ਤਾਏ ਮੱਘਰ ਨੇ ਦੱਸਿਆ ਚਲੂਕਣੀ ਨੂੰ ਟੈਮ

177
ਦੀਪ ਗਿੱਲ—-
ਤਾਇਆ ਮੱਘਰ ਸਿਓਂ ਮੋਗੇ ਨੂੰ ਜਾਵੇ ਬੱਸ ਚ ਬੈਠਾ ਤੇ ਨਾਲ ਵੇਹੜੇ ਆਲਿਆਂ ਦਾ ‘ਚਲੂਕਣੀ’ ਬੇਹ ਗਿਆ ਅਗਲੇ ਅੱਡੇ ਤੋਂ
“ਹੋਰ ਵੀ ਚਾਚਾ ਸਿਆਂ ਕਿਮੇਂ ਆਂ?”
‘ਬੱਸ ਲੋਟ ਆਂ ਸ਼ੇਰਾ,ਜੇਹੜਾ ਦਿਹਾੜਾ ਮਾਹਰਾਜ ਟਪਾ ਦੇਵੇ,ਬੱਸ ਲੋਟ ਈ ਆ”
ਤਾਇਆ ਨਿਰਾਸ਼ਾ ਜੀ ਚ ਬੋਲਿਆ
ਰਣੀਏ ਤੇ ਰਾਮੂਵਾਲੇ ਦੇ ਵਿਚਾਲੇ ਜਿਹੇ ਜਾ ਕੇ ਚਲੂਕਣੀ ਨੇਂ ਸੁਭੈਕੀ ਪੁਛ ਲਿਆ ਗੁੱਟ ਤੇ ਹੱਥ ਜਿਹਾ ਮਾਰਕੇ
“ਜਰ ਚਾਚਾ ਟੈਮ ਕੀ ਆ ਭਲਾਂ?”
ਪੱਗ ਦਾ ਲੜ ਜਿਹਾ ਟੰਗ ਕੇ ਤੇ ਦਾਹੜੀ ਤੇ ਹੱਥ ਜਿਹਾ ਫੇਰ ਕੇ ਤਾਇਆ ਬੋਲਿਆ
” ਬੀ ਟੈਮ ਟੈਮ ਦੀ ਗੱਲ ਆ ਚਲੂਕਣੀ ਸਿਆਂ ਬੀ ਤੂੰ ਲਾ ਲਾ ਸਾਹਬ ਮੈਂ ਆਵਦੀ ਅਖੀਂ ਰੁਪੀਜੇ ਨੂੰ ਸੇਰ ਘਿਓ ਤੇ ਰੁਪੀਜੇ ਨੂੰ ਸੇਰ ਕਣਕ ਬਿਕਦੀ ਬੇਖੀ ਆ ਤੇ ਹੁਣ ਭੈਣਨੀ ਅੱਗ ਲੱਗੀ ਪਈ ਆ ਹਰਿੱਕ ਚੀਜ ਨੂੰ,ਬੱਸ ਓਹ ਟੈਮ ਓਹ ਸੀ ਤੇ ਹੁਣ ਆਹ ਟੈਮ ਆ”
ਚਲੂਕਣੀ ਝਾਕੇ ਓਡਾਂ ਦੀ ਗਧੀ ਆਂਗੂੰ
“ਓਹ ਨਹੀਂ ਚਾਚਾ ਜਰ ਮੈਂ ਤਾਂ ਇਓਂ ਪੁਸਦਾਂ ਬੀ ਸਮਾਂ ਕੀ ਆ?”
