ਖੇਤੀ ਆਰਡੀਨੈੱਸ ਬਨਾਮ ਮਾਲ ਸਭਿਆਚਾਰ

237
ਭੁਪਿੰਦਰ ਸਿੰਘ ਬਰਗਾੜੀ
ਅੱਜ ਜਦੋਂ ਪੰਜਾਬ ਦਾ ਵੱਡਾ ਤਬਕਾ ਭਾਵ ਕਿਸਾਨ ਕੇਂਦਰ ਸਰਕਾਰ ਦੇ ਲਿਆਂਦੇ ਖੇਤੀ ਆਰਡੀਨੈਂਸ ਨੂੰ ਵਾਪਸ ਕਰਵਾਉਣ ਲਈ ਸੜਕਾਂ ਅਤੇ ਕਾਰਪੋਰੇਟ ਅਦਾਰਿਆਂ ਅੱਗੇ ਧਰਨੇ ਮਾਰੀ ਬੈਠਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਪਿੱਛੇ ਕੰਮ ਕਰਦੀਆਂ ਤਾਕਤਾਂ ਬਾਰੇ ਗੱਲ ਜਰੂਰ ਕਰਨੀ ਬਣਦੀ ਹੈ। ਬਿਨਾਂ ਸ਼ੱਕ ਇਸ ਫੈਸਲੇ ਪਿੱਛੇ ‘ਕਾਰਪੋਰੇਟ’ ਹਨ, ਜਿਨਾਂ ਨੂੰ ਅਨਾਜ ਅਤੇ ਹੋਰ ਫਸਲਾਂ ਦੀ ਖਰੀਦ ਬਦਲੇ ਕਈ ਖਰਚਿਆਂ ਦਾ ਭੁਗਤਾਨ ਕਰਨਾ ਪੈਂਦਾ ਹੈ ਤੇ ਇਕ ਕਾਰਪੋਰੇਟ ਹੀ ਹਨ, ਜੋ ਆਪਣੇ ਹਿੱਤਾਂ ਲਈ ਸਰਕਾਰੀ ਨੀਤੀਆਂ ਨੂੰ ਤੋੜਨ ਮਰੋੜਨ ਦੀ ਪਹੁੰਚ ਰੱਖਦੇ ਹਨ। ਵੈਸੇ ਇਹ ਪ੍ਰਕਿਰਿਆ ਆਮ ਵਰਤਾਰੇ ਵਾਂਗ ਮੁੱਢੋਂ ਹੀ ਚਲਦੀ ਆ ਰਹੀ ਹੈ ਪਰ ਅਸੀਂ ਬਹੁਤਾ ਪਿੱਛੇ ਨਾ ਜਾ ਕੇ ਸਿਰਫ਼ ਇਸ ਗੱਲ ਦੀ ਪੜਚੋਲ ਕਰਾਂਗੇ ਕਿ ਕਾਰਪੋਰੇਟ ਅਦਾਰੇ ਕਿਸ ਤਰਾਂ ਆਮ ਲੋਕਾਂ ਨੂੰ ਆਪਣੇ ਪਲਾਂਜੇ ਵਿੱਚ ਲੈਂਦੇ ਹਨ,ਕਿਉਂਕਿ ਉਨਾਂ ਲੋਕਾਂ ਦੀਆਂ ਅੱਖਾਂ ਵੀ ਖੁੱਲਣੀਆਂ ਲਾਜ਼ਮੀ ਹਨ ਜਿਨਾਂ ਨੂੰ ਇਹ ਲੱਗਦਾ ਹੈ ਕਿ ਇਹ ਇਕੱਲਾ ‘ਕਿਸਾਨਾਂ’ ਦਾ ਮਸਲਾ ਹੈ।
