ਭਾਰਤ ਪਾਕਿ ਵੰਡ ਸਮੇਂ ਦੀ ਯਾਦ ਨੂੰ ਮੁੜ ਤਾਮੀਰ ਕਰਵਾਇਆ ਜਾਵੇ
ਬਲਵਿੰਦਰ ਸਿੰਘ ਭੁੱਲਰ
ਯਾਦਗਾਰਾਂ ਜਿੱਥੇ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਤੇ ਕੁਰਬਾਨੀਆਂ ਨੂੰ ਤਾਜ਼ਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਉੁੱਥੇ ਮਨੁੱਖਤਾ ਦੀਆਂ ਗਲਤੀਆਂ ਦਾ ਅਹਿਸਾਸ ਵੀ ਕਰਵਾਉਂਦੀਆਂ ਹਨ। ਉਹ ਇਨਸਾਨ ਨੂੰ ਮਾਨਸਿਕ ਝੰਜੋੜਾ ਦਿੰਦੀਆਂ ਹੋਈਆਂ ਭਵਿੱਖ ਵਾਸਤੇ ਸੁਚੇਤ ਵੀ ਕਰਦੀਆਂ ਹਨ ਅਤੇ ਆਪਸੀ ਪਿਆਰ ਤੇ ਸਦਭਾਵਨਾ ਵਿੱਚ ਪਰਪੱਕਤਾ ਲਿਆਉਂਦੀਆਂ ਹਨ। ਇਸੇ ਮਕਸਦ ਨਾਲ ਯਾਦਗਾਰਾਂ ਸਥਾਪਤ ਕੀਤੀਆਂ ਜਾਂਦੀਆਂ ਹਨ ਤਾਂ ਜੋ ਘਟਨਾਵਾਂ ਦੀ ਯਾਦ ਨੂੰ ਸਦੀਵੀ ਬਣਾਇਆ ਜਾ ਸਕੇ। ਇਤਿਹਾਸਕ ਯਾਦਗਾਰਾਂ ਨੂੰ ਖਤਮ ਕਰਨਾ ਮੂਰਖਤਾ ਭਰਿਆ ਕਦਮ ਹੀ ਕਿਹਾ ਜਾ ਸਕਦਾਹੈ।ਜਿਹੜੇ ਲੋਕ ਇਤਿਹਾਸ ਦੇ ਸਬਕ ਨੂੰ ਯਾਦ ਨਹੀਂ ਰਖਦੇ, ਉਹਨਾਂ ਨੂੰ ਇਤਿਹਾਸ ਦੁਹਰਾਉਣ ਦੀ ਸਜਾ ਝੱਲਣੀ ਪੈਂਦੀ ਹੈ।

ਇਹਨਾਂ ਸਤਰਾਂ ਨਾਲ ਵੱਡੇ ਮਹੱਤਵ ਵਾਲੀ ਇੱਕ ਛੋਟੀ ਜਿਹੀ ਯਾਦਗਾਰ ਦੀ ਗੱਲ ਕੀਤੀ ਜਾ ਰਹੀਹੈ। ਭਾਰਤ ਪਾਕਿਸਤਾਨ ਦੀ ਵੰਡ ਕਰਨ ਸਮੇਂ ਖਿੱਚੀ ਗਈ ਰੈੱਡਕਲਿਫ ਰੇਖਾ ਕੋਲ ਸ੍ਰੀ ਅਮ੍ਰਿੰਤਸਰ ਤੋਂ ਕਰੀਬ 32 ਕਿਲੋਮੀਟਰਅਤੇ ਲਾਹੋਰ ਤੋਂ ਕਰੀਬ 22 ਕਿਲੋਮੀਟਰ ਦੂਰੀ ਤੇ ਇੱਕ ਚੈੱਕ ਪੋਸਟ ਬਣਾਈ ਗਈ ਸੀ, ਜਿੱਥੇ ਇੱਕ ਦੂਜੇ ਦੇਸ ਵਿੱਚ ਦਾਖਲ ਹੋਣ ਲਈ ਸੜਕੀ ਤੇ ਰੇਲਵੇ ਰਸਤਾ ਹੈ।