ਜਲੰਧਰ, ਮੇਰਾ ਸ਼ਹਿਰ, ਮੇਰਾ ਵਿਚ-ਵਿਚਾਲਾ-ਪਨ

302

ਅਖਿਲ ਕੰਗ

ਅੰਗਰੇਜੀ ਤੋਂ ਅਨੁਵਾਦ: ਪਵਨ ਪੁਨੀਤ ਬਰਾੜ

 

ਜਲੰਧਰ।

ਇਸ ਚੰਦਰੇ, ਭਿਆਨਕ, ਤਨਹਾ ਅਤੇ ਪਿਆਰੀ ਦਿੱਲੀ ‘ਚ, ਜਿਥੇ ਮੈਂ ਹੁਣ ਰਹਿੰਦਾ ਹਾਂ, ਕਈ ਦਿਨ ਅਜਿਹੇ ਹੁੰਦੇ ਹਨ ਜਦੋਂ ਮੈਨੂੰ ਤੇਰੀ ਯਾਦ ਆਉਂਦੀ ਹੈ। ਮੈਂ ਸੋਚਦਾ ਹਾਂ, “ਕਿੰਜ ਮਹਿਸੂਸ ਹੁੰਦਾ ਹੈ ਆਪਣੀ ਜ਼ਿੰਦਗੀ ਇੱਕੋ ਸ਼ਹਿਰ ਦੇ ਵਿੱਚ ਲੰਘਾ ਦੇਣਾ?”

ਆਪਣੇ ਸਾਰੇ ਗਵਾਂਢੀਆਂ ਨੂੰ ਜਾਨਣਾ। ਆਪਣੇ ਗਵਾਂਢੀਆਂ ਨਾਲ ਵੱਡੇ ਹੋਏ ਹੋਣਾ। ਸਕੂਲ ਬਦਲਣ ਦੀ ਜ਼ਰੂਰਤ ਨਾ ਹੋਣਾ। ਸ਼ਹਿਰ ਨੂੰ ਬਦਲਦੇ ਹੋਏ ਵੇਖਣਾ ਅਤੇ ਉਹਨਾਂ ਬਦਲਾਵਾਂ ਨੂੰ ਆਪਣੇ ਬਦਲਾਵ ਦੱਸਣਾ।ਮੈਨੂੰ ਚੇਤੇ ਆਉਂਦਾ ਹੈ ਕਿ ਜਲੰਧਰ ਵਿੱਚ ਵੱਡੇ ਹੁੰਦੇ ਹੋਏ, ਕਿਵੇਂ ਸਾਨੂੰ ਜਗ੍ਹਾ ਦੀ ਕਦੇ ਚਿੰਤਾ ਹੀ ਨਹੀਂ ਕਰਨੀ ਪਈ ਸੀ। ਕੁਝ ਸੜਕਾਂ,ਜਿਥੇ ਕਾਰਾਂ ਨਹੀਂ ਭਜਦੀਆਂ ਸਨ, ਕੁਝ ਪਾਰਕ,ਜਿੰਨਾਂ ਦੇ ਗੇਟ ਨਹੀਂ ਲੱਗੇ ਹੁੰਦੇ ਸਨ, ਕੁਝ ਜਾਣੇ-ਪਛਾਣੇ ਚਿਹਰੇ, ਜੋ ਮੁਸਕਰਾਉਣ ਤੇ ਵਾਪਸ ਮੁਸਕਰਾਉਂਦੇ ਸਨ।ਮੈਨੂੰ ਨਹੀਂ ਪਤਾ ਕਿ ਕਦੋਂ ਤੇਰੇ ‘ਚ ਵਸਦੇ ਮਰਦ-ਪ੍ਰਧਾਨ ਉਹ ਸਭ ਬਣ ਗਏ ਜੋ ਮੈਂ ਤੇਰੇ ਤੋਂ ਲਿਆ। ਮੈਨੂੰ ਨਹੀਂ ਪਤਾ ਕਿ ਕਦੋਂ ਓਹੀ ਮਰਦ-ਪ੍ਰਧਾਨ ਜੋ ਤੇਰੇ ਵਿੱਚ ਰਹਿੰਦੇ, ਤੈਨੂੰ ਪਿਆਰ ਕਰਦੇ, ਨਫ਼ਰਤ ਕਰਦੇ, ਤੈਨੂੰ ਭੋਗਦੇ, ਤੇਰੇ ਤੋਂ ਭੋਗੇ ਜਾਂਦੇ, ਓਹੀ’ਤੂੰ’ ਬਣ ਗਏ।