ਭਾਰਤ ਵਿੱਚ ‘ਮਾਲ ਸੱਭਿਆਚਾਰ’ ਨੱਬੇਵਿਆਂ ਵਿੱਚ ਸ਼ੁਰੂ ਹੁੰਦਾ ਹੈ ਜਿਸਨੂੰ ਮੈਂ ਖਪਤ ਸੱਭਿਆਚਾਰ ਦਾ ਮੁੱਢ ਮੰਨਦਾ ਹਾਂ। ਜਿੰਨਾ ਫਾਇਦਾ ਕਾਰਪੋਰੇਟਾਂ ਨੂੰ ਖਪਤ ਸੱਭਿਆਚਾਰ ਨੇ ਦਿੱਤਾ ਹੈ ਉਨਾਂ ਸ਼ਾਇਦ ਹੋਰ ਚੀਜਾਂ ਨੇ ਨਹੀਂ ਕੀਤਾ। ਆਮ ਲੋਕਾਂ ਦੇ ਘਰਾਂ ਵਿੱਚੋਂ ਦਾਤਣਾਂ ਕਢਵਾ ਕੇ ਟੁੱਥਪੇਸਟ ਅਤੇ ਬੁਰਸ਼ ਫੜਾਉਣ ਤੋਂ ਲੈ ਕੇ ਪੋਚੇ ਲਾਉਣ ਵਾਲੀਆਂ ਮਸ਼ੀਨਾਂ ਵਾੜਨ ਤੱਕ ਸਾਰਾ ਕਾਰਪੋਰੇਟ ਢਾਂਚਾ ਜੁੰਮੇਵਾਰ ਹੈ, ਕਿਉਂਕਿ ਇਸ ਵਿੱਚ ਮੁਨਾਫ਼ਾ ਤੁਹਾਡੇ ਸੋਚਣ ਤੋਂ ਕਈ ਗੁਣਾ ਵੱਧ ਹੈ। ਭਲਾਂ ਤੁਸੀਂ ਦਾਤਣ ਕਰ ਲਵੋਂਗੇ ਤਾਂ ਕਿਸੇ ਨੂੰ ਕੀ ਫਾਇਦਾ,ਜਦਕਿ ਬੁਰਸ਼ ਤੇ ਪੇਸਟ ਲਾ ਕੇ ਦੰਦਾਂ ਤੇ ਘਸਾਉਂਗੇ ਤਾਂ ਉਤਪਾਦਕ ਦੇ ਨਾਲ ਨਾਲ ਸਰਕਾਰ ਨੂੰ ਵੀ ਕਈ ਗੁਣਾ ਫਾਇਦਾ, ਕਿਉਂਕਿ ਟੈਕਸ ਮਿਲ ਰਿਹਾ। ਕੋਈ ਵਿਰਲਾ ਟਾਂਵਾ ਹੀ ਹੋਣਾ, ਜੋ ਅੱਜ ਕਿੱਕਰ ਜਾਂ ਨਿੰਮ ਦੀ ਦਾਤਣ ਕਰਦਾ ਹੋਣਾ ਕਿਉਂਕਿ ਇਹ ਸਟੇਟਸ ਸਿੰਬਲ ਨਹੀਂ ਹੈ। ਹੁਣ ਤੁਸੀਂ ਇਹ ਨਹੀਂ ਸੋਚੋਂਗੇ ਕਿ ਹਰ ਰੋਜ਼ ਦੰਦ ਸਾਫ਼ ਕਰਨ ਵਾਲੇ ਕਾਰਜ ਵਿੱਚ ਇਹ ‘ਸਟੇਟਸ’ ਕਿੱਧਰੋਂ ਆ ਵੜਿਆ ? ਇਸਦਾ ਜਵਾਬ ਇਹ ਹੈ ਕਿ ‘ਸਟੇਟਸ’ ਨੂੰ ਤੁਹਾਡੇ ਘਰ ਪਏ ਮਨੋਰੰਜਨ ਬਾਕਸ ਯਾਨੀਂ ਕਿ ਤੁਹਾਡੇ ਟੀ. ਵੀ ਦੇ ਜ਼ਰੀਏ ਤੁਹਾਡੇ ਮਨ ਵਿੱਚ ਵਾੜਿਆ ਗਿਆ ਹੈ। ਇਕੱਲੇ ਪੇਸਟ ਬੁਰਸ਼ ਤੇ ਹੀ ਸੀਮਤ ਨਹੀਂ ਤੁਹਾਡੇ ਘਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜਾਂ ਸਨ ਜਿਨਾਂ ਨੂੰ ਤੁਹਾਡੇ ਘਰ ਦੇ ਪਿਛਲੇ ਦਰਵਾਜੇ ਥਾਣੀਂ ਬਾਹਰ ਕੱਢ ਦਿੱਤਾ ਗਿਆ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਨੰਗੇ ਚਿੱਟੇ ਦਿਨ ਨਵੀਂਆਂ ਚੀਜ਼ਾਂ ਤੁਹਾਡੇ ਸਾਹਮਣੇ ਵਾਲੇ ਦਰਵਾਜੇ ਵਿੱਚਦੀ ਤੁਹਾਡੇ ਘਰ ਅੰਦਰ ਪ੍ਰਵੇਸ਼ ਕਰ ਗਈਆਂ,ਜਿਨਾਂ ਲਈ ਤੁਸੀਂ ਆਪਣੀ ਆਮਦਨ ਦਾ ਬਹੁਤਾ ਹਿੱਸਾ ਖਰਚ ਕਰ ਬੈਠਦੇ ਹੋ। ਨਿੱਕੇ ਹੁੰਦੇ ਅਸੀਂ ਟੀ. ਵੀ ਤੇ ਮਸ਼ਹੂਰੀ ਵੇਖਦੇ ਹੁੰਦੇ ਸਾਂ ਜਿਸ ਵਿੱਚ ਇਕ ਕਲਾਕਾਰ ਟੀ. ਵੀ ਦੀ ਮਸ਼ਹੂਰੀ ਕਰਦਾ ਹੋਇਆ ਕਹਿੰਦਾ ਹੈ ‘ਗੁਆਂਢੀਆਂ ਦੀ ਸੜੇ ਜਾਨ ਤੇ ਤੁਹਾਡੀ ਵਧੇ ਸ਼ਾਨ….’ ਜਿਸ ਨਾਲ ਇਹ ਲੱਗਦਾ ਸੀ ਕਿ ਜੇਕਰ ਸਾਡੇ ਘਰ ਇਸ ਕੰਪਨੀ ਦਾ ਟੀ.ਵੀ ਨਾ ਹੋਇਆ ਤਾਂ ਗਲੀ ਗੁਆਂਢ ਵਿੱਚ ਸਾਡੀ ਕੀ ਇੱਜਤ ਹੈ ? ਫੇਰ ਵੀਹ ਬਾਈ ਸਾਲ ਪਹਿਲਾਂ ਇਹ ਸੁਣਦੇ ਰਹੇ ਕਿ ਚੰਡੀਗੜ ਦੇ ਲੋਕਾਂ ਨੂੰ ‘ਟਵੰਟੀ ਨਾਈਨ ਫੋਬੀਆ’ ਹੋ ਗਿਆ ਹੈ, ਜਦੋਂ ਇਸਦੇ ਵਿਸਥਾਰ ਬਾਰੇ ਜਾਣਿਆਂ ਤਾਂ ਪਤਾ ਲੱਗਾ ਕਿ ਮਾਰਕੀਟ ਵਿੱਚ ਪਹਿਲਾਂ ਵੀਹ ਜਾਂ ਇੱਕੀ ਇੰਚ ਦੇ ਟੀ.ਵੀ ਚੱਲਦੇ ਸਨ ਪਰ ਹੁਣ ‘ਉਨੱਤੀ ਇੰਚ’ ਦਾ ਟੀ. ਵੀ ਮਾਰਕੀਟ ਵਿੱਚ ਆ ਗਿਆ ਹੈ ਤੇ ਰਾਜਧਾਨੀ ਦੇ ਲੋਕ ਧੜਾ ਧੜ ਛੋਟੇ ਟੈਲੀਵਿਜ਼ਨ ਵੇਚ ਕੇ ਉਨੱਤੀ ਇੰਚ ਟੈਲੀਵਿਜਨ ਲੈ ਰਹੇ ਸਨ। ਕਾਰਨ ਸਿਰਫ਼ ਸਟੇਟਸ…. ਗੁਆਂਢੀਆਂ ਅਤੇ ਸਮਾਜ ਤੇ ਰੋਅਬ।
