ਵੱਖ-ਵੱਖ ਮੁਲਕਾਂ ਦੇ ਪ੍ਰਵਾਸੀ ਭਾਰਤੀਆਂ ਨੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ

250

ਬਠਿੰਡਾ-ਵਿਦੇਸ਼ਾਂ ਵਿੱਚ ਵਸੇ ਭਾਰਤੀ (ਐੱਨਆਰਆਈਜ਼) ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ ਅਤੇ ਉਨ੍ਹਾਂ ਨੇ ਮਾਲੀ ਮੱਦਦ ਭੇਜਣੀ ਸ਼ੁਰੂ ਕਰ ਦਿੱਤੀ ਹੈ। ਐੱਨਆਰਆਈਜ਼ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨਾਲ ਧੱਕੇਸ਼ਾਹੀ ਅਤੇ ਜ਼ੁਲਮ ਤੋਂ ਚਿੰਤਤ ਹਨ। ਕੈਨੇਡਾ ਦੇ ‘ਵਰਲਡ ਫਾਇਨਾਂਸ਼ੀਅਲ ਗਰੁੱਪ’ ਦੇ ਰਾਜਾ ਧਾਲੀਵਾਲ ਅਤੇ ਕਾਰਜਕਾਰੀ ਟੀਮ ਵਲੋਂ ਕਿਸਾਨਾਂ ਦੀ ਮੱਦਦ ਲਈ 50 ਹਜ਼ਾਰ ਕੈਨੇਡੀਅਨ ਡਾਲਰ (ਕਰੀਬ 25 ਲੱਖ ਰੁਪਏ) ਦਾਨ ਦਿੱਤੇ ਗਏ ਹਨ। ਉਨ੍ਹਾਂ ਵਲੋਂ ਇਹ ਦਾਨ ਲੰਗਰ ਲਈ ਦਿੱਤਾ ਗਿਆ ਹੈ। ਉਨ੍ਹਾਂ ਨੇ ਖ਼ਾਲਸਾ ਏਡ ਦੇ ਰਵੀ ਸਿੰਘ ਨੂੰ ਵਿੱਤ ਸੌਂਪ ਦਿੱਤਾ ਹੈ।
ਵੀਡੀਓ ਸੁਨੇਹਾ ਜਾਰੀ ਕਰਦਿਆਂ ਰਾਜਾ ਧਾਲੀਵਾਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਆਰਥਿਕ, ਭਾਈਚਾਰਕ ਅਤੇ ਸਿਆਸੀ ਸਮਰਥਨ ਲਈ ਆਪਣੀ ਆਵਾਜ਼ ਬੁਲੰਦ ਕਰਨਗੇ।
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵੀਟ ਕੀਤਾ, ”ਭਾਰਤ ਵਿੱਚ ਸ਼ਾਂਤੀਪੂਰਵਕ ਪ੍ਰਦਰਸ਼ਨਕਾਰੀਆਂ ਨਾਲ ਧੱਕੇਸ਼ਾਹੀ ਕਰਨ ਦੀਆਂ ਰਿਪੋਰਟਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮੇਰੇ ਬਹੁਤ ਸਾਰੇ ਜਾਣਕਾਰਾਂ ਦੇ ਪਰਿਵਾਰ ਉੱਥੇ ਹਨ ਅਤੇ ਉਹ ਉਨ੍ਹਾਂ ਦੀ ਸੁਰੱਖਿਆ ਬਾਰੇ ਚਿੰਤਤ ਹਨ। ਸਿਹਤਮੰਦ ਲੋਕਤੰਤਰ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਆਗਿਆ ਦਿੰਦੇ ਹਨ। ਇਸ ਵਿੱਚ ਸ਼ਾਮਲ ਧਿਰਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਹ ਬੁਨਿਆਦੀ ਹੱਕ ਕਾਇਮ ਰੱਖਿਆ ਜਾਵੇ।” ਕੈਨੇਡਾ ਵਿੱਚ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਟਵੀਟ ਕੀਤਾ, ”ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਭਾਰਤ ਸਰਕਾਰ ਵਲੋਂ ਕੀਤੀ ਹਿੰਸਾ ਬਹੁਤ ਭਿਆਨਕ ਹੈ। ਮੈਂ ਪੰਜਾਬ ਅਤੇ ਭਾਰਤ ਭਰ ਦੇ ਕਿਸਾਨਾਂ ਨਾਲ ਇੱਕਜੁਟਤਾ ਪ੍ਰਗਟਾਉਂਦਾ ਹਾਂ ਅਤੇ, ਭਾਰਤ ਸਰਕਾਰ ਨੂੰ ਸੱਦਾ ਦਿੰਦਾ ਹਾਂ ਕਿ ਉਹ ਹਿੰਸਾ ਦੀ ਬਜਾ?ੇ ਸ਼ਾਂਤਮਈ ਗੱਲਬਾਤ ਦੇ ਰਾਹ ਪਵੇ। ”
ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੋਸਟ ਕੀਤਾ, ”ਇਹ ਵੱਖਰੀ ਕਿਸਮ ਦੇ ਲੋਕ ਨੇ, ਜੋ ਉਨ੍ਹਾਂ ਦਾ ਢਿੱਡ ਭਰਦੇ ਨੇ ਜਿਨ੍ਹਾਂ ਨੂੰ ਇਨ੍ਹਾਂ ਨੂੰ ਕੁੱਟਣ ਤੇ ਦਬਾਉਣ ਦਾ ਹੁਕਮ ਦਿੱਤਾ ਗਿਆ ਹੈ। ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦਾ ਸਾਥ ਦਿੰਦਾ ਹਾਂ, ਜੋ ਸ਼ਾਂਤੀਪੁਰਵਕ ਢੰਗ ਨਾਲ ਖੇਤੀ ਬਿੱਲ 2020 ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।”

Real Estate