ਮੇਰਾ ਮਰਦ-ਪ੍ਰਧਾਨ…ਬਹੁਤ ਹੱਦ ਤੱਕ ਤੇਰੇ ਵਰਗਾ ਹੈ।

ਤੂੰ…ਬਹੁਤ ਹੱਦ ਤੱਕ ਮੇਰੇ ਮਰਦ-ਪ੍ਰਧਾਨ ਵਰਗਾ ਹੈਂ।

ਤੁਸੀਂ ਦੋਵੇਂ ਧੋਖੇਬਾਜ਼ ਹੋ। ਤੁਸੀਂ ਦੋਵੇਂ ਹੰਕਾਰ ਤੋਂ ਪਰਫੁੱਲਤ ਹੁੰਦੇ ਹੋ। ਤੁਸੀਂ ਦੋਵੇਂ ਆਪਣੀਆਂ ਔਰਤਾਂ ਨੂੰ ਕੁੱਟਦੇ-ਮਾਰਦੇ ਹੋ। ਤੁਸੀਂ ਦੋਵੇਂ ਮੈਨੂੰ ਆਪਣੀਆਂ ਅੱਖਾਂ ‘ਚ ਅੱਖਾਂ ਨਾ ਮਿਲਾਉਣ ਨੂੰ ਕਹਿੰਦੇ ਹੋ। ਤੁਸੀਂ ਦੋਵੇਂ ਮੈਨੂੰ ਵਾਰ-ਵਾਰ ਦੱਸਦੇ ਹੋ ਕਿ ਮੈਂ ਮਰਦ ਬਨਣ ਵਿੱਚ ਅਸਫਲ ਹੋਇਆ ਹਾਂ। ਮੈਂ ਸੁਣਿਆ ਹੈ ਕਿ ਤੂੰ ਹੁਣ ਸਿਰਫ ਕੋਈ ਨਿੱਕਾ-ਮੋਟਾ ਸ਼ਹਿਰ ਨਹੀਂ ਰਹਿ ਗਿਆ ਹੈਂ। ਖਾਲੀ ਗਲੀਆਂ ਸ਼ੋ-ਰੂਮ ਬਣ ਗਈਆਂ ਹਨ, ਪੁਰਾਣੇ ਘਰ ਮਾਲ ਬਣ ਗਏ ਹਨ, ਤੇਰਾ ਕੁੱਬ ਹੋਰ ਉੱਘਾ ਹੋ ਗਿਆ ਹੈ, ਤੇਰੀ ਪੱਗ ਛੋਟੀ ਹੋ ਗਈ ਹੈ।