ਕਦੇ ਆਪਣੀ ਸ਼ਾਪਿੰਗ ਵਾਲੀ ਟੋਕਰੀ ਨੂੰ ਤੇ ਸੁਤੇ ਸਿੱਧ ਨਜ਼ਰ ਮਾਰ ਕੇ ਵੇਖਿਓ ਕਿੰਨੀਆਂ ਚੀਜਾਂ ਅਜਿਹੀਆਂ ਹਨ ਜਿਨਾਂ ਬਿਨਾਂ ਸਰ ਸਕਦਾ ਹੈ ਪਰ ਨਹੀਂ ਕਿਉਂਕਿ ਅਸੀਂ ਆਪਣੇ ਆਲੇ ਦੁਆਲੇ ਇੱਕ ਅਜਿਹਾ ‘ਕੰਫਰਟ ਜੋਨ’ ਸਿਰਜ ਲਿਆ ਹੈ ਜਿਸ ਵਿੱਚੋਂ ਬਾਹਰ ਜਾਣਾ ਸਾਨੂੰ ਗਵਾਰਾ ਨਹੀਂ। ਪੈਸੇ ਭਾਵੇਂ ਜਿੰਨੇ ਮਰਜੀ ਲੱਗ ਜਾਣ ਕਿੱਥੇ ਲੈ ਕੇ ਜਾਣੇ…? ਇਹ ਵੀ ਬਜ਼ਾਰ ਹੀ ਸਿਖਾਉਂਦਾ ਹੈ।….. ਹਾਂ ਜੀ ਤੁਹਾਡੀਆਂ ਜੇਬਾਂ ਹੌਲੀਆਂ ਕਰਨ ਲਈ ਹੀ ‘ਵੀਕੈਂਡ ਸੱਭਿਆਚਾਰ’ ਨੂੰ ਹੁਲਾਰਾ ਦਿੱਤਾ ਗਿਆ ਹੈ ਕਿਉਂਕਿ ਜੇ ਵੀਕੈਂਡ ਤੇ ‘ਸ਼ਾਪੰਗ ਮਾਲ’ ਵਿੱਚ ਫਿਲਮ ਵੇਖਣ ਨਹੀਂ ਜਾਉਂਗੇ ਤਾਂ ਤੁਸੀਂ ਇਸ ਜ਼ਮਾਨੇ ਦੀ ਤੋਰ ਨਾਲ ਨਹੀਂ ਤੁਰ ਰਹੇ ਹੋ ? ਤੁਹਾਡੀ ਸਹੂਲਤ ਲਈ ਉਥੇ ਦਸ ਰੁਪਏ ਵਾਲੇ ਮੱਕੀ ਦੇ ਫੁੱਲੇ ‘ਕੈਰੇਮਲ ਪਾਪ ਕਾਰਨ’ ਦੇ ਨਾਂ ਹੇਠ ਤੁਹਾਨੂੰ ਡੇਢ ਤੋਂ ਦੋ ਸੌ ਰੁਪਏ ਦੇ ਪਰੋਸੇ ਜਾਂਦੇ ਹਨ। ਫੇਰ ਸ਼ਾਮ ਨੂੰ ਸ਼੍ਰੀਮਤੀ ਅਤੇ ਬੱਚਿਆਂ ਨੂੰ ਸਟਾਰਟਰ ਸਨੈਕਸ ਤੋਂ ਬਾਅਦ ਇੱਕ ਚੰਗੇ ਰੇਸਤਰਾਂ ਵਿੱਚ ਡਿਨਰ ਤੋਂ ਬਾਅਦ ਵਧੀਆ ਟੌਪਿੰਗ ਵਾਲੀ ਵਿਦੇਸ਼ੀ ਬ੍ਰਾਂਡ ਦੀ ਆਈਸਕ੍ਰੀਮ ਖੁਆ ਕੇ ਤੁਹਾਡੇ ਡੈਬਿਟ ਜਾਂ ਕ੍ਰੈਡਿਟ ਕਾਰਡ ਵਿੱਚੋਂ ਕਿੰਨਾ ਕੁ ਮਾਲ ਖਿੱਚ ਲਿਆ ਗਿਆ ਹੈ ਇਸਦਾ ਪਤਾ ਬੈਂਕ ਦੀ ਸਟੇਟਮੈਂਟ ਵੇਖ ਕੇ ਲੱਗਦਾ। ਜਦਕਿ ਘਰ ਵਿੱਚ ਬੱਚਿਆਂ ਨਾਲ ਹੱਸਦੇ ਖੇਡਦੇ ਹੋਏ ਵੀ ਰਲ ਮਿਲ ਕੇ ਖਾਣਾ ਬਣਾ ਕੇ, ਖਾ ਕੇ ਖੇਡ ਕੇ ਆਨੰਦ ਲਿਆ ਜਾ ਸਕਦਾ ਸੀ। ਫਰਕ ਸਿਰਫ਼ ਕੀ ਹੈ ਕਿ ‘ਸਟੇਟਸ’ ਅਲਾਓ ਨਹੀਂ ਕਰਦਾ।
