ਕਿਸਾਨਾਂ ਦੀ ਹੋਈ ਨੈਤਿਕ ਜਿੱਤ, ਦਿੱਲੀ ਝੁਕੀ, ਰਾਮਲੀਲ੍ਹਾ ਮੈਦਾਨ ਵਿੱਚ ਕਿਸਾਨ ਕਰਨਗੇ ਰੈਲੀ

141

ਚੰਡੀਗੜ੍ਹ/ ਨਵੀਂ ਦਿੱਲੀ, 27 ਨਵੰਬਰ-ਦਿੱਲੀ ਦੇ ਬਾਰਡਰ ਤੋਂ ਕਿਸਾਨ ਦਾਖਲ ਹੋਣ ਲੱਗ ਪਏ ਹਨ ਤੇ ਉਨ੍ਹਾਂ ਨੂੰ ਪਹਿਲਾਂ ਨਿਰੰਕਾਰੀ ਮੈਦਾਨ, ਜੋ ਦਿੱਲੀ ਹੱਦ ਨੇੜੇ ਪੈਂਦਾ ਹੈ, ਵਿੱਚ ਜਾਣ ਦੀ ਪੇਸ਼ਕਸ਼ ਕੀਤੀ ਗਈ ਹੈ। ਜੋਗਿੰਦਰ ਯਾਦਵ ਵੀ ਸਿੰਘੂ ਬਾਰਡਰ ਵਿਖੇ ਪੁੱਜੇ ਹੋਏ ਸਨ। ਸੂਤਰਾਂ ਮੁਤਾਬਕ ਕਿਸਾਨਾਂ ਨੂੰ ਸੌਖਾ ਲਾਂਘਾ ਦੇ ਦਿੱਤਾ ਗਿਆ ਹੈ। ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਤੇ ਪੰਜਾਬ ਸਮੇਤ ਹੋਰਨਾਂ ਰਾਜਾਂ ਤੋਂ ਕਾਫਲਿਆਂ ਦੇ ਰੂਪ ‘ਚ ਕੌਮੀ ਰਾਜਧਾਨੀ ਦਿੱਲੀ ਦੀਆਂ ਜੜ੍ਹਾਂ ‘ਚ ਪਹੁੰਚੇ ਕਿਸਾਨਾਂ ਨੇ ਦਿੱਲੀ ਦਰਬਾਰ ਹਿਲਾ ਦਿੱਤਾ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਸਾਨਾਂ ਨੂੰ ਸੰਦੇਸ਼ ਭੇਜਿਆ ਹੈ ਕਿ ਸਰਕਾਰ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਨਾਕਾਬੰਦੀ ਖੋਲ੍ਹਣ ਲਈ ਤਿਆਰ ਹੈ ਤੇ ਕਿਸਾਨਾਂ ਨੂੰ ਰੈਲੀ ਕਰਨ ਖ਼ਾਤਰ ਨਵੀ ਦਿੱਲੀ ਦਾ ਰਾਮ ਲੀਲ੍ਹਾ ਮੈਦਾਨ ਦੇ ਦਿੱਤਾ ਜਾਵੇਗਾ। ਕਿਸਾਨਾਂ ਦੇ ਦਿੱਲੀ ਦੀ ਸਰਹੱਦ ਤੱਕ ਪਹੁੰਚਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਕਿ ਦਿੱਲੀ ਸ਼ਹਿਰ ਦੀ ਘੇਰਾਬੰਦੀ ਕਰਕੇ ਆਪਣੇ ਹੀ ਜਾਲ ਵਿੱਚ ਕੇਂਦਰ ਸਰਕਾਰ ਫਸਦੀ ਦਿਖਾਈ ਦੇ ਰਹੀ ਹੈ। ਅੰਦੋਲਨਕਾਰੀ ਕਿਸਾਨ ਨੇਤਾਵਾਂ ਦੇ ਇਕ ਆਗੂ ਜਗਮੋਹਨ ਸਿੰਘ ਨੇ ਇਸ ਪੇਸ਼ਕਸ਼ ਦੀ ਪੁਸ਼ਟੀ ਕੀਤੀ ਹੈ। ਇਸ ਕਿਸਾਨ ਆਗੂ ਦਾ ਕਹਿਣਾ ਹੈ ਕਿ ਸਾਰੀਆਂ ਜਥੇਬੰਦੀਆਂ ਦੇ ਆਗੂ ਕੇਂਦਰ ਦੀ ਇਸ ਪੇਸ਼ਕਸ਼ ਬਾਰੇ ਚਰਚਾ ਕਰਨ ਤੋਂ ਬਾਅਦ ਸਹਿਮਤੀ ਨਾਲ ਹੀ ਕੋਈ ਫੈਸਲਾ ਲੈਣਗੀਆਂ। ਕਿਸਾਨ ਜਥੇਬੰਦੀਆਂ ‘ਚ ਇਹ ਵੀ ਚਰਚਾ ਛਿੜ ਗਈ ਹੈ ਕਿ ਕੇਂਦਰ ਦੀ ਇਹ ਇੱਕ ਚਾਲ ਹੋ ਸਕਦੀ ਕਿਉਂਕਿ ਇਸ ਨਾਲ ਦਿੱਲੀ ਦੀ ਘੇਰਾਬੰਦੀ ਖਤਮ ਹੋ ਜਾਵੇਗੀ ਤੇ ਕਿਸਾਨ ਇਕ ਥਾਂ ਇਕੱਠੇ ਹੋ ਜਾਣਗੇ। ਪੁਲੀਸ ਫੋਰਸ ਵੀ ਇਕ ਥਾਂ ਕੇਂਦਰਤ ਹੋ ਜਾਵੇਗੀ ਤੇ ਫਿਰ ਕਿਸੇ ਅਦਾਲਤ ਤੋਂ ਹੁਕਮ ਲੈਕੇ ਕਿਸਾਨਾਂ ਨੂੰ ਖਿੰਡਾਉਣਾ ਸੌਖਾ ਹੋ ਜਾਵੇਗਾ। ਉਗਰਾਹਾਂ ਗਰੁੱਪ ਦੇ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਵਿਚੋਂ ਬਹੁਤੇ ਦਿੱਲੀ ਦੇ ਗੁਰਦੁਆਰਿਆਂ ਚ ਟਿਕਣ ਦੀ ਖ਼ਾਹਿਸ਼ ਰੱਖਦੇ ਹਨ।

Real Estate