ਸ੍ਰੀ ਅਮ੍ਰਿੰਤਸਰ ਅਤੇ ਲਾਹੌਰ ਦੋਵੇਂ ਹੀ ਚੜਦੇ ਤੇ ਲਹਿੰਦੇ ਪੰਜਾਬ ਦੇ ਮੁੱਖ ਸ਼ਹਿਰ ਤੇ ਵਪਾਰਕ ਕੇਂਦਰ ਹਨ, ਜੋ ਇਸ ਸਥਾਨ ਦੇ ਮਹੱਤਵ ’ਚ ਵਾਧਾਕਰਦੇ ਹਨ। ਇਸ ਪੋਸਟ ਦੇ ਪਾਕਿਸਤਾਨ ਵਾਲੇ ਪਾਸੇ ਵਾਘਾ ਪਿੰਡ ਵਸਦਾ ਹੋਣ ਕਰਕੇ ਇਸ ਸਥਾਨ ਨੂੰ ਵਾਘਾ ਬਾਰਡਰ ਕਿਹਾ ਜਾਂਦਾ ਰਿਹਾ ਹੈ।ਦੋਵਾਂ ਦੇਸਾਂ ਦੇ ਆਪਸੀ ਸਹਿਯੋਗ ਤੇ ਸਾਂਤੀਵਾਲਾ ਮਾਹੌਲ ਪੈਦਾ ਕਰਨ ਲਈ ਇਸ ਸਥਾਨ ਤੇ 1952 ਵਿੱਚ ਵਾਘਾ ਬਾਰਡਰ ਸਮਾਰੋਹ ਕੀਤੇ ਜਾਣਦੀ ਸੁਰੂਆਤ ਕੀਤੀ ਗਈ ਸੀ। ਇੱਥੇ ਰੋਜਾਨਾ ਸ਼ਾਮ ਨੂੰ ਰੀ-ਟਰੀਟਸੈਰਾਮਨੀ ਭਾਵ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ, ਜਿਸ ਮੌਕੇ ਦੋਵਾਂ ਦੇਸਾਂ ਦੇ ਜਵਾਨ ਇੱਕ ਸ਼ਾਨਦਾਰ ਪਰੇਡ ਕਰਦੇ ਹਨ। ਇਸ ਸਮਾਗਮ ਨੂੰ ਵੇਖਣ ਲਈ ਰੋਜਾਨਾ ਦੋਵਾਂ ਦੇਸਾਂ ਦੇ ਹਜਾਰਾਂ ਦਰਸਕ ਪਹੁੰਚਦੇ ਹਨ।ਭਾਰਤ ਵਾਲੇ ਪਾਸੇ ਚੜਦੇ ਪੰਜਾਬ ਦਾ ਇੱਕ ਇਤਿਹਾਸਕ ਪਿੰਡ ਅਟਾਰੀ ਵਸਦਾ ਹੈ, ਇਸ ਲਈ ਭਾਰਤ ਵੱਲੋਂ ਹੁਣ ਇਸ ਸਥਾਨ ਨੂੰ ਅਟਾਰੀ ਬਾਰਡਰ ਕਿਹਾ ਜਾਂਦਾ ਹੈ।
ਭਾਰਤ ਪਾਕਿ ਵੰਡ ਸਮੇ ਸਰਕਾਰੀ ਅੰਕੜਿਆਂ ਅਨੁਸਾਰ ਵੀ ਕਈ ਲੱਖ ਲੋਕਾਂ ਦੇ ਮਾਰੇ ਜਾਣ ਦੇ ਸਬੂਤ ਹਨ, ਪਰ ਗੈਰ-ਸਰਕਾਰੀ ਤੌਰ ਤੇ ਮਰਨ ਵਾਲਿਆਂ ਦੀ ਗਿਣਤੀ ਦਸ ਲੱਖ ਮੰਨੀ ਜਾਂਦੀ ਹੈ, ਜਿਹਨਾਂ ਵਿੱਚ ਮਰਦਾਂ ਤੋਂ ਇਲਾਵਾ ਔਰਤਾਂ ਤੇ ਬੱਚੇ ਵੀ ਸਾਮਲ ਸਨ ।ਧਰਮ ਦੇ ਅਧਾਰ ਤੇ ਹੋਈ ਇਸ ਵੰਡ ਸਮੇਂ ਹੋਇਆ ਇਹ ਕਤਲੇਆਮ ਦੁਨੀਆਂ ਭਰ ’ਚ ਹੋਣ ਵਾਲੇ ਦੇਸ ਵੰਡ ਕਤਲੇਆਮਾਂ ਚੋਂ ਸਭ ਤੋਂ ਵੱਡਾ ਹੈ। ਸੱਤ ਦਹਾਕੇ ਲੰਘ ਜਾਣ ਦੇ ਬਾਵਜੂਦ ਵੀ ਵੰਡ ਦੇ ਜਖ਼ਮ ਅਜੇ ਭਰੇ ਨਹੀਂ ਜਾ ਸਕੇ। ਇਸ ਕਤਲੇਆਮ ਤੇ ਮਾਰਧਾੜ ਲਈ ਭਾਰਤ ਛੱਡਣ ਵਾਲੀ ਬ੍ਰਿਟਿਸ ਸਰਕਾਰ ਅਤੇ ਸਮੇਂ ਦੇ ਸਿਆਸਤਦਾਨ ਬਰਾਬਰ ਦੇ ਜੁਮੇਵਾਰ ਸਮਝੇ ਜਾਂਦੇ ਹਨ, ਜਦ ਕਿ ਦੋਵਾਂ ਦੇਸਾਂ ਦੇ ਆਮ ਲੋਕ ਨਾ ਉਦੋਂ ਅੱਡ ਹੋਣਾ ਚਾਹੁੰਦੇ ਸਨ ਅਤੇ ਨਾ ਹੀ ਅੱਜ ਉਹਨਾਂ ਦੇ ਦਿਲਾਂ ਵਿੱਚ ਕੋਈ ਗੁੱਸਾ ਜਾਂ ਕੁੜੱਤਣ ਹੈ, ਉਹ ਇੱਕ ਦੂਜੇ ਨਾਲ ਮਿਲਵਰਤਨ ਚਾਹੁੰਦੇ ਹਨ।
ਚੜਦੇ ਪੰਜਾਬ ਦੇ ਬੁੱਧੀਜੀਵੀਆਂ ਨੇ ਦੋਵਾਂ ਦੇਸਾਂ ਦੀ ਮਿੱਤਰਤਾ ਵਧਾਉਣ ਤੇ ਅਮਨ ਸਾਂਤੀ ਦੀ ਬਹਾਲੀ ਲਈ‘‘ਹਿੰਦ ਪਾਕਿ ਦੋਸਤੀ ਮੰਚ’’ ਗਠਿਤ ਕੀਤਾ ਅਤੇ ਉਹਨਾਂ ਫੋਕਲੋਰ ਰਿਸਰਚ ਅਕੈਡਮੀ ਰਜਿ: ਚੰਡੀਗੜ ਦੇ ਸਹਿਯੋਗ ਨਾਲ ਵੰਡ ਸਮੇਂ ਮਾਰੇ ਗਏ ਦਸ ਲੱਖ ਲੋਕਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਅਟਾਰੀ ਬਾਰਡਰ ਉਪਰ ਰੈਡਕਲਿਫ ਲਾਈਨ ਤੋਂ ਕੁੱਝ ਮੀਟਰ ਦੂਰ ਭਾਰਤ ਵਾਲੇ ਪਾਸੇ ਇੱਕ ਛੋਟੀ ਜਿਹੀ ਯਾਦਗਾਰ ਸਥਾਪਤ ਕੀਤੀ ਗਈ। ਕਤਲੇਆਮ ਨੂੰ ਯਾਦ ਕਰਾਉਂਦੀ ਤੇ ਅਮਨ ਸਾਂਤੀ ਦਾ ਸੁਨੇਹਾ ਦਿੰਦੀ ਇਸ ਯਾਦਗਾਰ ਉਪਰ ਦੋ ਹੱਥ ਦੋਸਤਾਨਾ ਅੰਦਾਜ ਵਿੱਚ ਦਿਖਾਏ ਗਏ, ਜੋ ਭਾਰਤ ਤੇ ਪਾਕਿਸਤਾਨ ਦੀ ਮਿੱਤਰਤਾ ਦਾ ਪ੍ਰਗਟਾਵਾ ਕਰਦੇ ਸਨ। ਮਹੱਤਵ ਪੱਖੋਂ ਵੱਡੀ ਅਕਾਰ ਪੱਖੋਂ ਛੋਟੀ ਇਸ ਯਾਦਗਾਰ ‘ਸਹੀਦੀ ਸਮਾਰਕ’ ਨੂੰ 31 ਦਸੰਬਰ 1996 ਨੂੰ ਉਘੇ ਕੌਮੀ ਨੇਤਾ ਤੇ ਅਜ਼ਾਦੀ ਘੁਲਾਟੀਏ ਕਾ: ਹਰਕਿਸਨ ਸਿੰਘ ਸੁਰਜੀਤ ਨੇ ਦੋਵਾਂ ਦੇਸਾਂ ਦੇ ਲੋਕਾਂ ਲਈ ਅਰਪਿਤ ਕੀਤਾ। ਇਸ ਮੌਕੇ ਫੋਕਲੋਰ ਰਿਸਰਚ ਅਕੈਡਮੀ ਰਜਿ: ਦੇ ਪ੍ਰਧਾਨ ਤਾਰਾ ਸਿੰਘ ਸੰਧੂ ਅਤੇ ਰਾਜਾ ਪੋਰਸ ਪੰਜਾਬੀ ਮਿੱਤਰਤਾ ਮੇਲਾ ਜਥੇਬੰਦੀ ਦੇ ਜਨਰਲ ਸਕੱਤਰ ਸ੍ਰੀ ਰਮੇਸ ਯਾਦਵ ਵੀ ਮੌਜੂਦ ਸਨ।
