ਕੈਪਟਨ ਵੱਲੋਂ ਵਧ ਰਹੇ ਕੋਰੋਨਾ ਕਰਕੇ ਅਜੇ ਸ਼ਹਿਰੀ ਖੇਤਰਾਂ ਦੀਆਂ ਮੌਜੂਦਾ ਸਾਰੀਆਂ ਪਾਬੰਦੀਆਂ ਜਾਰੀ ਰੱਖਣ ਦਾ ਐਲਾਨ

ਚੰਡੀਗੜ੍ਹ, 31 ਅਗਸਤ (ਜਗਸੀਰ ਸਿੰਘ ਸੰਧੂ) : ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਆਪਣੀ ਸਰਕਾਰ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਸ਼ਹਿਰੀ ਖੇਤਰਾਂ ਵਿੱਚ ਪਾਬੰਦੀਆਂ ਜਾਰੀ ਰੱਖਣ ਦਾ ਫੈਸਲਾ ਕੀਤਾ ਜਿਸ ਵਿੱਚ ਸੂਬੇ ਦੇ ਸਾਰੇ 167 ਮਿਉਂਸਪਲ ਕਸਬਿਆਂ ਵਿੱਚ ਹਫਤੇ ਦੇ ਅੰਤਲਾ ਲੌਕਡਾਊਨ ਅਤੇ ਸਤੰਬਰ ਮਹੀਨੇ ਦੇ ਅੰਤ ਤੱਕ ਸਮੂਹ ਸ਼ਹਿਰਾਂ ਵਿੱਚ ਰਾਤ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਵੀ ਸ਼ਾਮਲ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅਨਲੌਕ 4.0 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਨਾਲ ਬਕਾਇਦਾ ਸਲਾਹ-ਮਸ਼ਵਰੇ ਮਗਰੋਂ ਕੀਤਾ ਗਿਆ ਹੈ।ਸੂਬੇ ਭਰ ਵਿੱਚ ਸਾਰੇ ਸਮਾਜਿਕ, ਸਿਆਸੀ, ਧਾਰਮਿਕ ਇਕੱਠਾਂ, ਧਰਨਿਆਂ ਅਤੇ ਰੋਸ ਮੁਜਾਹਰਿਆਂ ‘ਤੇ ਪਾਬੰਦੀ ਲਾਉਂਦੀ ਸੀ.ਆਰ.ਪੀ.ਸੀ ਦੀ ਧਾਰਾ 144 ਲਾਗੂ ਰਹੇਗੀ, ਜਦੋਂਕਿ ਵਿਆਹ ਅਤੇ ਅੰਤਮ ਸਸਕਾਰ ਸਬੰਧੀ ਇਕੱਠਾਂ ਵਿੱਚ ਕ੍ਰਮਵਾਰ 30 ਅਤੇ 20 ਵਿਅਕਤੀ ਹੀ ਜਾ ਸਕਣਗੇ।ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਮਿਉਂਸਪਲ ਖੇਤਰਾਂ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਰਹੇਗਾ ਜਦੋਂ ਕਿ ਵਿਅਕਤੀਆਂ ਦੀ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਿਉਂਸਪਲ ਹੱਦਾਂ ਵਿੱਚ ਪੂਰੇ ਹਫਤੇ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਗੈਰ-ਜ਼ਰੂਰੀ ਕੰਮਾਂ ਲਈ ਆਵਾਜਾਈ ਪਾਬੰਦੀ ਤਹਿਤ ਰਹੇਗੀ।