ਮੈਂ ਤੈਨੂੰ ਪਿਆਰ ਕਰਨਾ ਚਾਹੁੰਦਾ ਹਾਂ। ਸਿਰਫ ਇਸ ਲਈ ਨਹੀਂ ਕਿ ਮੈਂ ਤੇਰੇ ਵਿਚ ਜਨਮ ਲਿਆ ਸੀ, ਜਾਂ ਤੇਰੇ ਵਿਚ ਖੇਡਦਾ ਵੱਡਾ ਹੋਇਆ ਹਾਂ, ਪਰ ਕਿਉਂਕਿ…ਮੈਂ ਬਸ ਤੈਨੂੰ ਪਿਆਰ ਕਰਦਾ ਹਾਂ। ਭਾਵੇਂ ਤੂੰ ਮੈਨੂੰ ਵਾਰ-ਵਾਰ ਛੱਕਾ ਕਹਿੰਦਾ ਹੈਂ, ਭਾਵੇਂ ਤੂੰ ਮੇਰੇ ਤੇ ਇਲਜ਼ਾਮ ਲਾਉਂਦਾ ਹੈਂ ਕਿ ਦਿੱਲੀ ਨੇ ਮੈਨੂੰ ਬਰਬਾਦ ਕਰ ਦਿੱਤਾ ਹੈ, ਭਾਵੇਂ ਤੂੰ ਮੇਰੇ ਮਾਪਿਆਂ ਨੂੰ ਦੱਸਦਾ ਹੈਂ ਕਿ ਮੈਂ ਦਿੱਲੀ ਭਰ ਦੇ ਮਰਦਾਂ ਤੋਂ ਭੋਗਿਆ ਗਿਆ ਹੋਵਾਂਗਾ…ਪਰ ਮੈਂ ਫਿਰ ਵੀ ਤੈਨੂੰ ਮੌਕਾ ਦੇਣਾ ਚਾਹੁੰਦਾ ਹਾਂ।ਠੀਕ ਹੈ, ਜਲੰਧਰ, ਤੇਰੇ ਕੁਝ ਕਹਿਣ ਤੋਂ ਪਹਿਲਾਂ ਮੈਂ ਮੰਨਦਾ ਹਾਂ ਕਿ ਮੈਨੂੰ, ਤੈਨੂੰ ਮਿਲਿਆਂ ਕਾਫੀ ਟਾਈਮ ਹੋ ਗਿਆ ਹੈ। ਤੂੰ ਵੀ ਕਦੇ-ਕਦਾਈਂ ਮੈਨੂੰ ‘ਆਈ ਲਵ ਯੂ’ ਬੋਲ ਦਿੰਦਾ ਹੈਂ। ਤੂੰ ਮੈਨੂੰ ਪੁੱਛਦਾ ਰਹਿੰਦਾ ਹੈਂ ਕਿ ਮੈਂ ਕਦੋਂ ਵਾਪਸ ਆਵਾਂਗਾ। ਪਰ ਮੈਂ ਵਾਪਸ ਨਹੀਂ ਆਉਣਾ ਚਾਹੁੰਦਾ। ਇਸਲਈ ਨਹੀਂ ਕਿ ਇਹ ਮੈਨੂੰ ਚੇਤੇ ਕਰਾਵੇਗਾ ਕਿ ਮੈਂ ਬਚਪਨ ਵਿੱਚ ਕੀ ਸੀ ਪਰ ਇਸਲਈ ਕਿ ਇਹ ਮੈਨੂੰ ਸੋਚਣ ਤੇ ਮਜਬੂਰ ਕਰ ਦੇਵੇਗਾ ਕਿ ਜੇ ਮੈਂ ਤੈਨੂੰ ਨਾ ਛੱਡਿਆ ਹੁੰਦਾ ਤਾਂ ਮੈਂ ਕੀ ਬਣ ਜਾਣਾ ਸੀ।ਮੈਂ ਆਪਣੇ ਆਪ ਨੂੰ ਤੇਰੀ ਮਰਦਾਨਗੀ ਦੇ ਖਿਲਾਫ਼ ਇੰਨੇ ਜ਼ੋਰ ਨਾਲ ਪਰਪੱਕ ਕਰ ਰਿਹਾ ਸੀ ਕਿ ਮੈਂ ਆਪਣੇ ਪਰਿਵਾਰ ਦੀਆਂ ਕੁਝ ਔਰਤਾਂ ਦੀ ਜ਼ਨਾਨਗੀ ਅਪਨਾਉਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਮੈਨੂੰ ਉਹ ਜ਼ਨਾਨਗੀ ਵੀ ਇਨਕਾਰੀਗਈ, ਤਾਂ ਮੈਂ ਵਿਚ-ਵਿਚਾਲੇ ਭਟਕਦਾ ਰਹਿ ਗਿਆ। ਜਦੋਂ ਕਿਤੇ ਵੀ ਮੈਂ ਆਪਣੀ ਵੱਡੀ ਭੈਣ ਨਾਲ ਗਲੀਆਂ ਵਿੱਚੋਂ ਲੰਘਦਾ ਸੀ, ਤਾਂ ਤੇਰੇ ਮਰਦ-ਪ੍ਰਧਾਨਾਂ ਦੀਆਂ ਨਜ਼ਰਾਂ ਤੋਂ ਬਚਣ ਲਈ, ਮੇਰਾ ਜ਼ਨਾਨਗੀ ਥੋੜ੍ਹੀਬਦਲ ਜਾਂਦੀ ਸੀ। ਇਮਲੀ ਦੇ ਵਾਸਤੇ ਮੇਰੇ ਪਿਆਰ ਨੂੰ ਲੁਕੋਣ ਵਾਸਤੇ ਮੇਰੀ ਮਰਦਾਨਗੀ ਗੂੰਜਦੀ ਸੀ। ਮੇਰਾ ‘ਵਿਚ-ਵਿਚਾਲਾ-ਪਨ’- ਸ਼ਲਾਘਾ ਕਰਦਾ ਸੀ, ਜਦੋਂ ਵੀ ਮੈਂ ਚੋਰੀ ਅੱਖ ਨਾਲ ਆਪਣੇ ਸਕੂਲ ਦੇ ਸੀਨੀਅਰਾਂ ਨੂੰ ਸਵੇਰੇ-ਸਵੇਰੇ ਬਿਨਾਂ ਝੱਗੇ ਪਾਏ,ਬਾਸਕਟ-ਬਾਲ ਖੇਡਦੇ ਵੇਖਦਾ ਸੀ। ਮੇਰਾ ‘ਵਿਚ-ਵਿਚਾਲਾ-ਪਨ’ ਉਦੋਂ ਮੇਰੇ ਨਾਲ ਖੜ੍ਹਾ ਰਿਹਾ ਜਦੋਂ ਤੂੰ ਜਵਾਬ ਦੇ ਦਿੱਤਾ ਸੀ।