ਇਸ ਸਥਾਨ ਤੇ ਹਰ ਸਾਲ 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਰਾਜਾ ਪੋਰਸ ਪੰਜਾਬੀ ਮਿੱਤਰਤਾ ਮੇਲਾ ਲਗਾਇਆ ਜਾਂਦਾ ਹੈ। ਚੜ੍ਹਦੇ ਪੰਜਾਬ ਤੇ ਹੋਰ ਰਾਜਾਂ ਤੋਂ ਬੁੱਧੀਜੀਵੀ, ਸਾਹਿਤਕਾਰ, ਪੱਤਰਕਾਰ, ਧਾਰਮਿਕ ਤੇ ਸਮਾਜਿਕ ਆਗੂ ਪਹੁੰਚਦੇ ਹਨ। ਇੱਥੇ ਮੋਤਬੱਤੀਆਂ ਬਾਲ ਕੇ ਦੋਵਾਂ ਦੇਸਾਂ ਦੀ ਮਿੱਤਰਤਾ ਤੇ ਅਮਨ ਸਾਂਤੀ ਲਈ ਸੁਨੇਹਾ ਦਿੱਤਾ ਜਾਂਦਾ ਹੈ, ਰਾਤ ਭਰ ਗਾਇਕੀ, ਡਰਾਮੇ, ਕਹਾਣੀਆਂ ਕਵਿਤਾਵਾਂ ਆਦਿ ਪੇਸ਼ਕਰਕੇ ਮਿੱਤਰਤਾ ਵਧਾਉਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ।ਮੇਲੇ ’ਚ ਲੱਗੇ ਸਪੀਕਰਾਂ ਦੇ ਮੂੰਹ ਪਾਕਿਸਤਾਨ ਵਾਲੇ ਪਾਸੇ ਵੱਲ ਕਰਕੇ ਸਰਹੱਦੋਂ ਪਾਰ ਵਾਘਾ ਪਿੰਡ ਕੋਲ ਇਕੱਤਰ ਹੋਏ ਪਾਕਿਸਤਾਨੀ ਲੋਕਾਂ ਨਾਲ ਪਿਆਰ ਵਧਾਇਆ ਜਾਂਦਾ ਹੈ। ਮੰਗ ਕੀਤੀ ਜਾਂਦੀ ਹੈ ਕਿ ਰਸਤਾ ਖੋਹਲਿਆ ਜਾਵੇ ਤਾਂ ਜੋ ਦੋਵਾਂ ਦੇਸਾਂ ਦੇ ਲੋਕ ਇੱਧਰ ਉਧਰ ਜਾ ਸਕਣ।
ਸਰਕਾਰ ਵੱਲੋਂ ਇਸ ਚੈੱਕ ਪੋਸਟ ਦਾ ਆਲਾ ਦੁਆਲਾ ਸੁੰਦਰ ਸੋਹਣਾ ਬਣਾਉਣ ਦਾਕੰਮ ਸੁਰੂ ਕੀਤਾ ਗਿਆ ਤਾਂ ਸੁੰਦਰੀਕਰਨ ਦੇ ਨਾਂ ਹੇਠ ਹੁਣ ਮਾਰੇ ਗਏ ਲੋਕਾਂ ਦੀ ਯਾਦ ’ਚ ਬਣਾਈ ਸਹੀਦੀ ਸਮਾਰਕ ਨੂੰ ਢਾਹ ਦਿੱਤਾ ਗਿਆ ਹੈ, ਜਿਸ ਕਾਰਨ ਦੋਵਾਂ ਦੇਸਾਂ ਦੇ ਬੁੱਧੀਜੀਵੀ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ।ਆਪਸੀ ਮਿੱਤਰਤਾ ਤੇ ਅਮਨ ਸਾਂਤੀ ਦਾ ਸੁਨੇਹਾ ਦਿੰਦੀ ਸਮਾਰਕ ਨੂੰ ਢਾਹ ਦੇਣਾ ਅਤੀ ਦੁਖਦਾਈ ਹੈ।ਲੋਕਾਂ ਦੀ ਮੰਗ ਹੈ ਕਿ ਇਸ ਸਮਾਰਕ ਨੂੰ ਇੱਕ ਪਾਸੇ ਉਸੇ ਰੂਪ ’ਚ ਦੁਬਾਰਾ ਤਾਮੀਰ ਕਰਵਾਇਆ ਜਾਵੇ।