“ਸਮਾਂ!!!!! ਹੁਣ ਭਤੀਜ ਤੇਰੇ ਤੋਂ ਕੀ ਓਹਲਾ, ਆਪਣੇ ਕਿੰਦਾ ਤੇ ਗਿੰਦਰ ਰਾਤ ਲੜ ਪੇ, ਬੱਸ ਸਮਾਂ ਸ਼ੇਰਾ ਬਹੁਤ ਮਾੜਾ….ਭਰਾ ਭਰਾ ਨੂੰ ਵੇਖ ਨੀਂ ਜਰਦਾ, ਬਿਗਾਨੀਆਂ ਧੀਆਂ ਦੀ ਚੱਲਦੀ ਆ, ਆਹ ਬੇਖ ਲਾ ਮੈਂ ਤੇ ਤੇਰੀ ਚਾਚੀ ਸਮਝ ਬੱਸ ਦੋ ਟੁੱਕਾਂ ਖਾਤਰ ਓਹਨਾਂ ਦੇ ਹਥਾਂ ਕੰਨੀਂ ਝਾਕਦੇ ਆਂ, ਸਮਾਂ ਤਾਂ ਪੁਛ ਨਾਂ ਸ਼ੇਰਾ ਐਹੋ ਜਿਹਾ ਮਾੜਾ ਬੱਸ ਕਦੇ ਵੀ ਕਿਸੇ ਤੇ ਆਵੇ ਨਾਂ”
ਤਾਇਆ ਕੁਰਲਾਇਆ
ਚਲੂਕਣੀ ਗਿੱਚੀ ਜਿਹੀ ਖੁਰਕ ਕੇ ਕਹੰਦਾ
“ਓਹ ਚਾਚਾ ਮੈਂ ਹੋਰ ਗੱਲ ਪੁਸਦਾਂ…. ਤੇ ਤੂੰ ਫੇਰੇ ਦੇਣੀ ਹੋਰ ਕਰਦਾਂ, ਤੇਰਾ ਬੀ ‘ਕਾਮਰੇਟਾਂ’ ਦੇ ਕੱਟੇ ਆਲਾ ਹਾਲ ਆ ਬੀ ਛੱਡਿਆ ਮਝ ਥੱਲੇ ਤੇ ਜਾ ਵੱਜਿਆ ਬੱਕਰੀ ਦੇ ਥਣਾਂ ਚ, ਮੈਂ ਪੁੱਸਿਆ ਤੈਨੂ ਬੀ ‘ਵਕਤ’ ਕੀ ਆ? ਤੂੰ ਹੋਰ ਈ ਸ਼ਟੋਰੀਆਂ ਵਿੱਡੀ ਬੈਠਾਂ!!!!”
ਤਾਇਆ ਸੀਟ ਤੋਂ ਉਠ ਕੇ ਖੜਾ ਹੋ ਗਿਆ ਗੁੱਸੇ ਚ
” ਓਏ ਖਸਮਾਂ ਓਹੀ ਤਾਂ ਮੈਂ ਦੱਸੀ ਜਾਨਾ ‘ਵਖਤ’ ਨੂੰ ਤਾਂ ਫੜੇ ਆਂ!!! ਆਪਣੇ ਕਿੰਦੇ ਨੇਂ ਰਾਤ ਦਾਰੂ ਪੀ ਕੇ ਗਿੰਦਰ ਦੇ ਸਿਰ ਚ ਗੰਡਾਸਾ ਮਾਰਿਆ, ਗਿੰਦਰ ਹੁਣ ਮੋਗੇ ਵੱਡੇ ‘ਹਥਪਤਾਲ’ ਚ ਆ ਤੇ ਕਿੰਦਾ ਬਧਨੀ ਠਾਣੇ ਆ”
ਚਲੂਕਣੀ ਨੇਂ ਗੁੱਟ ਤੋਂ ਫੜ ਕੇ ਤਾਇਆ ਸੀਟ ਤੇ ਬੁਹਾਇਆ
” ਓਹ ਬੇਹ ਜਾ ਚਾਚਾ ਬੇਹ ਜਾ”
ਅਤੇ ਨਾਲ ਹੀ ਗੁੱਟ ਤੇ ਹਥ ਲਾ ਕੇ ਚੰਗੀ ਤਰਾਂ ਸਮਝਾਇਆ
” ਓਏ ਪਿਓਆ ਮੈਂ ਤਾਂ ਆਏਂ ਪੁਸਦਾਂ ਬੀ ਆਹ ਘੜੀ ਤੇ ਕੀ ਵੱਜਿਆ?”
“ਹਈਸ਼ਾ ਘੜੀ ਤੇ——–“
ਤਾਇਆ ਘੜੀ ਨੂੰ ਜਵਾਂ ਅਖਾਂ ਅੱਗੇ ਕਰਕੇ ਤੇ ਨਾਲ ਹੀ ਚਲੂਕਣੀ ਮੂਹਰੇ ਕਰਕੇ ਬੋਲਿਆ
“ਘੜੀ ਬਹੁਤ ਵਧੀਆ ਭਤੀਜ, ਆਪਣੇ ਦੀਪ ਨੇਂ ਕਨੇਡਾ ਤੋਂ ਘੱਲੀ ਆ, ਬੱਸ ਰਾਤ ਕਿੰਦੇ ਹੋਰਾਂ ਨੂੰ ਲੜਦਿਆਂ ਤੋਂ ਛੁਡਾਂਉਂਦੇ ਦੇ ਜਮਾਂ ਬਿਚਾਲੇ ਡਾਂਗ ਵੱਜੀ, ਸ਼ੀਸ਼ਾ ਟੁੱਟ ਗਿਆ ਪਰ ਮਸ਼ੀਨਰੀ ਸਾਰੀ ਬਚ ਗੀ!!!!!”—
Real Estate