ਬੀਬੀ ਜਗੀਰ ਕੌਰ ਨੂੰ ਸੌਂਪੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ

321

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਅਗਲੇ ਇੱਕ ਸਾਲ ਦੀ ਮਿਆਦ ਲਈ ਚੋਣ ਸ਼ੁਕਰਵਾਰ ਨੂੰ ਕਰਵਾਈ ਗਈ।ਜਿਸ ਵਿੱਚ ਬੀਬੀ ਜਗੀਰ ਕੌਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਹੈ। ਉਹ 1999 ਤੋਂ 2000 ਅਤੇ 2004 ਤੋਂ 2005 ਤੱਕ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਸ.ਜੀ.ਪੀ. ਦੇ ਸਾਰੇ ਮੈਂਬਰਾਂ ਨਾਲ ਮੀਟਿੰਗ ਕੀਤੀ ਸੀ। ਇਸ ਦੌਰਾਨ ਸਾਰੇ ਮੈਂਬਰਾਂ ਨੇ ਪ੍ਰਧਾਨ ਅਹੁਦੇ ਦੇ ਲਈ ਉਮੀਦਵਾਰ ਦੀ ਚੋਣ ਕਰਨ ਦਾ ਅਧਿਕਾਰ ਸੁਖਬੀਰ ਬਾਦਲ ਨੂੰ ਦੇ ਦਿੱਤਾ ਸੀ। ਹਾਲਾਂਕਿ ਵਰਤਮਾਨ ਚੁਣੌਤੀਆਂ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਨਾ ਆਸਾਨ ਨਹੀਂ ਸੀ।

ਪ੍ਰਧਾਨਗੀ ਦੇ ਦਾਅਵੇਦਾਰਾਂ ‘ਚ ਸਾਬਕਾ ਵਿਧਾਇਕ ਸੰਤ ਬਲਬੀਰ ਸਿੰਘ ਦਾ ਨਾਂ ਵੀ ਚਰਚਾ ਸੀ। ਐੈੱਸ.ਜੀ.ਪੀ.ਸੀ. ਦੇ ਮੌਜੂਦਾਂ ਮਹਾ-ਸਕੱਤਰ ਹਰਜਿੰਦਰ ਸਿੰਘ ਧਾਮੀ ਦੇ ਨਾਮ ‘ਤੇ ਵੀ ਪ੍ਰਧਾਨਗੀ ਅਹੁਦੇ ਲਈ ਵਿਚਾਰ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਮਾਲਵਾ ਦੇ ਯੁਵਾ ਮੈਂਬਰ ਗੁਰਪ੍ਰੀਤ ਸਿੰਘ ਨੂੰ ਵੀ ਅਹਿਮ ਜ਼ਿੰਮੇਵਾਰੀ ਮਿਲਣ ਦੀ ਚਰਚਾ ਸੀ। ਇਥੇ ਦੱਸ ਦੇਈਏ ਕਿ ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਦੇ ਦੋਸ਼ ‘ਚ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਬਰੀ ਕੀਤਾ ਜਾ ਚੁੱਕਾ ਹੈ। ਇਸ ਲਈ ਬੀਬੀ ਜਗੀਰ ਕੌਰ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਦੇ ਲਈ ਐੱਸ.ਜੀ.ਪੀ.ਸੀ. ਅੱਗੇ ਆਈ ਸੀ।
ਬੀਬੀ ਜਗੀਰ ਕੌਰ ਦਾ ਸਿਆਸੀ ਜੀਵਨ
ਬੀਬੀ ਜਗੀਰ ਕੌਰ 1995 ‘ਚ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ ਅਤੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਹੋਏ। 1996 ‘ਚ ਉਹ ਐੱਸ.ਜੀ.ਪੀ.ਸੀ ਦੇ ਮੈਂਬਰ ਬਣੇ। 1997 ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜਗੀਰ ਕੌਰ ਨੇ ਭੁਲੱਥ ਹਲਕੇ ਤੋਂ ਚੋਣ ਲੜੀ ਅਤੇ ਜਿੱਤਣ ਤੋਂ ਬਾਅਦ ਮੰਤਰੀ ਬਣੇ। ਇਸ ਤੋਂ ਬਾਅਦ 1999 ‘ਚ ਉਹ ਐੱਸ.ਜੀ.ਪੀ.ਸੀ. ਦੀ ਪਹਿਲੀ ਮਹਿਲਾ ਪ੍ਰਧਾਨ ਬਣੀ। 1999 ਨਵੰਬਰ ‘ਚ ਉਨ੍ਹਾਂ ਨੂੰ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ। 2000 ‘ਚ ਧੀ ਹਰਪ੍ਰੀਤ ਕੌਰ ਦੇ ਕਤਲ ਸਬੰਧੀ ਲੱਗੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਐੱਸ.ਜੀ.ਪੀ.ਸੀ. ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। 2002 ‘ਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਜਗੀਰ ਕੌਰ ਕਾਂਗਰਸ ਦੇ ਸੁਖਪਾਲ ਖਹਿਰਾ ਤੋਂ ਚੋਣ ਜਿੱਤੇ ਸਨ। ਇਸ ਤੋਂ ਬਾਅਦ 2004 ‘ਚ ਮੁੜ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਰ ਕਮੇਟੀ ਦੇ ਪ੍ਰਧਾਨ ਬਣੇ। 2007 ‘ਚ ਜਗੀਰ ਕੌਰ ਕਾਂਗਰਸ ਦੇ ਸੁਖਪਾਲ ਖਹਿਰਾ ਤੋਂ ਭੁਲੱਥ ਸੀਟ ਹਾਰ ਗਏ। 2012 ‘ਚ ਉਨ੍ਹਾਂ ਨੇ ਕਾਂਗਰਸ ਦੇ ਸੁਖਪਾਲ ਖਹਿਰਾ ਨੂੰ ਹਰਾ ਕੇ ਭੁਲੱਥ ਵਿਧਾਨ ਸਭਾ ਹਲਕੇ ‘ਤੇ ਮੁੜ ਕਬਜ਼ਾ ਕੀਤਾ। ਅਕਾਲੀ-ਭਾਜਪਾ ਸਰਕਾਰ ‘ਚ ਦੂਜੀ ਵਾਰ ਕੈਬਨਿਟ ਮੰਤਰੀ ਬਣੇ ਬੀਬੀ ਜਗੀਰ ਕੌਰ ਨੂੰ ਮਹਿਜ਼ 17 ਦਿਨਾਂ ‘ਚ ਅਸਤੀਫ਼ਾ ਦੇਣਾ ਪਿਆ ਸੀ। ਜਗੀਰ ਕੌਰ ਨੇ ਧੀ ਹਰਪ੍ਰੀਤ ਕੌਰ ਨੂੰ ਅਗਵਾ ਕਰਨ ਅਤੇ ਜ਼ਬਰਦਸਤੀ ਗਰਭਪਾਤ ਦੇ ਦੋਸ਼ ਤੈਅ ਹੋਣ ਤੋਂ ਬਾਅਦ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

Real Estate