ਇਨ੍ਹਾਂ ਪਾਬੰਦੀਆਂ ਤੋਂ ਲੋਕ ਸੇਵਾ ਕਮਿਸ਼ਨਾਂ, ਬੋਰਡਾਂ, ਯੂਨੀਵਰਸਿਟੀਆਂ ਦੁਆਰਾ ਲਈਆਂ ਜਾਣ ਵਾਲੀਆਂ ਪ੍ਰਵੇਸ਼ ਅਤੇ ਹੋਰ ਸਭ ਕਿਸਮ ਦੀਆਂ ਪ੍ਰੀਖਿਆਵਾਂ ਦੇ ਸਬੰਧ ਵਿੱਚ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਬਾਹਰ ਰੱਖਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਜਿਹੇ ਵਿਅਕਤੀਆਂ ਦੀ ਆਵਾਜਾਈ ‘ਚ ਮਦਦ ਕਰਨ ਲਈ ਜ਼ਿਲ੍ਹਾ ਅਥਾਰਟੀਆਂ ਨੂੰ ਨਿਰਦੇਸ਼ ਦਿੱਤੇ ਹਨ।ਧਾਰਮਿਕ ਸਥਾਨਾਂ ਨੂੰ ਸਾਰੇ ਦਿਨ ਸ਼ਾਮ 6.30 ਵਜੇ ਤੱਕ ਖੁੱਲ੍ਹੇ ਰੱਖਣ ਦੀ ਇਜਾਜ਼ਤ ਹੋਵੇਗੀ ਜਿਵੇਂ ਕਿ ਰੈਸਟੋਰੈਂਟ (ਮਾਲਜ਼ ਵਾਲਿਆਂ ਸਮੇਤ) ਅਤੇ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਦਿਨ/ਰਾਤ ਦੀਆਂ ਬੰਦਿਸ਼ਾਂ ਹੋਟਲਾਂ ‘ਤੇ ਲਾਗੂ ਨਹੀਂ ਹੋਣਗੀਆਂ।ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਪੁਲਿਸ ਨੂੰ ਕਿਹਾ ਹੈ ਕਿ ਉਹ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਕੀਤੇ ਹੁਕਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਪ੍ਰਬੰਧਕਾਂ ਅਤੇ ਹਿੱਸਾ ਲੈਣ ਵਾਲੇ ਪ੍ਰਮੁੱਖ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ।
ਬੁਲਾਰੇ ਨੇ ਅੱਗੇ ਸਪੱਸ਼ਟ ਕੀਤਾ ਕਿ ਬੰਦਿਸ਼ਾਂ ਦੀਆਂ ਹਾਲਤਾਂ ਦੌਰਾਨ ਵੀ ਕੌਮੀ ਤੇ ਸੂਬਾਈ ਮਾਰਗਾਂ ਉਤੇ ਅੰਤਰ ਰਾਜ ਤੇ ਰਾਜ ਦੇ ਅੰਦਰ ਲੋਕਾਂ ਦੇ ਆਉਣ-ਜਾਣ, ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਗਤੀਵਿਧੀਆਂ, ਬੱਸ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਆਪਣੀ ਮੰਜ਼ਿਲ ‘ਤੇ ਜਾਣ ਵਾਲੇ ਲੋਕਾਂ ਅਤੇ ਮਾਲ ਉਤਾਰਨ ਤੇ ਲਿਜਾਣ ਲਈ ਆਗਿਆ ਹੋਵੇਗੀ। ਜ਼ਰੂਰੀ ਸੇਵਾਵਾਂ ਵਿੱਚ ਸਿਹਤ, ਖੇਤੀਬਾੜੀ ਤੇ ਇਸ ਨਾਲ ਸਬੰਧਤ ਗਤੀਵਿਧੀਆਂ, ਡੇਅਰੀ ਤੇ ਮੱਛੀ ਪਾਲਣ ਗਤੀਵਿਧੀਆਂ, ਬੈਂਕ, ਏ.ਟੀ.ਐਮਜ਼, ਸ਼ੇਅਰ ਬਜ਼ਾਰ, ਬੀਮਾ ਕੰਪਨੀਆਂ, ਆਨਲਾਈਨ ਟੀਚਿੰਗ, ਜਨਤਕ ਸਹੂਲਤਾਂ, ਜਨਤਕ ਟਰਾਂਸਪੋਰਟ, ਮਲਟੀਪਲ ਸ਼ਿਫਟਾਂ ਵਿੱਚ ਉਦਯੋਗ, ਕਿਰਤ ਉਦਯੋਗ, ਸਰਕਾਰੀ ਤੇ ਪ੍ਰਾਈਵੇਟ ਦਫਤਰ ਆਦਿ ਸ਼ਾਮਲ ਹਨ।
