਤੋਂ ਆਪਣੇ ਬੇਟੇ ਦੇ ਵਿਆਹ ਦੀ ਤਿਆਰੀ ਲਈ ਪਰਤਿਆ ਸੀ।

ਹੁਣ ਵਾਰੋ-ਵਾਰੀ ਮੰਚ ਸੰਭਾਲਣਗੀਆਂ ਕਿਸਾਨ ਜਥੇਬੰਦੀਆਂ

ਨਵੀਂ ਦਿੱਲੀ (ਪੱਤਰ ਪ੍ਰੇਰਕ):ਸਿੰਘੂ ਬਾਰਡਰ ’ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਹੁਣ ਸਟੇਜ ਸੰਚਾਲਨ ਲਈ ਪ੍ਰਬੰਧਾਂ ਨੂੰ ਹੋਰ ਸੁਚਾਰੂ ਰੂਪ ਵਿੱਚ ਚਲਾਉਣ ਲਈ ਰੋਜ਼ਾਨਾ 5-5 ਜਥੇਬੰਦੀਆਂ ਦੀ ਜ਼ਿੰਮੇਵਾਰੀ ਲਾਈ ਗਈ ਹੈ। ਇਹ ਜਥੇਬੰਦੀਆਂ ਰੋਜ਼ਾਨਾ ਬਦਲੀਆਂ ਜਾਣਗੀਆਂ ਤੇ ਵਲੰਟੀਅਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਮੰਚ ਸੰਚਾਲਨ ਦੇਖਣ। ਇਸ ਮੰਚ ਤੋਂ ਵਿਸ਼ੇ ਤੋਂ ਹਟਵਾਂ ਭਾਸ਼ਣ ਨਾ ਦੇਣ ਦੀ ਤਾਕੀਦ ਕੀਤੀ ਗਈ ਹੈ। ਅੱਜ ਵੱਖ-ਵੱਖ ਕਿਸਾਨ ਆਗੂਆਂ ਨੇ ਆਪਣੀਆਂ ਤਕਰੀਰਾਂ ਵਿੱਚ ਮੋਦੀ ਸਰਕਾਰ ਨੂੰ ਰਗੜੇ ਲਾਏ ਤੇ ਕਿਸਾਨਾਂ ਨਾਲ ਡਟੇ ਰਹਿਣ ਦਾ ਅਹਿਦ ਲਿਆ। ਠੰਢ ਦੇ ਬਾਵਜੂਦ ਅੱਜ ਵੱਡੀ ਗਿਣਤੀ ਵਿੱਚ ਨੇੜੇ ਦੇ ਇਲਾਕਿਆਂ ਦੇ ਕਿਸਾਨ ਸ਼ਾਮਲ ਹੋਏ। ਹੋਰ ਸੂਬਿਆਂ ਤੋਂ ਵੀ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਹਨ। ਟਰਾਲੀਆਂ ਦੀ ਗਿਣਤੀ ਵਧਣ ਕਰਕੇ ਕੁੰਡਲੀ-ਮਾਨੇਸਰ ਹਾਈਵੇਅ ਦੇ ਉੱਤਰੀ ਚੌਕ ਤੋਂ ਹਰਿਆਣਾ ਵੱਲ ਨੂੰ ਹੋਰ ਲੰਬੀ ਕਤਾਰ ਲੱਗ ਗਈ ਹੈ।

ਪੁਲੀਸ ਨੇ ਦਿੱਲੀ ਦੀਆਂ ਹੱਦਾਂ ’ਤੇ ਸੁਰੱਖਿਆ ਵਧਾਈ

ਗੁਰੂਗ੍ਰਾਮ ਵਿੱਚ ਕਿਸਾਨਾਂ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਪੁਲੀਸ ਵੱਲੋਂ ਸ਼ਨਿਚਰਵਾਰ ਨੂੰ ਪਿੰਡ ਪਾਚਗਾਓਂ ਨੇੜੇ ਕੀਤੀ ਨਾਕਾਬੰਦੀ ਦਾ ਦ੍ਰਿਸ਼। 

ਨਵੀਂ ਦਿੱਲੀ:ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੰਦੋਲਨ ਹੋਰ ਤੇਜ਼ ਕਰਨ ਅਤੇ ਜੈਪੁਰ-ਦਿੱਲੀ ਤੇ ਯਮੁਨਾ ਐੱਕਸਪ੍ਰੈੱਸਵੇਅ ਰੋਕਣ ਸਬੰਧੀ ਕਿਸਾਨਾਂ ਦੇ ਐਲਾਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਅੱਜ ਸ਼ਹਿਰ ਦੀਆਂ ਹੱਦਾਂ ’ਤੇ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕਰ ਦਿੱਤੀ ਹੈ ਤੇ ਕੰਕਰੀਟ ਦੀਆਂ ਰੋਕਾਂ ਲਗਾ ਦਿੱਤੀਆਂ ਹਨ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁੜਗਾਓਂ ਨਾਲ ਲੱਗਦੀ ਦਿੱਲੀ ਦੀ ਹੱਦ ਤੇ ਜੈਪੁਰ ਤੋਂ ਕੌਮੀ ਰਾਜਧਾਨੀ ਨੂੰ ਜੋੜਨ ਵਾਲੇ ਕੌਮੀ ਰਾਜਮਾਰਗ ਨੰ. 8 ’ਤੇ ਕੋਈ ਮੁਜ਼ਾਹਰਾ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ, ‘ਹੁਣ ਤੱਕ ਦਿੱਲੀ-ਗੁੜਗਾਓਂ ਹੱਣ ’ਤੇ ਕੋਈ ਮੁਜ਼ਾਹਰਾ ਨਹੀਂ ਹੈ। ਅਜਿਹੇ ’ਚ ਆਵਾਜਾਈ ’ਚ ਕੋਈ ਅੜਿੱਕਾ ਨਹੀਂ ਹੈ ਪਰ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ।’ -ਪੀਟੀਆਈ

ਮੀਂਹ ’ਚ ਕੰਮ ਆਈਆਂ ਤਰਪਾਲਾਂ ਵਾਲੀਆਂ ਟਰਾਲੀਆਂ

ਨਵੀਂ ਦਿੱਲੀ:ਦਿੱਲੀ ਧਰਨੇ ’ਚ ਆਉਣ ਤੋਂ ਪਹਿਲਾਂ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਵਿਗੜੇ ਮੌਸਮ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰ ਕਰ ਲਈਆਂ ਸਨ। ਅੱਜ ਤੜਕੇ ਦਿੱਲੀ ’ਚ ਪਏ ਹਲਕੇ ਮੀਂਹ ਨਾਲ ਕਿਸਾਨਾਂ ਵੱਲੋਂ ਕੀਤੇ ਗਏ ਬੰਦੋਬਸਤ ਕੰਮ ਆਏ ਤੇ ਇਸ ਮੀਂਹ ਨਾਲ ਕਿਸਾਨਾਂ ਵੱਲੋਂ ਕੀਤੇ ਪ੍ਰਬੰਧਾਂ ਦੀ ਅਜ਼ਮਾਇਸ਼ ਵੀ ਹੋ ਗਈ। ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਖਦਸ਼ੇ ਸਨ ਕਿ ਅੱਧ ਦਸੰਬਰ ਵਿੱਚ ਮੀਂਹ ਪੈ ਸਕਦਾ ਹੈ ਇਸੇ ਕਰਕੇ ਉਹ ਟਰਾਲੀਆਂ ਉੱਪਰ ਤਰਪਾਲਾਂ ਲਾ ਕੇ ਲਿਆਏ ਸੀ।

ਕੰਬਾਈਨਾਂ ਲੈ ਕੇ ਧਰਨਿਆਂ ’ਚ ਪਹੁੰਚਣ ਲੱਗੇ ਕਿਸਾਨ

ਕੰਬਾਈਨ ਲੈ ਕੇ ਸਿੰਘੂ ਬਾਰਡਰ ਪੁੱਜੇ ਹੋਏ ਨੌਜਵਾਨ ਕਿਸਾਨ।

ਨਵੀਂ ਦਿੱਲੀ :ਸਿੰਘੂ ਬਾਰਡਰ ਉੱਪਰ ਜਿੱਥੇ ਟਰੈਕਟਰਾਂ ਟਰਾਲੀਆਂ, ਕਾਰਾਂ, ਜੀਪਾਂ, ਬੱਸਾਂ ਤੇ ਹੋਰ ਗੱਡੀਆਂ ਨੇ ਕੌਮੀ ਸ਼ਾਹ ਰਾਹ ਘੇਰਿਆ ਹੋਇਆ ਹੈ ਉੱਥੇ ਹੁਣ ਕਿਸਾਨ ਕੰਬਾਈਨਾਂ ਲੈ ਕੇ ਵੀ ਪਹੁੰਚਣ ਲੱਗੇ ਹਨ। ਅੰਬਾਲਾ ਦੇ ਪਿੰਡ ਲੰਗਰ ਛੰਨੀ ਦਾ ਹਰਪ੍ਰੀਤ ਸਿੰਘ ਆਪਣੀ ਕੰਬਾਈਨ ਲੈ ਕੇ ਪਹੁੰਚਿਆ ਤੇ ਉਸ ਨੇ ਇਹ ਕੰਬਾਈਨ ਸਿੰਘੂ ਬਾਰਡਰ ਨੇੜੇ ਕਰਕੇ ਖੜ੍ਹੀ ਕੀਤੀ ਹੈ। ਉਹ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦਾ ਸਰਗਰਮ ਕਾਰਕੁਨ ਹੈ ਜਿਸ ਨੇ ਸਿੰਘੂ ਬਾਰਡਰ ਦੇ ਬੈਰੀਕੇਡ ਤੋੜੇ ਸਨ ਤੇ ਕੌਮੀ ਰਾਜਧਾਨੀ ਤੱਕ ਪਹੁੰਚਣ ਲਈ ਰੋਕਾਂ ਹਟਾਈਆਂ ਹਨ।

Real Estate