ਅਸਤੀਫ਼ਾ ਦੇ ਕੇ ਹਰਸਿਮਰਤ ਬਾਦਲ ਖੱਟ ਕੁਝ ਨਹੀਂ ਸਕਦੇ , ਗੁਆ ਬਹੁਤ ਕੁਝ ਲੈਣਗੇ

348

ਸੁਖਨੈਬ ਸਿੰਘ ਸਿੱਧੂ
ਅਕਾਲੀ ਦਲ ਬਾਦਲ ਇਸ ਵਕਤ ਆਪਣੇ ਸਭ ਤੋਂ ਮਾੜੇ ਦੌਰ ‘ਚ ਗੁਜਰ ਰਿਹਾ ਹੈ , ਜਦੋਂ ਕਿਸਾਨ ਹਿਤੈਸ਼ੀ ਕਹਾਉਂਦੀ ਪਾਰਟੀ ਦੇ ਸੁਪਰੀਮੋ ਦੇ ਘਰ ਕੋਲ ਕਿਸਾਨ ਹੀ ਪੱਕਾ ਮੋਰਚਾ ਲਾਈ ਬੈਠੇ ਹੋਣ , ਜਦੋਂ ਥੁੱਕ ਕੇ ਚੁੱਟਣਾ ਪੈ ਜੇ ਉਦੋਂ ਸਥਿਤੀ ਸੱਪ ਦੇ ਮੂੰਹ ਆਈ ਕੋਹੜ ਕਿਰਲੀ ਵਰਗੀ ਹੋ ਹੀ ਜਾਂਦੀ ।
ਸਵਾਰਥਾਂ ਨੂੰ ਮੁੱਖ ਰੱਖ ਕੇ ਲਏ ਫੈੇਸਲੇ ਅਕਸਰ ਨੁਕਸਾਨਦਾਇਕ ਸਾਬਤ ਹੁੰਦੇ ਜਿਹੜੇ ਬਾਦਲ ਪਰਿਵਾਰ ਲਈ ਹੋ ਵੀ ਰਹੇ ।
ਕੇਂਦਰੀ ਕੈਬਨਿਟ ਵਜ਼ੀਰੀ ਕਾਰਨ ਬਹੁਤ ਵਾਰੀ ਇਹਨਾ ਦਾ ਦੋਗਲਾ ਕਿਰਦਾਰ ਸਾਹਮਣੇ ਆਉਂਦਾ ਰਿਹਾ , ਪਰ ਹੁਣ ਤਾਂ ਖੇਤੀ ਆਰਡੀਨੈਂਸ ਦੀ ਹਿਮਾਇਤ ਕਰਕੇ ਸ਼ਰੇਆਮ ਢਿੱਡ ਤੋਂ ਝੱਗਾ ਚੁੱਕਿਆ ਗਿਆ ।
ਪਹਿਲਾਂ ਆਰਡੀਨੈੱਸ਼ਜ ਦੀ ਹਿਮਾਇਤ ਕੀਤੀ , ਜਦੋਂ ਵਿਰੋਧ ਦਰਵਾਜੇ ਤੱਕ ਜਾ ਪਹੁੰਚਿਆ ਫਿਰ ਕੋਈ ਹੋਰ ਹੀਲਾ ਨਾ ਬਚਿਆ ਤਾਂ ਬਾਦਲ ਪਰਿਵਾਰ ਨੇ ਪਾਸਾ ਪਲਟਿਆ ਅਖੇ , ‘ ਸਾਨੂੰ ਖਰੜਾ ਦਿਖਾਇਆ ਨਹੀ ਗਿਆ ਜਾਂ ਅਸੀਂ ਪੜ੍ਹਿਆ ਨਹੀਂ ।’
ਓ ਭਾਈ ਦਿਖਾਉਂਦੇ ਤਾਂ , ਜੇ ਤੁਹਾਡੀ ਭਾਜਪਾ ਵਾਲਿਆਂ ਨੂੰ ਜਰੂਰਤ ਹੁੰਦੀ , ਹੁਣ ਮੇਲੇ ‘ਚ ਚੁੱਕੀਰਾਹੇ ਨੂੰ ਕੌਣ ਪੁੱਛਦਾ ?
ਅੱਜ ਸਵੇਰੇ ਪ੍ਰਧਾਨ ਮੰਤਰੀ ਦਾ ਗੁਣਗਾਨ ਕਰਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਧਾਈ ਦਿੱਤੀ ਅਤੇ ਆਥਣੇ ਟਵਿੱਟਰ ਤੇ ਅਸਤੀਫਾ ਦੇਣ ਦਾ ਐਲਾਨ ਕਰਤਾ ।
