ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ‘ਵਿਦਿਆਰਥੀਆਂ ਲਈ ਨੌਕਰੀ ਦੇ ਮੌਕੇ ਅਤੇ ਹੁਨਰ ਦੀਆਂ ਜ਼ਰੂਰਤਾਂ’ ਵਿਸ਼ੇ ਤੇ ਵੈਬਿਨਾਰ ਦਾ ਆਯੋਜਨ ਕੀਤਾ

403

ਬਠਿੰਡਾ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਕੰਪਿਊਟਰ ਸਾਇੰਸ ਐਂਡ ਤਕਨਾਲੋਜੀ (ਸੀ.ਐਸ.ਟੀ.) ਵਿਭਾਗ ਨੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਸਰਪ੍ਰਸਤੀ ਹੇਠ ‘ਵਿਦਿਆਰਥੀਆਂ ਲਈ ਨੌਕਰੀ ਦੇ ਮੌਕੇ ਅਤੇ ਹੁਨਰ ਦੀਆਂ ਜ਼ਰੂਰਤਾਂ’ ਵਿਸ਼ੇ ਤੇ ਵੈਬਿਨਾਰ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਟੀ.ਵੀ. ਐਸ. ਕ੍ਰੈਡਿਟ, ਚੇਨਈ ਦੇ ਮਾਰਕੀਟਿੰਗ ਹੈਡ ਇੰਜੀਨੀਅਰ ਚਰਨਦੀਪ ਸਿੰਘ ਸਨ। ਇਸ ਵੈਬਿਨਾਰ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਖੇਤਰ ਦੀਆਂ ਇੰਜੀਨੀਅਰਿੰਗ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਆਪਣੇ ਮੁੱਖ ਭਾਸ਼ਣ ਵਿੱਚ ਇੰਜੀਨੀਅਰ ਚਰਨਦੀਪ ਸਿੰਘ ਨੇ ਸਫਲ ਸਟਾਰਟ ਅਪ ਵਾਲੇ ਨੌਜਵਾਨ ਉੱਦਮੀਆਂ ਦੇ ਕੇਸ ਅਧਿਐਨ ਸਾਂਝੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਸਾਰਿਆਂ ਵਿੱਚ ਨਵੀਆਂ ਚੀਜ਼ਾਂ ਸਿੱਖਣ ਦਾ ਜੋਸ਼, ਅਭਿਆਸ ਕਰਨ ਦਾ ਜਨੂੰਨ, ਸੰਚਾਰ ਦੀ ਤਾਕਤ, ਸਥਿਤੀ ਨੂੰ ਸਮਝਣ ਦੀ ਯੋਗਤਾ ਅਤੇ ਨਵੀਨਤਾਕਾਰੀ ਹੱਲ ਵਿਕਸਿਤ ਕਰਨ ਦੀ ਯੋਗਤਾ ਆਦਿ ਵਰਗੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਸਫਲਤਾ ਵਿਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਵੱਖ ਵੱਖ ਤਕਨੀਕੀ ਖੇਤਰਾਂ ਜਿਵੇਂ ਕਿ ਐਪ ਮੇਕਿੰਗ, ਸਾੱਫਟਵੇਅਰ ਡਿਵੈਲਪਮੈਂਟ, ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਸਾਇੰਸ, ਡਿਜੀਟਲ ਮਾਰਕੀਟਿੰਗ, ਐਥੀਕਲ ਹੈਕਿੰਗ, ਪ੍ਰੋਜੈਕਟ ਮੈਨੇਜਮੈਂਟ ਆਦਿ ਵਿੱਚ ਉਪਲਬਧ ਵੱਖ-ਵੱਖ ਨੌਕਰੀਆਂ ਦੇ ਮੌਕਿਆਂ ‘ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਸੋਫਟ-ਸਕਿੱਲਸ ਜਿਵੇਂ ਕਿ ਇੰਟਰਪਰਸਨਲ ਸੰਚਾਰ, ਸਮੱਸਿਆ ਦਾ ਹੱਲ ਕਰਨ ਦੀ ਯੋਗਤਾ, ਲੀਡਰਸ਼ਿਪ, ਸਮਾਜਿਕ ਕੁਸ਼ਲਤਾ, ਟੀਮ ਵਰਕ, ਅਤੇ ਅਨੁਕੂਲਤਾ ਆਦਿ ਵਿਕਸਤ ਕਰਕੇ ਆਪਣੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਨੇ ਉੱਭਰ ਰਹੇ ਨੌਕਰੀ ਪ੍ਰੋਫਾਈਲਾਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਬਲਾਕਚੈਨ ਡਿਵੈਲਪਰ, ਗ੍ਰੋਥ ਮੈਨੇਜਰ, ਸਾਈਬਰ ਸਿਕਿਓਰਟੀ ਮਾਹਰ, ਰੋਬੋਟਿਕਸ ਪ੍ਰਕਿਰਿਆ ਆਟੋਮੇਸ਼ਨ ਡਿਵੈਲਪਰ, ਆਦਿ ਬਾਰੇ ਗੱਲ ਬਾਤ ਕੀਤੀ, ਜਿਨ੍ਹਾਂ ਵਿੱਚ ਵਿਦਿਆਰਥੀ ਇੱਕ ਸੁਨਹਿਰਾ ਭਵਿੱਖ ਬਣਾ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੀ ਦਿਲਚਸਪੀ ਦੇ ਰੁਜ਼ਗਾਰ ਦੀ ਚੋਣ ਕਰਨ ਅਤੇ ਉਨ੍ਹਾਂ ਦੇ ਗਿਆਨ ਨੂੰ ਵਧਾਉਣ ਲਈ ਪੜ੍ਹਨ ਦੀ ਆਦਤ ਵਿਕਸਤ ਕਰਨ।

