‘14 ਅਕਤੂਬਰ 2015 ਬੇਅਦਬੀ ਕਾਂਡ- ਪੰਜ ਸਾਲਾਂ ਬਾਅਦ ਵੀ ਪੀੜਤ ਪਰਿਵਾਰ ਇਨਸਾਫ ਦੀ ਉਡੀਕ ਵਿੱਚ!

320

ਗੁਰਿੰਦਰ ਸਿੰਘ ਮਹਿੰਦੀਰੱਤਾ
ਪੱਤਰਕਾਰ ਕੋਟਕਪੂਰਾ।
ਜਿਲਾ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਦੀ ਘਟਨਾ ਨੂੰ 14 ਅਕਤੂਬਰ ਦਿਨ ਬੁੱਧਵਾਰ ਨੂੰ ਪੂਰੇ 5 ਸਾਲ ਹੋ ਜਾਣਗੇ। ਅੱਜ ਤੋਂ 5 ਸਾਲ ਪਹਿਲਾਂ ਬਾਦਲ ਸਰਕਾਰ ਮੌਕੇ ਪੁਲਿਸ ਅਧਿਕਾਰੀਆਂ ਨੇ ਸਰਕਾਰ ਜਾਂ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾ ਦੋ ਸਿੱਖ ਨੌਜਵਾਨਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ, ਜਦਕਿ ਅਨੇਕਾਂ ਨਿਰਦੋਸ਼ ਸਿੱਖ ਸੰਗਤਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਪੀੜਤ ਪਰਿਵਾਰ ਬੇਅਦਬੀ ਕਾਂਡ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵਾਸਤੇ ਪਾ ਰਿਹਾ ਹੈ ਪਰ 5 ਸਾਲ ਦਾ ਅਰਸਾ ਬੀਤਣ ਤੋਂ ਬਾਅਦ ਵੀ ਅਜੇ ਅਜਿਹੀ ਕੋਈ ਸੰਭਾਵਨਾ ਨਜਰ ਆਉਂਦੀ ਦਿਖਾਈ ਨਹੀਂ ਦੇ ਰਹੀ। ਇਸ ਅਰਸੇ ਦੌਰਾਨ ਜਾਂਚ ਕਮਿਸ਼ਨ ਬਣੇ, ਵਿਸ਼ੇਸ਼ ਜਾਂਚ ਟੀਮਾਂ, ਸੀਬੀਆਈ ਅਤੇ ਪੁਲਿਸ ਨੇ ਆਪਣੇ ਤੌਰ ’ਤੇ ਡੂੰਘਾਈ ਨਾਲ ਜਾਂਚ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਪਰ ਨਾ ਤਾਂ ਦੋਸ਼ੀਆਂ ਦਾ ਅਜੇ ਤੱਕ ਵਾਲ ਵਿੰਗਾ ਹੋਇਆ ਤੇ ਨਾ ਹੀ ਪੀੜਤਾਂ ਦੇ ਜ਼ਖ਼ਮਾ ’ਤੇ ਮੱਲਮ ਲੱਗੀ! ਇਕ ਜਾਂਚ ਕਮਿਸ਼ਨ ਅਤੇ ਇਕ ਐਸਆਈਟੀ ਨੇ ਨਿਰਪੱਖ ਤੇ ਦਲੇਰਾਨਾ ਜਾਂਚ ਰਿਪੋਰਟ ਤਿਆਰ ਕਰਕੇ ਅਜਿਹੇ ਪ੍ਰਗਟਾਵੇ ਤੇ ਖੁਲਾਸੇ ਕੀਤੇ, ਜਿੰਨਾਂ ਨੂੰ ਪੜਨ-ਸੁਣਨ ਤੋਂ ਬਾਅਦ ਇੰਝ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਬਾਦਲ ਸਰਕਾਰ ਮੌਕੇ ਪੁਲਿਸ ਅਧਿਕਾਰੀਆਂ ਅਤੇ ਡੇਰੇਦਾਰਾਂ ਨੂੰ ਕਾਨੂੰਨ ਹੱਥ ’ਚ ਲੈਣ ਜਾਂ ਛਿੱਕੇ ਟੰਗਣ ਦੀ ਪੂਰੀ ਖੁੱਲ ਦਿੱਤੀ ਗਈ ਸੀ।