ਇਸ ਸਟੇਟਸ ਲਈ ਵੱਡੀਆਂ ਵੱਡੀਆਂ ਕੰਪਨੀਆਂ ਕੀ ਕਰਦੀਆਂ ਹਨ ? ਆਪਣੇ ਉਤਪਾਦਾਂ ਦੀ ਬ੍ਰਾਂਡ ਵੈਲਿਊ ਵਧਾਉਂਦੀਆਂ ਹਨ, ਕਿਉਂਕਿ ਲੋਕ ਇਨਾਂ ਬਰਾਂਡਾਂ ਦੇ ਸ਼ਿਕਾਰ ਹਨ ਕਿ ‘ਉਹ ਇਨਾਂ ਨੂੰ ਵਰਤਦੇ ਹਨ ਤਾਂ ਆਪਣੇ ਆਲੇ ਦੁਆਲੇ ਵਿਚਰਦੇ ਲੋਕਾਂ ਤੋਂ ਬਿਹਤਰ ਹਨ।’ ਮੋਬਾਇਲ ਦੇ ਖੇਤਰ ਵਿੱਚ ਸੰਸਾਰ ਭਰ ਵਿੱਚ ‘ਐਪਲ’ ਦਾ ਦਬਦਬਾ ਹੈ ਜਿਸ ਦੇ ਨਵੇਂ ਮਾਡਲ ਨੂੰ ਖਰੀਦਣ ਲਈ ਕਈ ਲੋਕਾਂ ਦੇ ਗੁਰਦੇ ਤੱਕ ਵੀ ਵੇਚਣ ਦੀ ਸੂਚਨਾ ਹੈ… ਉਸਨੇ ਕੀ ਕੀਤਾ ਹੈ… ਆਮ ਵਰਤੋਂ ਲਈ ਗੈਜੇਟ ਬਣਾਏ ਹਨ ਜਿਨਾਂ ਤੇ ਪਿੱਛੇ ‘ਟੁੱਕੇ’ ਸੇਬ ਦਾ ਨਿਸ਼ਾਨ ਹੈ,ਜਿੰਨਾ ਜੋੜ ਉਨਾਂ ਨੇ ਇਸਦੀ ਤਕਨੀਕ ਵਿਕਸਤ ਕਰਨ ਤੇ ਲਾਇਆ ਹੈ ਉਸਤੋਂ ਵੱਧ ਜੋਰ ਇਸਦੀ ਬ੍ਰਾਂਡ ਵੈਲਿਊ ਵਧਾਉਣ ਤੇ ਲਾਇਆ ਗਿਆ ਹੈ ਜਦਕਿ ਟੈਕਨੀਕਲੀ ਇਸਨੂੰ ਮਸ਼ੀਨ ਮੰਨਿਆ ਜਾਵੇ ਤਾਂ ਇਸਦੀ ਕੀਮਤ ਇਸਦੇ ਕੰਪਨੀ ਮੁੱਲ ਤੋਂ ਤੀਜਾ ਹਿੱਸਾ ਹੀ ਹੁੰਦੀ ਹੈ। ਸਿਰਫ਼ ਵੱਡੇ ਵੱਡੇ ਸੈਲੀਬਰਿਟੀਜ਼ ਦੇ ਹੱਥਾਂ ਵਿੱਚ ਵਿਖਾ ਕੇ ਇਸਦੀ ਬ੍ਰਾਂਡ ਵੈਲਿਊ ਇਸ ਪੱਧਰ ਤੱਕ ਪਹੁੰਚਾ ਦਿੱਤੀ ਗਈ ਹੈ ਕਿ ਮੇਰੇ ਵਰਗਾ ਹਰੇਕ ਸਧਾਰਣ ਬੰਦਾ ਵੀ ਚਾਹੁੰਦਾ ਹੈ ਕਿ ਮੇਰੇ ਹੱਥ ਵਿੱਚ ‘ਇਸੇ’ ਕੰਪਨੀ ਦਾ ਫੋਨ ਹੋਵੇ ਭਾਵੇਂ ਮੇਰੀ ਆਮਦਨ ਦਾ ਵੱਡਾ ਹਿੱਸਾ ਖਰਚ ਹੋ ਜਾਵੇ।
