ਅਕਾਲੀ ਦਲ ਦੇ ਇਤਿਹਾਸ ’ਚ ਪਾਰਟੀ ਦੀ ਅੱਜ ਵਰਗੀ ਮਾੜੀ ਹਾਲਤ ਕਦੇ ਨਹੀਂ ਹੋਈ

282

ਅਕਾਲੀ ਦਲ ਪਹਿਲਾਂ ਵਾਲੀ ਪੁਜੀਸਨ ਤੇ ਆ ਸਕੇਗਾ?

ਬਲਵਿੰਦਰ ਸਿੰਘ ਭੁੱਲਰ
ਮੋਬਾ: 098882-75913
ਅਕਾਲੀ ਦਲ ਦੀ ਜੋ ਨਮੋਸੀ ਭਰੀ ਤੇ ਮਾੜੀ ਹਾਲਤ ਅੱਜ ਦੇ ਸਮੇਂ ਹੈ, ਅਜਿਹੀ ਸਥਿਤੀ ਨਾ ਸ੍ਰੋਮਣੀ ਅਕਾਲੀ ਦੇ ਇਤਿਹਾਸ ਵਿੱਚ ਕਦੇ ਹੋਈ ਸੀ ਅਤੇ ਨਾ ਹੀ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਜੀਵਨ ਵਿੱਚ। ਅਕਾਲੀ ਦਲ ਨੂੰ ਬਹਾਦਰ ਸੂਰਬੀਰਾਂ ਤੇ ਅਣਖੀਲੇ ਲੋਕਾਂ ਦੀ ਪਾਰਟੀ ਮੰਨਿਆਂ ਜਾਂਦਾ ਸੀ, ਕਹਿਣ ਨੂੰ ਤਾਂ ਅੱਜ ਵੀ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਰਹਿੰਦੇ ਹਨ, ਪਰ ਜੋ ਪੈੜਾਂ ਬਾਬਾ ਖੜਕ ਸਿੰਘ, ਮਾ: ਤਾਰਾ ਸਿੰਘ, ਊਧਮ ਸਿੰਘ ਨਾਗੋ ਕੇ ਤੇ ਗੋਪਾਲ ਸਿੰਘ ਕੌਮੀ ਹੋਰਾਂ ਨੇ ਪਾਈਆਂ, ਅੱਜ ਦੇ ਆਗੂ ਤਾਂ ਉਹਨਾਂ ਦੇ ਪਾਸਕ ਵਿੱਚ ਵੀ ਨਹੀਂ ਆਉਂਦੇ।
ਇਸੇ ਤਰਾਂ ਜੇ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਸਿਆਸੀ ਜੀਵਨ ਤੇ ਝਾਤ ਮਾਰੀਏ ਤਾਂ ਉਹਨਾਂ ਦੀ ਜਿੰਦਗੀ ਦੇ ਵੀ ਇਹ ਦਿਨ ਸਭ ਤੋਂ ਨਾਜੁਕ ਤੇ ਬਦਨਾਮੀ ਭਰੇ ਦਿਖਾਈ ਦਿੰਦੇ ਹਨ। ਸ੍ਰ: ਬਾਦਲ ਦਾ ਸਿਆਸੀ ਜੀਵਨ ਸੱਤ ਦਹਾਕਿਆਂ ਤੋਂ ਲੰਬਾ ਹੈ, ਉਹਨਾਂ ਪੰਜ ਵਾਰ ਪੰਜਾਬ ਦੀ ਵਾਗਡੋਰ ਸੰਭਾਲੀ, ਕੇਂਦਰ ’ਚ ਵਜ਼ੀਰ ਰਹੇ, ਪਾਰਟੀ ਦੇ ਪ੍ਰਧਾਨ ਤੇ ਸ੍ਰਪਰਸਤ ਦੇ ਅਹੁਦਿਆਂ ਤੇ ਰਹੇ ਹਨ। ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿਰੋਧੀ ਜਾਂ ਦੁਸਮਣ ਨੂੰ ਵੀ ਬੁਰਾ ਨਹੀਂ ਬੋਲਦੇ, ਪਰ ਪਿਆਰ ਨਾਲ ਬੁੱਕਲ ਵਿੱਚ ਲੈ ਕੇ ਸਦਾ ਲਈ ਖਤਮ ਕਰ ਦਿੰਦੇ ਹਨ। ਸਿਆਸੀ ਵਿਸਲੇਸਕ ਇਸ ਸਬੰਧੀ ਜਗਦੇਵ ਸਿੰਘ ਖੁੱਡੀਆਂ, ਭਾਈ ਸਮਿੰਦਰ ਸਿੰਘ, ਗੁਰਮੀਤ ਸਿੰਘ ਮੁਕਤਸਰ, ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਦੀਆਂ ਉਦਾਹਰਣਾ ਦਿੰਦੇ ਆਮ ਸੁਣੇ ਜਾਂਦੇ ਹਨ, ਜਿਹਨਾਂ ਨੂੰ ਉਹਨਾਂ ਸਿਆਸੀ ਤੌਰ ਤੇ ਖਤਮ ਕੀਤਾ, ਪਰ ਸ੍ਰ: ਬਾਦਲ ਫਿਰ ਵੀ ਆਪਣੀ ਸੂਝ ਸਦਕਾ ਬਦਨਾਮ ਨਹੀਂ ਸਨ ਹੋਏ। ਇਸੇ ਤਰਾਂ ਜੇਕਰ ਉਹਨਾਂ ਦੇ ਰਾਜ ਭਾਗ ਦੌਰਾਨ ਉਪਰਲੇ ਪੱਧਰ ਤੱਕ ਹੋਏ ਭ੍ਰਿਸਟਾਚਾਰ, ਨੌਕਰੀਆਂ ਦੀ ਵਿੱਕਰੀ, ਵਿਭਾਗਾਂ ’ਚ ਘਪਲੇਬਾਜੀਆਂ ਦੀ ਗੱਲ ਛਿੜਦੀ ਤਾਂ ਲੋਕ ਇਹੋ ਕਹਿੰਦੇ ਰਹੇ, ‘‘ਬਾਦਲ ਸਾਹਿਬ ਤਾਂ ਸਾਫ਼ ਸੁਥਰੇ ਇਨਸਾਨ ਹਨ, ਇਹ ਤਾਂ ਸ੍ਰੀਮਤੀ ਬਾਦਲ ਹੀ ਅਜਿਹਾ ਕਰਦੀ ਰਹਿੰਦੀ ਐ।’’ ਗੱਲ ਕੀ ਬਾਦਲ ਨੇ ਲੰਬਾ ਸਮਾਂ ਰਾਜ ਕੀਤਾ, ਪੰਜਾਬ ਦਾ ਧਨ ਘਰ ’ਚ ਇਕੱਠਾ ਕੀਤਾ, ਖਰਬਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਪਰ ਫੇਰ ਵੀ ਉਹ ਸ਼ਰੀਫ ਸਾਊ ਤੇ ਦਰਵੇਸ ਸਿਆਸਤਦਾਨ ਹੀ ਕਹਾਉਂਦੇ ਰਹੇ। ਉਹਨਾਂ ਬਹੁਤੀਆਂ ਜਾਇਦਾਦਾਂ ਵਿਦੇਸਾਂ ਜਾਂ ਭਾਰਤ ਦੇ ਹੋਰ ਰਾਜਾਂ ਵਿੱਚ ਹੀ ਬਣਾਈਆਂ ਤਾਂ ਜੋ ਪੰਜਾਬ ਦੇ ਲੋਕਾਂ ਤੋਂ ਪਰਦਾ ਰਹਿ ਸਕੇ ਤੇ ਉਹਨਾਂ ਦੀ ਆਮ ਲੋਕਾਂ ਦੀ ਨਿਗਾਹ ਵਿੱਚ ਦਰਮਿਆਨੇ ਕਿਸਾਨਾਂ ਵਾਲੀ ਦਿੱਖ ਬਣੀ ਰਹੇ। ਪਾਰਟੀ ’ਚ ਉਹਨਾਂ ਅਜਿਹਾ ਮਿਕਨਾਤੀਸੀ ਪ੍ਰਭਾਵ ਬਣਾਇਆ ਕਿ ਜਦ ਉਹ ਆਪਣੇ ਪਰਿਵਾਰਕ ਮੈਂਬਰਾਂ ਜਾਂ ਰਿਸਤੇਦਾਰਾਂ ਨੂੰ ਵਜ਼ੀਰੀਆਂ ਜਾਂ ਅਹੁਦੇ ਬਖਸ਼ਦੇ ਤਾਂ ਉਹਨਾਂ ਦੇ ਬਰਾਬਰ ਦੇ ਤਾਂ ਕੀ ਸੀਨੀਅਰ ਆਗੂ ਵੀ ਸਿਰ ਸੁੱਟ ਕੇ ਹਾਮੀ ਭਰ ਦਿੰਦੇ ਸਨ।