ਵਾਈਸ ਚਾਂਸਲਰ ਪ੍ਰੋ. ਤਿਵਾੜੀ ਨੇ ਵਿਦਿਆਰਥੀਆਂ ਦੀ ਜਰੂਰਤਾਂ ਅਨੁਸਾਰ ਵੈਬਿਨਾਰ ਕਰਵਾਉਣ ਲਈ ਸੀ.ਐਸ.ਟੀ. ਵਿਭਾਗ ਦੀ ਪ੍ਰਸ਼ੰਸਾ ਕੀਤੀ ਅਤੇ ਭਾਸ਼ਣਕਾਰਾਂ ਨੂੰ ਲਾਭਦਾਇਕ ਜਾਣਕਾਰੀ ਦੇਣ ਲਈ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੂਜੇ ਸੈਕਟਰਾਂ ਦੀ ਤਰ੍ਹਾਂ, ਤਕਨਾਲੋਜੀ ਖੇਤੀ ਸੈਕਟਰ ਵਿੱਚ ਵੀ ਕ੍ਰਾਂਤੀ ਲਿਆ ਸਕਦੀ ਹੈ ਅਤੇ ਨੌਜਵਾਨ ਤਕਨੀਕੀ ਮਾਹਰ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਖੇਤ ਦੀ ਨਿਗਰਾਨੀ, ਚੌਲਾਂ ਦੀ ਰਹਿੰਦ ਖੁੰਦ ਦੀ ਵਰਤੋਂ, ਖੇਤੀ ਸਿੰਚਾਈ ਪ੍ਰਬੰਧਨ, ਪ੍ਰਿਸਿਜਨ ਐਗਰੀਕਲਚਰ ਆਦਿ ਖੇਤਰਾਂ ਵਿੱਚ ਨਵੀਨਤਾਕਾਰੀ ਹੱਲ ਵਿਕਸਿਤ ਕਰਨ ਤੇ ਧਿਆਨ ਕੇਂਦ੍ਰਿਤ ਕਰਨ।

ਵੈਬਿਨਾਰ ਦੀ ਸ਼ੁਰੂਆਤ ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ. ਗਰਗ ਦੇ ਸੁਆਗਤ ਭਾਸ਼ਣ ਨਾਲ ਕੀਤੀ ਗਈ, ਜਿੱਥੇ ਉੰਨ੍ਹਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਅਤੇ ਉਨ੍ਹਾਂ ਦੇ ਕੋਰਸ ਦੀ ਮਿਆਦ ਦੇ ਦੌਰਾਨ ਜ਼ਰੂਰੀ ਹੁਨਰ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਸੀ.ਐਸ.ਟੀ. ਵਿਭਾਗ ਦੇ ਮੁੱਖੀ ਡਾ. ਸਤਵਿੰਦਰ ਸਿੰਘ ਨੇ ਮੁੱਖ ਬੁਲਾਰੇ ਦੀ ਭਾਗੀਦਾਰਾਂ ਨਾਲ ਜਾਣ ਪਛਾਣ ਕਾਰਵਾਈ। ਅੰਤ ਵਿੱਚ, ਸਕੂਲ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਦੇ ਡੀਨ ਪ੍ਰੋ. ਅਮਨਦੀਪ ਕੌਰ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਹਿੱਸਾ ਲੈਣ ਵਾਲਿਆਂ ਅਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।

Real Estate