ਇਸ ਨੂੰ ਅਸੀਂ ‘ਫੂਲਜ਼ ਪੈਰਾਡਾਇਜ਼’ ਕਹਿੰਦੇ ਹਾਂ ਭਰਮਵਾਦ…. ਜੋ ਤੁਹਾਡੇ ਅੰਦਰ ਭਰਿਆ ਗਿਆ ਹੈ, ਹਾਂ ਜੀ ਭਰਿਆ ਗਿਆ ਹੈ। ਕਿੱਥੋਂ….? ਤੁਹਾਡੇ ਸਮਾਜ ਚੋਂ…. ਤੁਹਾਡੀ ਲਾਈਲੱਗਤਾ ਚੋਂ…? ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ…ਇਹ ਅਖਾਣ ਤੁਸੀਂ ਇਕੱਲਿਆਂ ਨੇ ਹੀ ਨਹੀਂ ਪੜਿੵਆ… ਹਰੇਕ ਨੇ ਪੜਿੵਆ ਹੈ… ਬੱਸ ਤੁਹਾਡੇ ਤੇ ਲਾਗੂ ਕਰ ਦਿੱਤਾ ਗਿਆ ਹੈ…. ਤੁਹਾਡਾ ਗੁਆਂਢੀ ਜਾਂ ਸਹਿ ਕਰਮੀ ਤੁਹਾਡੇ ਲਈ ਇਸ ‘ਭਰਮ’ ਦਾ ਜ਼ਰੀਆ ਬਣਿਆ ਹੈ ਅਤੇ ਤੁਸੀਂ ਕਿਸੇ ਹੋਰ ਲਈ… ਇਸੇ ਤਰਾਂ ਇਹ ਚੱਕਰ ਚਲਦਾ ਰਹਿੰਦਾ ਹੈ ਅਤੇ ਇਸਦਾ ਫਾਇਦਾ ਬਜ਼ਾਰ ਖੱਟ ਜਾਂਦਾ ਹੈ।ਤੁਹਾਡੇ ਹੱਥ ਵਿੱਚ ਤੁਹਾਡੀ ਮਹੀਨਾਵਾਰ ਆਮਦਨ ਤੋਂ ਦੁੱਗਣੀ ਤਿੱਗਣੀ ਲਿਮਟ ਵਾਲਾ ਕ੍ਰੈਡਿਟ ਕਾਰਡ ਫੜਾ ਕੇ ਤੁਹਾਡੇ ਮਨ ਅੰਦਰ ਭਰਮ ਇਹ ਪਾਇਆ ਜਾਂਦਾ ਹੈ ਕਿ ‘ਤੁਸੀਂ ਅਮੀਰ ਹੋ’ ਜਦ ਕਿ ਤੁਸੀਂ ਨਹੀਂ ਹੋ। ਕਿਉਂਕਿ ਉਹ ਤੁਹਾਡੇ ਸਿਰ ਉਧਾਰ ਹੈ, ਜਿਸ ਨੂੰ ਤੁਸੀਂ ਉਠਾ ਸਕਦੇ ਹੋ ਪਰ ਤੁਸੀਂ ਮਾਰ ਉਥੇ ਖਾਂਦੇ ਹੋ ਜਦੋਂ ਤੁਸੀਂ ਇਸ ਲਿਮਟ ਨੂੰ ‘ਪਰਚੇਜ਼ਿੰਗ ਪਾਵਰ’ ਸਮਝਦੇ ਹੋ ਕੇ ਤੁਸੀਂ ਸ਼ਾਪਿੰਗ ਵਾਲੀ ਟਰਾਲੀ ਦੀ ਟੀਸੀ ਕੱਢ ਕੇ ਬਿਲਿੰਗ ਕਾਉਂਟਰ ਵਾਲੀ ਲਾਈਨ ਵਿੱਚ ਆ ਖੜਦੇ ਹੋ। ਡੈਬਿਟ ਕ੍ਰੈਡਿਟ ਕਾਰਡ ਤੁਹਾਡੇ ਹੱਥ ਇਸ ਲਈ ਦਿੱਤਾ ਗਿਆ ਹੈ ਕਿ ਤੁਹਾਨੂੰ ਜੇਬ ਚੋਂ ਪੈਸੇ ਕੱਢਣ ਦਾ ਤਰੱਦਦ ਨਾ ਕਰਨਾ ਪਵੇ ਤੇ ਨਾ ਤੁਹਾਨੂੰ ਪੇਮੈਂਟ ਕਰਨ ਵੇਲੇ ਭੋਰਾ ਜਿੰਨੀ ਵੀ ਪੀੜ ਹੋਵੇ….. ਜੀ ਹਾਂ ਇਸਨੂੰ ਮੈਡੀਕਲ ਦੀ ਭਾਸ਼ਾ ਵਿੱਚ ‘ਪੇਨ ਲੈਸ ਟੀਕਾ’ ਕਹਿੰਦੇ ਹਨ ਅਤੇ ਇਹ ਵੀ ਕੁਝ ਅਜਿਹਾ ਹੀ ਵਰਤਾਰਾ ਹੈ।
ਇਸ ਵਿਸ਼ੇ ਤੇ ਮੈਂ ਅਜਿਹੀਆਂ ਬਹੁਤ ਉਦਾਹਰਣਾਂ ਦੇ ਸਕਦਾ ਹਾਂ ਪਰ ਪੋਸਟ ਕਈ ਮੀਟਰਾਂ ਦਾ ਹੋ ਜਾਣਾ। ਮੇਰਾ ਇਹ ਸਤਰਾਂ ਲਿਖਣ ਦਾ ਮਕਸਦ ਏਨੇਂ ਨਾਲ ਵੀ ਹੱਲ ਹੋ ਸਕਦਾ। ਮੁੱਕਦੀ ਗੱਲ ਇਹ ਹੈ ਕਿ ਜਰੂਰੀ ਨਹੀਂ ਕਿ ਅੱਜ ਕਾਰਪੋਰੇਟਾਂ ਦਾ ਕਿਸਾਨ ਹੀ ਵਿਰੋਧ ਕਰਨ, ਸਾਰੇ ਲੋਕਾਂ ਨੂੰ ਹੀ ਕਰਨਾ ਚਾਹੀਦਾ ਹੈ…. ਜਰੂਰੀ ਨਹੀਂ ਕਿ ਤੁਸੀਂ ਧਰਨੇ ਤੇ ਹੀ ਬੈਠਣਾ ਹੈ। ਇਸ ਲਈ ਤੁਸੀਂ ਇਨਾਂ ਵੱਡੇ ਵੱਡੇ ਮਾਲਾਂ ਦਾ, ਵੱਡੇ ਬ੍ਰਾਂਡਾਂ ਦਾ, ਗੈਰ ਜਰੂਰੀ ਬ੍ਰਾਂਡਡ ਵਸਤਾਂ, ਦਾ ਬਾਈਕਾਟ ਕਰ ਸਕਦੇ ਹੋ । ਜਿਹੜੇ ਅਦਾਰੇ ਅਸਿੱਧੇ ਤੌਰ ਤੇ ਇਨਾਂ ਆਰਡੀਨੈਂਸਾਂ ਦੀ ਆੜ ਹੇਠ ਆਪਣੇ ਮੁਨਾਫੇ ਦੁੱਗਣੇ ਤਿੱਗਣੇ ਕਰਨ ਦੀ ਝਾਕ ਵਿੱਚ ਹਨ ਉਨਾਂ ਦੇ ਉਤਪਾਦਾਂ ਦੀ ਵਰਤੋਂ ਬੰਦ ਕਰਕੇ ਤੁਸੀਂ ਇਸ ਲਹਿਰ ਵਿੱਚ ਯੋਗਦਾਨ ਪਾ ਸਕਦੇ ਹੋ। ਇਸ ਨਾਲ ਲਹਿਰ ਨੂੰ ਬਲ ਵੀ ਮਿਲੇਗਾ ਅਤੇ ਤੁਹਾਡੀ ਜੇਬ ਵੀ ਕਾਫ਼ੀ ਹੱਦ ਤੱਕ ਖਾਲੀ ਹੋਣੋਂ ਬਚੀ ਰਹੇਗੀ….. ਰੱਬ ਰਾਖਾ।
Real Estate