ਕੁਝ ਹਫਤਿਆਂ ਵਿੱਚ ਕੋਰੋਨਾ ਵੈਕਸੀਨ ਤਿਆਰ ਹੋ ਜਾਵੇਗੀ: ਮੋਦੀ

268

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਹਾਲਾਤ ‘ਤੇ ਚਰਚਾ ਲਈ ਸ਼ੁੱਕਰਵਾਰ ਨੂੰ ਇਕ ਸਾਰੇ ਦਲਾਂ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ‘ਚ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਨਾਲ ਸੀਨੀਅਰ ਕੇਂਦਰੀ ਮੰਤਰੀ ਵੀ ਮੌਜੂਦ ਰਹੇ। ਬੈਠਕ ‘ਚ ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਦੀ ਵੈਕਸੀਨ ਲਈ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਅਸੀਂ ਵੈਕਸੀਨ ਪਾਉਣ ਦੀ ਦਹਿਲੀਜ਼ ‘ਤੇ ਹਾਂ। ਕੁਝ ਹਫ਼ਤਿਆਂ ‘ਚ ਟੀਕਾ ਤਿਆਰ ਹੋਵੇਗਾ। ਵੈਕਸੀਨ ਕੰਪਨੀਆਂ ਨਾਲ ਚਰਚਾ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਅਹਿਮ ਬੈਠਕ ਹੈ।

ਅਗਲੇ ਕੁਝ ਹਫ਼ਤਿਆਂ ‘ਚ ਆਵੇਗੀ ਕੋਰੋਨਾ ਵੈਕਸੀਨ
ਪੀ.ਐੱਮ. ਮੋਦੀ ਨੇ ਸੰਕੇਤ ਦਿੱਤੇ ਹਨ ਕਿ ਕੋਰੋਨਾ ਦੀ ਵੈਕਸੀਨ ਪਹਿਲਾਂ ਬਜ਼ੁਰਗਾਂ, ਕੋਰੋਨਾ ਯੋਧਿਆਂ ਨੂੰ ਮਿਲ ਸਕਦੀ ਹੈ। ਸਾਰੇ ਦਲਾਂ ਦੀ ਬੈਠਕ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ,”ਹਾਲੇ 8 ਅਜਿਹੀਆਂ ਵੈਕਸੀਨ ਹਨ, ਜੋ ਟ੍ਰਾਇਲ ਦੇ ਪੜਾਅ ‘ਚ ਬਣੀਆਂ ਹੋਈਆਂ ਹਨ। ਅਜਿਹੀ ਉਮੀਦ ਹੈ ਕਿ ਅਗਲੇ ਕੁਝ ਹਫ਼ਤਿਆਂ ‘ਚ ਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ ਮਿਲੇਗੀ। ਵਿਗਿਆਨੀਆਂ ਵਲੋਂ ਮਨਜ਼ੂਰੀ ਮਿਲਦੇ ਹੀ ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਕ ਵਿਸ਼ੇਸ਼ ਸਾਫ਼ਟਵੇਅਰ ‘ਤੇ ਕੰਮ ਕਰ ਰਿਹਾ ਹੈ, ਜੋ ਹਰ ਕਿਸੇ ਨੂੰ ਵੈਕਸੀਨ ਪਹੁੰਚਾਉਣ ‘ਤੇ ਟਰੈਕਿੰਗ ਕਰੇਗਾ।

ਕੋਰੋਨਾ ਵੈਕਸੀਨ ਦੀ ਕੀਮਤ ‘ਤੇ ਹੋ ਰਹੀ ਹੈ ਚਰਚਾ
ਪੀ.ਐੱਮ. ਮੋਦੀ ਨੇ ਕਿਹਾ ਕਿ ਸਰਕਾਰ ਹਰ ਕਿਸੇ ਦਾ ਸੁਝਾਅ ਲੈ ਰਹੀ ਹੈ ਅਤੇ ਉਸ ਅਨੁਸਾਰ ਹੀ ਅੱਗੇ ਵੱਧ ਰਹੀ ਹੈ। ਵੈਕਸੀਨ ਨੂੰ ਲੈ ਕੇ ਅਫਵਾਹ ਨਾ ਫੈਲੇ ਅਤੇ ਰਾਸ਼ਟਰਹਿੱਤ ਸਭ ਤੋਂ ਵੱਧ ਹੋਵੇ, ਅਜਿਹੇ ‘ਚ ਸਿਆਸੀ ਦਲਾਂ ਨੂੰ ਜਾਗਰੂਕ ਹੋਣਾ ਹੋਵੇਗਾ। ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਕੀਮਤ ‘ਤੇ ਚਰਚਾ ਹੋ ਰਹੀ ਹੈ ਅਤੇ ਇਸ ਲਈ ਕਈ ਸੂਬਿਆਂ ਤੋਂ ਸੁਝਾਅ ਮੰਗੇ ਜਾ ਰਹੇ ਹਨ। ਸਾਰੇ ਦਲਾਂ ਦੀ ਬੈਠਕ ‘ਚ ਪੀ.ਐੱਮ. ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਹਰਸ਼ਵਰਧਨ ਬੈਠਕ ‘ਚ ਮੌਜੂਦ ਰਹੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਮਾਮਲਿਆਂ ‘ਚ ਫਿਰ ਤੋਂ ਹੋ ਰਹੇ ਤੇਜ਼ ਵਾਧੇ ਨੂੰ ਦੇਖਦੇ ਹੋਏ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਬੈਠਕ ਕੀਤੀ ਸੀ।

Real Estate