1 ਜੂਨ 2015 ਨੂੰ ਜਿਲਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ’ਚੋਂ ਦਿਨ ਦਿਹਾੜੇ ਪਾਵਨ ਸਰੂਪ ਚੋਰੀ ਹੋਣਾ, ਨਰੇਗਾ ਕਰਮੀਆਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਵਲੋਂ ਦੋ ਸਿਰੋਂ ਮੋਨੇ ਦੋਸ਼ੀ ਸਮਝੇ ਜਾਂਦੇ ਨੌਜਵਾਨਾ ਦੇ ਸਕੱੈਚ ਜਾਰੀ ਕਰਨਾ, ਥਾਣਾ ਬਾਜਾਖਾਨਾ ਵਿਖੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ, ਕਿਸੇ ਵੀ ਸਿਰੋਂ ਮੋਨੇ ਨੌਜਵਾਨ ਨੂੰ ਜਾਂਚ ’ਚ ਸ਼ਾਮਲ ਕਰਨ ਦੀ ਬਜਾਇ ਇਨਸਾਫ ਮੰਗਣ ਵਾਲੇ ਪੰਥਦਰਦੀਆਂ ’ਚੋਂ ਲਗਭਗ 2 ਦਰਜਨ ਸਿੱਖ ਨੌਜਵਾਨਾ ਨੂੰ ਜਾਂਚ ਦੀ ਆੜ ’ਚ ਤਸ਼ੱਦਦ ਦਾ ਸ਼ਿਕਾਰ ਬਣਾਉਣਾ, 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੋਦਾ ਸਾਧ ਦੇ ਡੇਰਾ ਪ੍ਰੇਮੀਆਂ ਵਲੋਂ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਿਆਂ ਦੀਆਂ ਕੰਧਾਂ ’ਤੇ ਹੱਥ ਲਿਖਤ ਪੋਸਟਰ ਲਾ ਕੇ ਸਮੁੱਚੀ ਸਿੱਖ ਕੌਮ ਨੂੰ ਵੰਗਾਰਨ ਵਾਲੀ ਸ਼ਬਦਾਵਲੀ ਨਾਲ ਕਬੂਲ ਕਰ ਲੈਣਾ ਕਿ ਤੁਹਾਡਾ ਵੱਡਾ ਗੁਰੂ ਸਾਡੇ ਕਬਜੇ ’ਚ ਅਤੇ ਬਰਗਾੜੀ ਵਿੱਚ ਹੀ ਹੈ, ਲੱਭਣ ਵਾਲੇ ਨੂੰ ਸਾਡੇ ਡੇਰੇ ’ਚ 10 ਲੱਖ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕਰਨ, ਥਾਣਾ ਬਾਜਾਖਾਨਾ ਵਿਖੇ ਅਣਪਛਾਤਿਆਂ ਖਿਲਾਫ ਇਕ ਹੋਰ ਮਾਮਲਾ ਦਰਜ ਕਰਕੇ ਖਾਨਾਪੂਰਤੀ, ਬਾਦਲ ਸਰਕਾਰ ਅਤੇ ਉਸਦੀ ਪੁਲਿਸ ਵਲੋਂ ਸਭ ਕੁਝ ਅੱਖਾਂ ਬੰਦ ਕਰਕੇ ਬਰਦਾਸ਼ਤ ਕਰਨ ਜਾਂ ਨਜਰਅੰਦਾਜ ਕਰ ਦੇਣ ਦੀਆਂ ਗੱਲਾਂ ਦੀ ਚਰਚਾ ਚੱਲਦੀ ਰਹੀ ਪਰ 17 ਦਿਨਾ ਬਾਅਦ ਅਰਥਾਤ 12 ਅਕਤੂਬਰ ਨੂੰ ਡੇਰਾ ਪ੍ਰੇਮੀਆਂ ਵਲੋਂ ਬਰਗਾੜੀ ਵਿਖੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ, ਥਾਣਾ ਬਾਜਾਖਾਨਾ ਵਿਖੇ ਤੀਜਾ ਮਾਮਲਾ ਫਿਰ ਅਣਪਛਾਤਿਆਂ ਖਿਲਾਫ ਦਰਜ ਕਰਕੇ ਖਾਨਾਪੂਰਤੀ ਕਰਨ, ਦੇਸ਼ ਵਿਦੇਸ਼ ’ਚ ਰੋਸ ਫੈਲਣ ਤੋਂ ਬਾਅਦ 14 ਅਕਤੂਬਰ ਨੂੰ ਪਹਿਲਾਂ ਬੱਤੀਆਂ ਵਾਲਾ ਚੋਂਕ ਕੋਟਕਪੂਰਾ ਅਤੇ ਫਿਰ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸੀਆ ਅੱਤਿਆਚਾਰ ਢਾਹੁਣ, ਦੋ ਸਿੱਖ ਨੌਜਵਾਨਾ ਦੀ ਮੌਤ, 100 ਤੋਂ ਜਿਆਦਾ ਸਿੱਖ ਸੰਗਤਾਂ ਦੇ ਜਖ਼ਮੀ ਹੋਣ, ਇਸ ਵਾਰ ਕੋਟਕਪੂਰਾ ਅਤੇ ਬਹਿਬਲ ਵਿਖੇ ਵਾਪਰੀਆਂ ਘਟਨਾਵਾਂ ਸਬੰਧੀ ਪੁਲਿਸ ਵਲੋਂ ਸਿਟੀ ਥਾਣਾ ਕੋਟਕਪੂਰਾ ਅਤੇ ਥਾਣਾ ਬਾਜਾਖਾਨਾ ਵਿਖੇ ਸਿੱਖ ਸੰਗਤਾਂ ਖਿਲਾਫ ਹੀ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਕਰਨ ਵਰਗੀਆਂ ਘਟਨਾਵਾਂ ਦਾ ਜਿਕਰ ਮੀਡੀਏ ’ਚ ਵਿਸਥਾਰ ਸਹਿਤ ਪ੍ਰਕਾਸ਼ਿਤ ਹੁੰਦਾ ਰਿਹਾ।
ਬਾਦਲ ਸਰਕਾਰ ਨੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ’ਚ ਐਸਆਈਟੀ ਦਾ ਗਠਨ ਕੀਤਾ, ਸੇਵਾਮੁਕਤ ਜਸਟਿਸ ਜੋਰਾ ਸਿੰਘ ਦੀ ਅਗਵਾਈ ’ਚ ਜਾਂਚ ਕਮਿਸ਼ਨ ਦਾ ਗਠਨ ਅਤੇ ਮਾਮਲਾ ਸੀਬੀਆਈ ਦੇ ਸਪੁਰਦ ਕਰਕੇ ਸੰਗਤਾਂ ਨੂੰ ਸ਼ਾਂਤ ਕਰਨ ਦੀ ਕੌਸ਼ਿਸ਼ ਕੀਤੀ ਪਰ ਤਿੰਨਾ ਏਜੰਸੀਆਂ ਦੀ ਜਾਂਚ ਨੂੰ ਪੀੜਤ ਪਰਿਵਾਰਾਂ, ਆਮ ਲੋਕਾਂ ਅਤੇ ਪੰਥਕ ਹਲਕਿਆਂ ’ਚ ਖਾਨਾਪੂਰਤੀ ਮੰਨਦਿਆਂ ਇਸ ਨੂੰ ਬਹੁਤੀ ਅਹਿਮੀਅਤ ਨਾ ਦਿੱਤੀ ਗਈ। ਕਿਉਂਕਿ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐੱਸਆਈਟੀ ਨੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ’ਚ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਤਾਂ ਥਾਣਾ ਬਾਜਾਖਾਨਾ ਵਿਖੇ 21 ਅਕਤੂਬਰ 2015 ਨੂੰ ਅਣਪਛਾਤੇ ਪੁਲਿਸੀਆਂ ਖਿਲਾਫ ਮਾਮਲਾ ਦਰਜ ਕਰਕੇ ਖਾਨਾਪੂਰਤੀ ਕਰ ਦਿੱਤੀ ਗਈ, ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਖੁਦ ਬਾਦਲ ਸਰਕਾਰ ਨੇ ਹੀ ਮੰਨਣ ਤੋਂ ਟਾਲਾ ਵੱਟ ਲਿਆ ਅਤੇ ਸੀਬੀਆਈ ਨੇ ਤਾਂ ਅਦਾਲਤ ’ਚ ਕਲੋਜਰ ਰਿਪੋਰਟ ਪੇਸ਼ ਕਰਦਿਆਂ ਦੋਸ਼ੀਆਂ ਨੂੰ ਬੇਕਸੂਰ ਠਹਿਰਾ ਕੇ ਪੰਥਕ ਹਲਕਿਆਂ ਸਮੇਤ ਆਮ ਲੋਕਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ। ਪੀੜਤ ਪਰਿਵਾਰ ਅਤੇ ਮੌਕੇ ਤੇ ਗਵਾਹ ਤਿੰਨ ਜਾਂਚ ਕਮਿਸ਼ਨਾ, ਤਿੰਨ ਵਿਸ਼ੇਸ਼ ਜਾਂਚ ਟੀਮਾ, ਸੀਬੀਆਈ ਅਤੇ ਪੁਲਿਸ ਵਲੋਂ ਸਮੇਂ ਸਮੇਂ ਪੁੱਛਗਿੱਛ ਲਈ ਬੁਲਾਏ ਜਾਣ ਵਾਲੀਆਂ ਥਾਵਾਂ ’ਤੇ ਬਿਆਨ ਦੇ ਦੇ ਕੇ ਅੱਕ ਅਤੇ ਥੱਕ ਗਏ, ਜਦੋਂ ਨਿਰਾਸ਼ਾ ਸਿਰ ਚੜ ਕੇ ਬੋਲਣ ਲੱਗੀ ਅਤੇ ਪੀੜਤ ਪਰਿਵਾਰ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋ ਗਏ ਤਾਂ ਉਨਾਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਅਤੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਦੇ ਕੰਮ ਕਾਰ ਤੋਂ ਇਨਸਾਫ ਮਿਲਣ ਦੀ ਵਿਰਲੀ ਕਿਰਨ ਦਿਖਾਈ ਦਿੱਤੀ ਪਰ ਅਕਾਲੀ ਦਲ ਬਾਦਲ ਦੇ ਆਗੂਆਂ, ਬਾਦਲ ਪਰਿਵਾਰ ਅਤੇ ਖਾਸ ਤੌਰ ’ਤੇ ਬਾਦਲ ਪਿਉ-ਪੁੱਤ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਜਾਂਚ ਦਾ ਵਿਰੋਧ ਕਰਨ ਵਾਲੀਆਂ ਕਾਰਵਾਈਆਂ ਨੇ ਪੀੜਤ ਪਰਿਵਾਰਾਂ, ਆਮ ਲੋਕਾਂ ਅਤੇ ਪੰਥਦਰਦੀਆਂ ਨੂੰ ਇਕ ਵਾਰ ਫਿਰ ਨਿਰਾਸ਼ ਕਰਨ ਵਾਲੀ ਕਸਰ ਨਾ ਛੱਡੀ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਵਲੋਂ ਤਿਆਰ ਕੀਤੀਆਂ ਜਾਂਚ ਰਿਪੋਰਟਾਂ ’ਚ ਸਪੱਸ਼ਟ ਹੋ ਚੁੱਕਾ ਹੈ ਕਿ ਬਾਦਲ ਸਰਕਾਰ ਵਲੋਂ ਸੋਦਾ ਸਾਧ ਦੀ ਫਿਲਮ ਸਿਨੇਮਾ ਘਰਾਂ ’ਚ ਚਲਾਉਣ ਦੀ ਇਜਾਜਤ ਨਾ ਦੇਣ ਦੇ ਰੋਸ ਵਜੋਂ ਸੋਦਾ ਸਾਧ ਦੇ ਡੇਰਾ ਪ੍ਰੇਮੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਕੇ ਬੇਅਦਬੀ ਕਾਂਡ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਪਹਿਲਾਂ 24-25 ਸਤੰਬਰ ਦੀ ਦਰਮਿਆਨੀ ਰਾਤ ਨੂੰ ਹੱਥ ਲਿਖਤ ਭੜਕਾਉ ਪੋਸਟਰ ਲਾ ਕੇ ਸਿੱਖਾਂ ਨੂੰ ਗੰਦੀਆਂ ਗਾਲਾਂ ਕੱਢਣ ਵਾਲੀ ਕਰਤੂਤ ਵੀ ਡੇਰਾ ਪ੍ਰੇਮੀਆਂ ਦੀ ਹੀ ਸਾਹਮਣੇ ਆਈ। ਉਕਤ ਘਟਨਾ ਨਾਲ ਸਬੰਧਤ ਪੀੜਤ ਪਰਿਵਾਰਾਂ ਵਲੋਂ ਵਾਰ ਵਾਰ ਆਖਿਆ ਜਾ ਚੁੱਕਾ ਹੈ ਕਿ ਬਾਦਲ ਦਲ ਦੇ ਕਿਸੇ ਵੀ ਆਗੂ ਜਾਂ ਬਾਦਲ ਪਿਉ-ਪੁੱਤ ਵਲੋਂ ਇਕ ਵਾਰ ਵੀ ਡੇਰਾ ਪ੍ਰੇਮੀਆਂ ਖਿਲਾਫ ਬਿਆਨ ਜਾਰੀ ਕਰਨ ਜਾਂ ਦੋਸ਼ੀਆਂ ਨੂੰ ਸਜਾਵਾਂ ਦੇਣ ਸਬੰਧੀ ਬਿਆਨ ਤੱਕ ਜਾਰੀ ਕਰਨ ਦੀ ਜਰੂਰਤ ਹੀ ਨਾ ਸਮਝੀ ਗਈ। ਪੀੜਤ ਪਰਿਵਾਰਾਂ ਅਤੇ ਪੰਥਦਰਦੀਆਂ ਵਲੋਂ ਖੁਦ ਸੱਤਾਧਾਰੀ ਧਿਰ ਦੇ ਮੰਤਰੀਆਂ ਤੇ ਵਿਧਾਇਕਾਂ ਤੱਕ ਪਹੁੰਚ ਕਰਨ ਦੀ ਬਜਾਇ ਅਤੇ ਸੱਚਾਈ ਸਾਹਮਣੇ ਆ ਜਾਣ ਦੇ ਬਾਵਜੂਦ ਅਜੇ ਤੱਕ ਥਾਣਾ ਬਾਜਾਖਾਨਾ ਵਿਖੇ ਦਰਜ ਤਿੰਨ ਪੁਲਿਸ ਮਾਮਲਿਆਂ ’ਚ ਦੋਸ਼ੀਆਂ ਨੂੰ ਨਾਮਜਦ ਤੱਕ ਨਹੀਂ ਕੀਤਾ ਗਿਆ। ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨਾ ’ਚ ਸ਼ਾਮਲ ਕ੍ਰਮਵਾਰ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਤੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਅਦਾਲਤ ਅਤੇ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਸ਼ਿਕਾਇਤਾਂ ’ਚ ਹੈਰਾਨੀ ਪ੍ਰਗਟਾਈ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਨੂੰ ਰਿਹਾਈ ਤਾਂ ਦੂਰ ਜਮਾਨਤਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ ਤੇ ਦੂਜੇ ਪਾਸੇ ਇੰਨੀਆਂ ਗੰਭੀਰ ਸਾਜਿਸ਼ਾਂ ਵਾਲੇ ਮਾਮਲਿਆਂ ’ਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਅਗਾਉਂ ਜਮਾਨਤਾਂ ਮਿਲਣ ਦੀਆਂ ਘਟਨਾਵਾਂ ਨਾਲ ਪੀੜਤ ਪਰਿਵਾਰਾਂ ਦਾ ਮਨੋਬਲ ਡਿੱਗਣਾ ਸੁਭਾਵਿਕ ਹੈ। ਅੱਜ 5 ਸਾਲ ਦਾ ਅਰਸਾ ਬੀਤਣ ਉਪਰੰਤ 14 ਅਕਤੂਬਰ ਵਾਲੇ ਦਿਨ ਨੇ ਪੀੜਤ ਪਰਿਵਾਰਾਂ ਦੇ ਜਖਮ ਇਕ ਵਾਰ ਫਿਰ ਹਰੇ ਕਰ ਦਿੱਤੇ ਹਨ ਤੇ ਪੀੜਤ ਪਰਿਵਾਰਾਂ ਦੀ ਹੁਣ ਇਕੋ ਇਕ ਮੰਗ ਇਹ ਰਹਿ ਗਈ ਹੈ ਕਿ ਬੇਅਦਬੀ ਕਾਂਡ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ ਤੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ ਵਾਲੇ ਸਮੇਂ ਦੇ ਹਾਕਮਾਂ ਨਾਲ ਵੀ ਇਸ ਮਾਮਲੇ ’ਚ ਕੋਈ ਲਿਹਾਜ ਨਹੀਂ ਹੋਣੀ ਚਾਹੀਦੀ।

Real Estate