ਫੋਕਲੋਰ ਰਿਸਰਚ ਅਕੈਡਮੀ ਰਜਿ: ਦੇ ਪ੍ਰਧਾਨਸ੍ਰ: ਤਾਰਾ ਸਿੰਘ ਸੰਧੂ ਨੇ ਸਮਾਰਕ ਨੂੰ ਢਾਹੇ ਜਾਣ ਤੇ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਕੀਤੇ ਜਾਣ ਨਾਲ ਦੋਵਾਂ ਦੇਸਾਂ ਦੇ ਬੁੱਧੀਜੀਵੀਆਂ ਦੇ ਮਨਾਂ ਨੂੰ ਭਾਰੀ ਦੁੱਖ ਪਹੁੰਚਾ ਹੈ। ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦਾ ਖਤਰਾ ਘਟ ਜਾਣ ਤੇ ਉਹ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਕਰਕੇ ਇਹ ਸਮਾਰਕ ਦੀ ਮੁੜ ਉਸਾਰੀ ਲਈ ਯਤਨ ਕਰਨਗੇ। ਉਹਨਾਂ ਕਿਹਾ ਕਿ ਜੇਕਰ ਸੁੰਦਰੀਕਰਨ ਵਿੱਚ ਇਹ ਸਮਾਰਕ ਅੜਿੱਕਾ ਬਣਦੀ ਸੀ, ਤਾਂ ਉਸਨੂੰ ਥੋੜਾ ਪਾਸੇ ਕਰਕੇ ਉਸੇ ਹਾਲਤ ਵਿੱਚ ਉਸਾਰਿਆ ਜਾਣਾਚਾਹੀਦਾ ਸੀ।
ਇਸ ਸਬੰਧੀ ਸੀ ਪੀ ਆਈ ਐਮਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਸਮਾਰਕ ਨੂੰ ਉਸੇ ਰੂਪ ਵਿੱਚ ਪਾਸੇ ਹਟਵੀਂ ਜਗਾਹ ਤੇ ਬਣਾਉਣ ਦੀ ਅਪੀਲ ਕੀਤੀ ਹੈ।ਉਹਨਾਂ ਇਹ ਵੀ ਮੰਗ ਕੀਤੀ ਕਿ ਨਵੀਂ ਉਸਾਰੀ ਜਾਣ ਵਾਲੀ ਯਾਦਗਾਰ ਵਿੱਚ ਪੁਰਾਣੇ ਨੀਂਹ ਪੱਕਰਾਂ ਨੂੰ ਉਸੇ ਰੂਪ ਵਿੱਚ ਲਾਇਆ ਜਾਵੇ ਤਾਂ ਜੋ ਪੁਰਾਣੀ ਯਾਦ ਨੂੰ ਕਾਇਮ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਯਾਦਗਾਰ ਆਪਸੀ ਪਿਆਰ ਵਧਾਉਣ ਵਿੱਚ ਸਹਾਈ ਹੋਵੇਗੀ ਜੋ ਸਮੇਂ ਦੀ ਲੋੜ ਹੈ।
ਭੁੱਲਰ ਹਾਊਸ, ਗਲੀ ਨੰ: 12, ਭਾਈ ਮਤੀ ਦਾਸ ਨਗਰ
ਬਠਿੰਡਾ। ਮੋਬਾ: 098882-75913