ਕਾਂਗਰਸ ਦੇ ਸੰਕਟਮੋਚਕ ਨਹੀਂ ਰਹੇ: ਅਹਿਮਦ ਇੰਦਰਾ ਦੇ ਜ਼ਮਾਨੇ ਤੋਂ ਕਾਂਗਰਸ ਦੇ ਟ੍ਰਬਲਸ਼ੂਟਰ ਮੰਨੇ ਜਾਂਦੇ ਸਨ, ਸੋਨੀਆ ਦੇ ਸਭ ਤੋਂ ਕਰੀਬੀ ਸਲਾਹਕਾਰ ਰਹੇ

316

ਨਵੀਂ ਦਿੱਲੀ-ਕਾਂਗਰਸ ਨੇਤਾ ਅਹਿਮਦ ਪਟੇਲ ਦਾ 71 ਸਾਲ ਦੀ ਉਮਰ ਵਿੱਚ ਅੱਜ ਭਾਵ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਪਟੇਲ ਕਾਂਗਰਸ ਦੇ ਸੰਕਟਮੋਚਕ ਮੰਨੇ ਜਾਂਦੇ ਸਨ। ਉਹ ਸੋਨੀਆ ਗਾਂਧੀ ਦੇ ਸਭ ਤੋਂ ਕਰੀਬੀ ਸਲਾਹਕਾਰਾਂ ਵਿੱਚੋਂ ਸਨ। ਪਟੇਲ ਦੀ ਗਿਣਤੀ ਕਾਂਗਰਸ ਦੇ ਸਭ ਤੋਂ ਜ਼ਿਆਦਾ ਤਾਕਤਵਰ ਨੇਤਾਵਾਂ ਵਿੱਚ ਹੁੰਦੀ ਸੀ, ਪਰ ਉਹ ਕਦੇ ਸਰਕਾਰ ਦਾ ਹਿੱਸਾ ਨਹੀਂ ਰਹੇ। ਗਾਂਧੀ ਪਰਿਵਾਰ ਦੀਆਂ ਨਜ਼ਦੀਕੀਆਂ ਇੰਦਰਾ ਦੇ ਜ਼ਮਾਨੇ ਤੋਂ ਸੀ। 1077 ਵਿੱਚ ਜਦੋਂ ਉਹ ਸਿਰਫ 28 ਸਾਲ ਦੇ ਸਨ, ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਭਰੂਚ ਤੋਂ ਚੋਣ ਲੜਵਾਈ ਸੀ।
ਦਿੱਗਜ ਕਾਂਗਰਸੀ ਨੇਤਾ ਅਹਿਮਦ ਪਟੇਲ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਕਾਂਗਰਸ ਪਾਰਟੀ ਵਿਚ ਸੋਗ ਦੀ ਲਹਿਰ ਦੌੜ ਗਈ। ਉਹ ਇਕ ਮਹੀਨਾ ਪਹਿਲਾਂ ਕੋਰੋਨਾ ਦੇ ਸ਼ਿਕਾਰ ਹੋਏ ਸਨ। ਇਸ ਦੇ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਹਿਮਦ ਦੇ ਪੁੱਤਰ ਫੈਜਲ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਅੱਜ ਤੜਕੇ 3.30 ਵਜੇ ਦਿਹਾਂਤ ਹੋ ਗਿਆ। ਪਾਰਟੀ ਨੇਤਾ ਅਤੇ ਐੱਮ. ਪੀ. ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਅਹਿਮਦ ਪਟੇਲ ਨੂੰ ਸ਼ਰਧਾਂਜਲੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅਹਿਮਦ ਪਟੇਲ ਨਹੀਂ ਰਹੇ। ਇਕ ਬਹੁਤ ਚੰਗਾ ਤੇ ਵਿਸ਼ਵਾਸ ਪਾਤਰ ਸਾਥੀ ਚਲਾ ਗਿਆ। ਅਸੀਂ ਦੋਵੇਂ ਸੰਨ 1977 ਤੋਂ ਇਕੱਠੇ ਰਹੇ। ਉਹ ਲੋਕ ਸਭਾ ਵਿਚ ਪੁੱਜੇ ਅਤੇ ਮੈਂ ਵਿਧਾਨ ਸਭਾ ਵਿਚ । ਸਾਡੇ ਕਦੇ ਕਾਂਗਰਸੀਆਂ ਲਈ ਉਹ ਹਰ ਰਾਜਨੀਤਕ ਮੁਸ਼ਕਲ ਦਾ ਹੱਲ ਸਨ। ਮਿੱਠੀ ਭਾਸ਼ਾ, ਚੰਗਾ ਵਿਵਹਾਰ ਤੇ ਖੁਸ਼ ਰਹਿਣਾ ਉਨ੍ਹਾਂ ਦੀ ਪਛਾਣ ਸੀ।
ਅਹਿਮਦ ਪਟੇਲ ਦੇ ਦਿਹਾਂਤ ‘ਤੇ ਕਾਂਗਰਸ ਦੀ ਮਹਾਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟੇਲ ਨਾ ਸਿਰਫ ਬੁੱਧਮਾਨ ਤੇ ਅਨੁਭਵੀ ਸਾਥੀ ਸਨ ਸਗੋਂ ਉਨ੍ਹਾਂ ਕੋਲ ਮੈਂ ਹਮੇਸ਼ਾ ਸਲਾਹ ਲੈਣ ਜਾਂਦੀ ਸੀ ਅਤੇ ਉਹ ਇਕ ਦੋਸਤ ਵਾਂਗ ਹੀ ਸਨ। ਉਨ੍ਹਾਂ ਦਾ ਦਿਹਾਂਤ ਇਕ ਡੂੰਘਾ ਖਾਲੀ ਥਾਂ ਛੱਡ ਗਿਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

Real Estate