ਏਨੇ ਲੰਬੇ ਸਮੇਂ ਦੌਰਾਨ ਪਾਰਟੀ ਤੇ ਵੀ ਉਤਰਾਅ ਝੜਾਅ ਆਉਂਦੇ ਰਹੇ, ਹਾਰਾਂ ਵੀ ਹੁੰਦੀਆਂ ਰਹੀਆਂ, ਜੇਲ੍ਹਾਂ ਵਿੱਚ ਵੀ ਜਾਣਾ ਪਿਆ, ਪਰ ਕਦੇ ਵੀ ਅੱਜ ਵਰਗਾ ਮਾੜਾ ਸਮਾਂ ਉਹਨਾਂ ਤੇ ਨਹੀਂ ਸੀ ਆਇਆ। ਪਿਛਲੇ ਕਰੀਬ ਇੱਕ ਦਹਾਕੇ ਦੌਰਾਨ ਵਾਪਰੀਆਂ ਘਟਨਾਵਾਂ ਨੇ ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਅਤੇ ਵਿਕਾਰ ਨੂੰ ਸੱਟ ਮਾਰੀ ਤੇ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਆਪਣੀਆ ਅੱਖੀਆਂ ਨਾਲ ਉਹ ਦਿਨ ਵੇਖਣੇ ਪਏ ਜੋ ਉਹਨਾਂ ਕਦੇ ਸੋਚੇ ਵੀ ਨਹੀਂ ਸਨ। ਪੰਜਾਬ ’ਚ ਸਰਕਾਰ ਬਣਾਉਣ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਨਾਲ ਗੰਢਤੁੰਪ ਕਰਨੀ ਪਈ ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਸੰਪਰਕ ਨਾ ਕਰਨ ਦਾ ਹੁਕਮ ਦਿੱਤਾ ਸੀ, ਨਿੱਜੀ ਲਾਭ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਦਿਆਂ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ, ਵਿਰੋਧ ਹੋਇਆ ਤਾਂ ਮੁਆਫ਼ੀ ਤੋਂ ਮੁਨਕਰ ਹੋਏ। ਸਾਰੀ ਉਮਰ ਸਿੱਖੀ ਤੇ ਪੰਥ ਦੇ ਨਾਂ ਤੇ ਵੋਟਾਂ ਹਾਸਲ ਕਰਨ ਵਾਲੇ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਧਰਮ ਤੇ ਪੰਥ ਦੇ ਵਿਰੁੱਧ ਵਰਤ ਕੇ ਵੀ ਸੱਤਾ ਹਾਸਲ ਨਾ ਹੋਈ ਅਤੇ ਅਜਿਹੀ ਗੰਢਤੁੱਪ ਵੀ ਜੱਗ ਜ਼ਾਹਰ ਹੋ ਹੀ ਗਈ। ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਗੋਲੀਆਂ ਚੱਲੀਆਂ ਦੋ ਵਿਅਕਤੀਆਂ ਦੀ ਮੌਤ ਹੋਈ, ਇਹਨਾਂ ਘਟਨਾਵਾਂ ਸਬੰਧੀ ਵੀ ਬਾਦਲ ਪਰਿਵਾਰ ਤੇ ਉਂਗਲ ਉੱਠੀ, ਆਮ ਲੋਕ ਕਹਿੰਦੇ ਰਹੇ ਕਿ ਬਾਦਲ ਪਰਿਵਾਰ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਲਈ ਜਿੰਮੇਵਾਰ ਹੈ, ਬਹੁਤ ਇਹ ਵੀ ਕਹਿੰਦੇ ਰਹੇ ਕਿ ਬਾਦਲ ਪਰਿਵਾਰ ਅਜਿਹਾ ਕਦੇ ਵੀ ਨਹੀਂ ਕਰਵਾ ਸਕਦਾ, ਪਰ ਟੈਲੀਫੋਨ ਕਾਲਾਂ ਤੇ ਮੌਕੇ ਦੇ ਪੁਲਿਸ ਅਫ਼ਸਰਾਂ ਤੇ ਮੁਲਾਜਮਾਂ ਨੇ ਸਭ ਕੁੱਝ ਸਪਸ਼ਟ ਕਰ ਦਿੱਤਾ। ਸੁਮੈਧ ਸੈਣੀ ਨਾਲ ਗੋਲੀਕਾਂਡ ਵਾਲੀ ਰਾਤ ਹੋਈ ਟੈਲੀਫੋਨ ਗੱਲਬਾਤ ਅਤੇ ਜਸਟਿਸ ਰਣਜੀਤ ਸਿੰਘ ਕਮਿਸਨ ਨੇ ਇਹ ਸਪਸਟ ਕਰ ਦਿੱਤਾ ਕਿ ਇਹਨਾਂ ਘਟਨਾਵਾਂ ਪ੍ਰਤੀ ਜੁਮੇਵਾਰੀ ਤੋਂ ਬਾਦਲ ਪਰਿਵਾਰ ਬਚ ਨਹੀਂ ਸਕਦਾ।
ਇਸਤੋਂ ਬਾਅਦ ਮੁੱਦਾ ਉੱਠਿਆ ਤਿੰਨ ਖੇਤੀ ਆਰਡੀਨੈੱਸਾਂ ਦਾ, ਜੋ ਹਰ ਤਰਾਂ ਨਾਲ ਕਿਸਾਨ ਵਿਰੋਧੀ ਹੈ। ਸਾਰੇ ਦੇਸ ਦੇ ਕਿਸਾਨਾਂ ਨੇ ਇਹਨਾਂ ਆਰਡੀਨੈਸਾਂ ਵਿਰੁੱਧ ਝੰਡੇ ਚੁੱਕ ਲਏ। ਦੇਸ ਦੀਆਂ ਸਿਰਫ ਦੋ ਸਿਆਸੀ ਪਾਰਟੀਆਂ ਨੇ ਹੀ ਇਸ ਨੂੰ ਸਹੀ ਕਰਾਰ ਦਿੱਤਾ, ਉਹ ਸਨ ਭਾਜਪਾ ਤੇ ਅਕਾਲੀ ਦਲ। ਭਾਜਪਾ ਕੇਂਦਰ ਵਿੱਚ ਬਹੁਮੱਤ ਨਾਲ ਰਾਜ ਕਰ ਲਈ ਹੈ, ਉਸਨੂੰ ਪੂੰਜੀਪਤੀਆਂ ਤੇ ਬਹੁਕੌਮੀ ਕੰਪਨੀਆਂ ਦੀ ਪਾਰਟੀ ਮੰਨਿਆਂ ਜਾਂਦਾ ਹੈ, ਉਸ ਵੱਲੋਂ ਆਰਡੀਨੈਸ ਲਿਆਉਣੇ ਵਾਜਬ ਮੰਨੇ ਜਾ ਸਕਦੇ ਸਨ, ਪਰ ਅਕਾਲੀ ਦਲ ਜੋ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਕਹਿੰਦਾ ਰਿਹਾ, ਉਸਨੇ ਅਜਿਹਾ ਕਰਕੇ ਕਿਸਾਨਾਂ ਨਾਲ ਵਿਸਵਾਸਘਾਤ ਕੀਤਾ।