ਬਹੁਤ ਘੱਟ ਸੰਭਾਵਨਾਵਾਂ ਹਨ ਕਿ ਇਹਨਾ ਦਾ ਅਸਤੀਫ਼ਾ ਨਾ ਮਨਜੂਰ ਕੀਤਾ ਜਾਵੇ ।
ਹੁਣ ਅਸਤੀਫਾ ਦੇ ਕੇ ਇਹ ਰੋਸ ਤਾਂ ਕਰ ਸਕਦੇ ਹਨ, ਪਰ ਇਹਨਾਂ ਢਾਈ ਟੋਟਰੂਆਂ ਦੇ ਰੋਸ ਨੂੰ ਵੱਡੇ ਬਹੁਮਤ ਵਾਲੀ ਮੋਦੀ ਸਰਕਾਰ ਕੀ ਸਮਝਦੀ ? ਨਾਲੇ ਜੇ ਜਿ਼ਆਦਾ ਤੁੜਕਣਗੇ ਤਾਂ ਅਗਲਿਆਂ ਨੇ ਪੁਰਾਣੀਆਂ ਫਾਈਲਾਂ ਫਿਰ ਚੁੱਕ ਲੈਣਗੀਆਂ ।
ਬਿਕਰਮ ਮਜੀਠੀਆ ਖਿਲਾਫ਼ ਦੋਸ਼ ਲੱਗੇ ਸੀ ,ਉਹ ਫਾਈਲਾਂ ਤਾਂ ਈਡੀ ਕੋਲ ਪਈਆਂ ਹੀ , ਕਦੋਂ ਵੀ ਫਿਰ ਖੋਲ੍ਹ ਸਕਦੇ ?
ਕੇਂਦਰੀ ਏਜੰਸੀਆਂ , ਕੇਂਦਰ ਸਰਕਾਰ ਤੋਂ ਬਾਹਰ ਥੋੜਾ ਹੁੰਦੀਆਂ ?
ਜੇ ਸੁਖਬੀਰ ਬਾਦਲ ਅਤੇ ਬੀਬੀ ਬਾਦਲ ਨੂੰ ਇਹ ਭੁਲੇਖਾ ਹੋਵੇ ਕਿ ਅਸਤੀਫਾ ਦੇ ਕੇ ਅਸੀਂ ਪੰਜਾਬ ਦੇ ਲੋਕਾਂ ‘ਚ ਖੁੱਸਿਆ ਆਧਾਰ ਫਿਰ ਬਣਾ ਲਵਾਂਗੇ , ਉਹ ਵੀ ਨਹੀਂ ਹੋਣਾ । ਹੁਣ ਤਾਂ ਬੱਚੇ –ਬੱਚੀ ਤੱਕ ਵਿਰੋਧੀਆਂ ਨੇ ਉਹ ਗੱਲਾਂ ਭੇਜ ਜਿੰਨ੍ਹਾਂ ਵਿੱਚ ਅਕਾਲੀ ਦਲ ਵੱਲੋਂ ਖੇਤੀ ਆਰਡੀਨੈਂਸਾਂ ਦੀ ਹਮਾਇਤ ਕਰਨ ਦੀ ਗੱਲ ਕੀਤੀ ਗਈ ਸੀ ।
ਇੱਕੋ ਆਸ ਦੀ ਕਿਰਨ ਬਚੀ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਕੋਲ ਨਵੀਂ ਚਾਲ ਚੱਲ ਦੇਣ ਤੇ ਪੰਜਾਬ ਦਾ ਮਾਹੌਲ ਫਿਰ ਕਿਸੇ ਹੋਰ ਰੰਗ ‘ਚ ਰੰਗਿਆ ਜਾਵੇ ਨਹੀਂ ਤਾਂ ਸਥਿਤੀ ਹੁਣ ਅਕਾਲੀ ਦਲ ਲਈ ਬਹੁਤ ਮਾੜੀ ਹੈ ।

Real Estate