ਪਿਛਲੀ ਵਾਰੀ ਮੈਂ ਤੈਨੂੰ ਇੱਕ ਵੀਡੀਓ-ਕਾਲ ਦੇ ਜ਼ਰੀਏ ਦੇਖ ਰਿਹਾ ਸੀ। ਤੇਰੇ ਬਦਲਦਿਆਂ ਇਲਾਕਿਆਂ ਨੂੰ, ਬਦਲਦੇ ਆਸਮਾਨਾਂ ਨੂੰ, ਲਖਬੀਰ ਆਂਟੀ ਦੇ ਘਰ ਦੀਆਂ ਨਵੀਆਂ ਰੇਲਿੰਗਾਂ ਨੂੰ, ਸ਼ਾਇਰ ਅੰਕਲ ਦੇਬਗੀਚੇ ਦੇ ਰੁੱਖ ਨੂੰ। ਅਤੇ ਮੈਂ ਅਚਾਨਕ ਤੇਰੇ ਮਰਦ-ਪ੍ਰਧਾਨ ਦੇ ਆਹਮਣੇ-ਸਾਹਮਣੇ ਹੋ ਗਿਆ। ਮੇਰਾ ਮਰਦ-ਪ੍ਰਧਾਨ।ਤੈਨੂੰ ਅਤੇ ਮੈਨੂੰ ਦੋਵਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸ਼ਾਇਦ ਇਹ ਆਖਰੀ ਵਾਰ  ਹੈ ਕਿ ਅਸੀਂ ਇੱਕ-ਦੂਜੇ ਦੀਆਂ ਅੱਖਾਂ ਵਿੱਚ ਦੇਖ ਰਹੇ ਹੋਵਾਂਗੇ, ਰਿਵਾਜੀ ਜਿਹੀਭੋਰਾ ਕੁ ਗੱਲ-ਬਾਤ ਬਾਅਦ, ਤੂੰ ਕਹਿੰਦਾ, “ਅਖਿਲ ਪੁੱਤਰ…ਮੈਂ ਤੈਨੂੰ ਪਿਆਰ ਕਰਦਾ ਹਾਂ।” ਮੈਂ ਦੋ ਕੁ ਘੜੀ ਸਕਰੀਨ ਤੇ ਤੇਰੀ ਤਸਵੀਰ ਵੱਲ ਦੇਖਿਆ, ਹਲਕਾ ਜਿਹਾ ਮੁਸਕਰਾਇਆ, ਮੇਰੀਆਂ ਅੱਖਾਂ ਸਾਹਮਣੇ ਇਹ ਸਭ ਲੰਘਿਆ –  ਸਾਰੇ ਖੁੱਸੇ ਹੋਏ ਮੌਕੇ, ਗੁਆਚੀਆਂ ਯਾਰੀਆਂ, ਗੁੰਮੇ ਪ੍ਰੇਮੀ, ਵਿਛੜਿਆ ਪਰਿਵਾਰ। ਮੇਰੇ ਵਿੱਚ ਇੱਕੋ ਸਮੇਂ ਤੇ ਰੋਣ, ਚੀਕਣ ਅਤੇ ਹੱਸਣ ਦੀ ਤਾਂਘ ਛਿੜੀ, ਮੈਂ ਬਸ ਇੰਨਾ ਕਿਹਾ, “ਅੱਛਾ, ਜ਼ਰਾ ਪਾਪਾ ਨੂੰ ਵਾਪਸ ਫੋਨ ਫੜਾਇਓ।”

ਸ਼ਬਦਾਂ ਬਾਰੇ:

ਮੂਲ ਲਿਖਤ ਵਿਚਲੇ ਸ਼ਬਦ Patriarch ਵਾਸਤੇ ਮਰਦ ਪ੍ਰਧਾਨ ਅਤੇ fuck ਵਾਸਤੇ ਭੋਗ ਵਰਤਿਆ ਗਿਆ ਹੈ।

 

ਲਿਖਾਰੀਆਂ ਬਾਰੇ:

ਅਖਿਲ ਕੰਗ ਕੋਰਨੇਲ ਯੂਨੀਵਰਸਿਟੀ, ਨਿਊ ਯੋਰਕ ਵਿਚ ਜਾਤ-ਪਾਤ ਅਤੇ ਕੁਈਰ ਲੈਂਗਿਕਤਾ ਬਾਰੇ ਪੀ ਐਚ ਡੀ ਕਰ ਰਿਹਾ ਹੈ।

ਪਵਨ ਪੁਨੀਤ ਬਰਾੜ ਨੇ ਪੰਜਾਬਯੂਨੀਵਰਸਿਟੀ, ਚੰਡੀਗੜ ਤੋਂ ਭੋਜਨ-ਕਲਚਰ ਬਾਰੇ ਪੀਐਚਡੀ ਕੀਤੀ ਹੈ।

Real Estate