ਭਾਜਪਾ ਇਹਨਾਂ ਆਰਡੀਨੈਸਾਂ ਨੂੰ ਬਿਲ ਦੇ ਰੂਪ ਵਿੱਚ ਲੋਕ ਸਭਾ ’ਚ ਲੈ ਕੇ ਆਈ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਡਟ ਕੇ ਬਿਲ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਕਿਸਾਨਾਂ ਲਈ ਲਾਹੇਵੰਦ ਬਿਲ ਕਿਹਾ। ਉਹ ਦੋਵੇਂ ਪਤੀ ਪਤਨੀ ਤਾਂ ਪ੍ਰਚਾਰ ਵਿੱਚ ਡਟੇ ਹੀ ਹੋਏ ਸਨ, ਬਿਲ ਦੀ ਵੋਟਿੰਗ ਤੋਂ ਦੋ ਦਿਨ ਪਹਿਲਾਂ ਖ਼ੁਦ ਪ੍ਰਕਾਸ ਸਿੰਘ ਬਾਦਲ ਨੇ ਲਾਈਵ ਹੋ ਕੇ ਇਸ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਇਸ ਨੂੰ ਕਿਸਾਨ ਪੱਖੀ ਕਹਿ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ। ਅਕਾਲੀ ਦਲ ਦੇ ਬਾਕੀ ਲੀਡਰਾਂ ਦੀ ਤਾਂ ਹੈਸੀਅਤ ਹੀ ਕੁੱਝ ਨਹੀਂ, ਜੋ ਬਾਦਲ ਪਰਿਵਾਰ ਨੇ ਕਿਹਾ ਉਹਨਾਂ ਵੀ ਉਹੀ ਤਵਾ ਧਰ ਲਿਆ। ਬਿਲ ਕਿਉਂਕਿ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਹਨ, ਇਸ ਲਈ ਸੰਘਰਸ ਭਾਂਬੜ ਬਣ ਗਿਆ, ਕਿਸਾਨਾਂ ਨੇ ਬਾਦਲਾਂ ਦੀ ਰਿਹਾਇਸ ਘੇਰ ਲਈ। ਅਕਾਲੀ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਣ ਦੇਣ ਦੇ ਐਲਾਨ ਕਰ ਦਿੱਤੇ, ਆਖ਼ਰ ਲੋਕਾਂ ਦੇ ਰੋਹ ਤੇ ਗੁੱਸੇ ਮੂਹਰੇ ਗੋਡੇ ਟੇਕਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਜ਼ੀਰੀ ਛੱਡਣ ਲਈ ਮਜਬੂਰ ਹੋਣਾ ਪਿਆ। ਬੱਸ ਕੁੱਝ ਘੰਟਿਆਂ ਵਿੱਚ ਹੀ ਖੇਤੀ ਬਿਲ ਚੰਗੇ ਤੋਂ ਮਾੜੇ ਬਣ ਗਏ ਤੇ ਸੁਖਬੀਰ ਬਾਦਲ ਹੋਰੀਂ ਕਹਿਣ ਲੱਗ ਪਏ ਕਿ ਇਸ ਨਾਲ ਕਿਸਾਨ ਖਤਮ ਹੋ ਜਾਣਗੇ ਅਸੀਂ ਬਿਲਾਂ ਦਾ ਵਿਰੋਧ ਕਰਦੇ ਹਾਂ ਤੇ ਕਿਸਾਨਾਂ ਨਾਲ ਖੜਦੇ ਹਾਂ। ਉਹਨਾਂ ਦੇ ਕਹਿਣ ਦੀ ਹੀ ਦੇਰ ਸੀ ਕਿ ਬਾਕੀ ਲੀਡਰ ਵੀ ਧੁਤੂ ਬਣ ਕੇ ਇਹੋ ਕਹਿਣ ਲੱਗ ਪਏ। ਹੁਣ ਉਹਨਾਂ ਬਿਲਾਂ ਵਿਰੁੱਧ ਸੰਘਰਸ ਦਾ ਐਲਾਨ ਵੀ ਕਰ ਦਿੱਤਾ ਹੈ, ਪਰ ਭਾਜਪਾ ਨਾਲ ਸਿਆਸੀ ਸਾਂਝ ਉਸੇ ਤਰਾਂ ਰੱਖੀ ਹੋਈ ਹੈ, ਜੋ ਦਮੂੰਹੇ ਸੱਪ ਵਾਲੀ ਨੀਤੀ ਹੈ। ਇੱਥੇ ਹੀ ਬੱਸ ਨਹੀਂ ਬੀਬਾ ਬਾਦਲ ਨੇ ਵਜ਼ੀਰੀ ਤੋਂ ਤਾਂ ਅਸਤੀਫਾ ਦੇ ਦਿੱਤਾ ਪਰ ਉਹ, ਸੁਖਬੀਰ ਤੇ ਹੋਰ ਪਾਰਟੀ ਦੇ ਸੰਸਦ ਮੈਂਬਰ ਪਾਰਲੀਮੈਂਟ ਦੀਆਂ ਕੁਰਸੀਆਂ ਨੂੰ ਉਸੇ ਤਰਾਂ ਚਿੰਬੜੇ ਹੋਏ ਹਨ। ਸਿਰਫ਼ ਇੱਕ ਵਜ਼ੀਰੀ ਨੂੰ ਉਹ ਅਕਾਲੀ ਦਲ ਦੀ ਵੱਡੀ ਕੁਰਬਾਨੀ ਕਹਿੰਦੇ ਨਹੀਂ ਥਕਦੇ। ਪੰਜਾਬ ਦੇ ਲੋਕ ਹੁਣ ਸਭ ਕੁੱਝ ਜਾਣ ਗਏ ਹਨ, ਗੁੰਮਰਾਹ ਹੋਣ ਵਾਲੇ ਨਹੀਂ ਹਨ। ਅਕਾਲੀ ਦਲ ਵੱਲੋਂ ਇਕੱਠ ਕਰਕੇ ਲੋਕਾਂ ਨੂੰ ਭਰਮਾਉਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਇਹਨਾਂ ਇਕੱਠਾਂ ਵਿੱਚ ਟਕਸਾਲੀ ਆਗੂਆਂ ਦੀ ਗਿਣਤੀ ਤਾਂ ਉਂਗਲਾਂ ਤੇ ਗਿਣਨ ਤੱਕ ਹੀ ਸੀਮਤ ਹੁੰਦੀ ਹੈ, ਬਾਕੀ ਤਾਂ ਉਹ ਹੀ ਹੁੰਦੇ ਹਨ ਜਿਹਨਾਂ ਅਕਾਲੀ ਰਾਜ ਦੌਰਾਨ ਪੈਸਾ ਇਕੱਠਾ ਕਰਨ ਵਾਲੇ ਕਾਰੋਬਾਰ ਕੀਤੇ, ਉਹ ਕੰਮ ਕਿਹੜੇ ਸਨ ਇਹ ਦੱਸਣ ਦੀ ਲੋੜ ਨਹੀਂ ਹੈ। ਜਿਹੜੇ ਗਿਣਤੀ ਤੇ ਆਗੂ ਪਹੁੰਚਦੇ ਹਨ ਉਹ ਸੁਖਬੀਰ ਤੇ ਹਰਸਿਮਰਤ ਦੇ ਸੋਹਲੇ ਗਾਈ ਜਾਂਦੇ ਹਨ, ਇੱਕ ਦੂਜੇ ਦੇ ਗਲਾਂ ’ਚ ਸਿਰੋਪੇ ਪਾਈ ਜਾਂਦੇ ਹਨ ਤੇ ਜੈਕਾਰੇ ਬੁਲਾਈ ਜਾਂਦੇ ਹਨ। ਦੂਜੇ ਪਾਸੇ ਸੁਖਬੀਰ ਬਾਦਲ ਆਪਣੇ ਗੁਨਾਹ ਛੁਪਾਉਣ ਲਈ ਖੇਤੀ ਬਿਲਾਂ ਬਾਰੇ ਕਾਂਗਰਸ ਨੂੰ ਬੁਰਾ ਭਲਾ ਕਹਿਣ ਤੇ ਜੋਰ ਲਾਈ ਜਾਂਦੇ ਹਨ, ਪਰ ਲੋਕ ਜਾਣਦੇ ਹਨ ਕਿ ਭਾਵੇਂ ਕਾਂਗਰਸ ਹੋਵੇ, ਖੱਬੀਆਂ ਪਾਰਟੀਆਂ ਜਾਂ ਆਮ ਆਦਮੀ ਪਾਰਟੀ ਹੋਵੇ, ਇਹ ਤਾਂ ਪਹਿਲੇ ਦਿਨੋਂ ਹੀ ਬਿਲਾਂ ਦਾ ਵਿਰੋਧ ਕਰਦੇ ਆ ਰਹੇ ਹਨ ਜੇ ਬਿਲ ਤੇ ਵੋਟਿੰਗ ਵਾਲੇ ਦਿਨ ਤੱਕ ਹੱਕ ’ਚ ਪ੍ਰਚਾਰ ਕੀਤਾ ਤਾਂ ਅਕਾਲੀ ਦਲ ਨੇ ਹੀ ਕੀਤਾ ਹੈ।
ਇਸ ਅਕਾਲੀ ਦਲ ਕੋਲ ਹੁਣ ਟਕਸਾਲੀ ਆਗੂ ਨਹੀਂ ਰਹੇ, ਕੇਂਦਰ ’ਚ ਵਜ਼ੀਰੀ ਵੀ ਨਹੀਂ ਰਹੀ, ਪੰਜਾਬ ’ਚ ਸਰਕਾਰ ਵੀ ਨਹੀਂ ਬਣੀ, ਸੱਚਾ ਸੌਦਾ ਡੇਰਾ ਮੁਖੀ ਨਾਲ ਸਬੰਧ ਵੀ ਜੱਗ ਜਾਹਰ ਹੋ ਗਏ, ਬਹਿਬਲ ਗੋਲੀ ਕਾਂਡ ’ਚ ਸਮੁਲੀਅਤ ਬਾਰੇ ਵੀ ਉਂਗਲ ਉ¤ਠ ਖੜੀ ਹੋਈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵੀ ਸਾਹਮਣੇ ਆ ਗਏ, ਸ੍ਰੋਮਣੀ ਕਮੇਟੀ ਵਿੱਚ ਆਈ ਗਿਰਾਵਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਣ ਦੀਆਂ ਘਟਨਾਵਾਂ ਦਬਾ ਦੇਣ ਲਈ ਕੀਤੇ ਹੁਕਮ ਵੀ ਜੱਗ ਜਾਹਰ ਹੋ ਗਏ, ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੈਧ ਸੈਣੀ ਨਾਲ ਸਬੰਧ ਵੀ ਪ੍ਰਗਟ ਹੋ ਗਏ ਹਨ। ਹੁਣ ਕੋਈ ਕਸਰ ਬਾਕੀ ਰਹੀ ਤਾਂ ਦਿਖਾਈ ਨਹੀਂ ਦਿੰਦੀ। ਲੋਕ ਹੁਣ ਮੂੰਹ ਨਹੀਂ ਲਾ ਰਹੇ, ਗੱਲ ਨਹੀਂ ਸੁਣ ਰਹੇ। ਕੁੱਲ ਮਿਲਾ ਕੇ ਅਕਾਲੀ ਦਲ ਲਈ ਇਹ ਸਮਾਂ ਪਾਰਟੀ ਦੇ ਇਤਿਹਾਸ ਵਿੱਚ ਸਭ ਤੋਂ ਮਾੜਾ ਤੇ ਨਿਰਾਸ਼ਾਜਨਕ ਹੈ। ਸ੍ਰ: ਪ੍ਰਕਾਸ ਸਿੰਘ ਬਾਦਲ ਜੋ ਜਿੰਦਗੀ ਭਰ ਲੋਕਾਂ ਦੀਆਂ ਨਜਰਾਂ ’ਚ ਦਰਵੇਸ ਬਣੇ ਰਹੇ, ਉਹਨਾਂ ਲਈ ਜੀਵਨ ਦੇ ਆਖ਼ਰੀ ਵਰੇ ਅਤੀ ਦੁੱਖ ਪਹੁੰਚਾਉਣ ਵਾਲੇ ਬਣ ਗਏ ਹਨ। ਕੀ ਅਕਾਲੀ ਦਲ ਪਹਿਲਾਂ ਵਾਲੀ ਪੁਜੀਸਨ ਤੇ ਆ ਸਕੇਗਾ? ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੈ, ਪਰ ਕਿਤੇ ਜਾ ਕੇ ਸੰਭਵ ਵੀ ਹੋ ਸਕਦਾ ਹੈ, ਪਰ ਬਾਦਲ ਪਰਿਵਾਰ ਲਈ ਪਹਿਲਾਂ ਵਾਲੀ ਪੁਜੀਸਨ ਤੇ ਪਹੁੰਚਣਾ ਭਵਿੱਖ ’ਚ ਦਿਖਾਈ ਨਹੀਂ ਦਿੰਦਾ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ
ਬਠਿੰਡਾ।

Real Estate