ਹਫਤੇ ਦੇ ਅੰਤਲੇਂ ਦਿਨਾਂ/ਰਾਤ ਦੀਆਂ ਬੰਦਿਸ਼ਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਜ਼ਰੂਰੀ ਵਸਤਾਂ ਨਾਲ ਸਬੰਧ ਰੱਖਣ ਵਾਲਿਆਂ ਨੂੰ ਛੱਡ ਕੇ ਦੁਕਾਨਾਂ/ਮਾਲਜ਼ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6.30 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਸ਼ਨਿਚਰਵਾਰ ਤੇ ਐਤਵਾਰ ਨੂੰ ਸਾਰੇ ਸ਼ਹਿਰਾਂ ਵਿੱਚ ਇਹ ਬੰਦ ਰਹਿਣਗੇ। ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਹਫਤੇ ਦੇ ਅੰਤਲੇ ਦਿਨਾਂ (ਸ਼ਨਿਚਰਵਾਰ ਤੇ ਐਤਵਾਰ) ਵਿੱਚ ਵੀ ਸ਼ਾਮ 6.30 ਵਜੇ ਤੱਕ ਜ਼ਰੂਰ ਖੁੱਲ੍ਹ ਸਕਦੀਆਂ ਹਨ।ਵਾਹਨਾਂ ਵਿੱਚ ਸਵਾਰੀਆਂ ਦੀ ਸਮਰੱਥਾ ਉਤੇ ਲਗਾਈਆਂ ਬੰਦਿਸ਼ਾਂ ਲਾਗੂ ਰਹਿਣਗੀਆਂ ਜਿਵੇਂ ਕਿ ਚਾਰ ਪਹੀਆ ਵਾਹਨ ਵਿੱਚ ਡਰਾਈਵਰ ਸਣੇ ਸਿਰਫ 3 ਸਵਾਰੀਆਂ ਬੈਠ ਸਕਦੀਆਂ ਅਤੇ ਸਾਰੀਆਂ ਬੱਸਾਂ ਤੇ ਜਨਤਕ ਟਰਾਂਸਪੋਰਟ ਵਾਹਨ 50 ਫੀਸਦੀ ਸਮਰੱਥਾ ਨਾਲ ਚੱਲਣਗੇ ਜਿਨ੍ਹਾਂ ਵਿੱਚ ਕੋਈ ਵੀ ਵਿਅਕਤੀ ਖੜ੍ਹਾ ਨਹੀਂ ਸਫਰ ਕਰੇਗਾ। ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਹੁਕਮਾਂ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਤੇ ਪ੍ਰਾਈਵੇਟ ਦਫਤਰ ਇਸ ਮਹੀਨੇ ਦੇ ਅੰਤ ਤੱਕ 50 ਫੀਸਦੀ ਸਟਾਫ ਸਮਰੱਥਾ ਨਾਲ ਕੰਮ ਕਰਨਗੇ ਜਿਸ ਦਾ ਭਾਵ ਕਿਸੇ ਵੀ ਦਿਨ 50 ਫੀਸਦੀ ਤੋਂ ਵੱਧ ਸਟਾਫ ਨੂੰ ਦਫਤਰ ਆਉਣ ਦੀ ਆਗਿਆ ਨਾ ਦਿੱਤੀ ਜਾਵੇ। ਦਫਤਰਾਂ ਦੇ ਮੁਖੀ ਸਰਕਾਰੀ ਦਫਤਰਾਂ ਵਿੱਚ ਆਉਣ ਵਾਲੇ ਵਿਜ਼ਟਰਾਂ ਉਤੇ ਪਾਬੰਦੀ ਲਗਾਉਣਗੇ ਅਤੇ ਆਨਲਾਈਨ ਪੰਜਾਬ ਸ਼ਿਕਾਇਤ ਨਿਵਾਰਨ ਸਿਸਟਮ (ਪੀ.ਜੀ.ਆਰ.ਐਸ.) ਦੀ ਵਰਤੋਂ ਅਤੇ ਹੋਰ ਆਨਲਾਈਨ ਤਰੀਕਿਆਂ ਰਾਹੀਂ ਦਫਤਰਾਂ ਵਿੱਚ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਘੱਟੋ-ਘੱਟ ਸੰਪਰਕ ਨੂੰ ਉਤਸ਼ਾਹਤ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪੰਜ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੁਹਾਲੀ ਤੇ ਲੁਧਿਆਣਾ ਵਿੱਚ ਦੁਕਾਨਾਂ ਖੋਲ੍ਹਣ ਦੇ ਸਬੰਧ ਵਿੱਚ ਢਿੱਲ ਦੇ ਹੁਕਮ ਦਿੱਤੇ ਹੋਏ ਹਨ। ਇਨ੍ਹਾਂ ਸ਼ਹਿਰਾਂ ਵਿੱਚ ਨਿਰਧਾਰਤ ਦਿਨ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ 50 ਫੀਸਦੀ ਖੋਲ੍ਹਣ ਦੀ ਸ਼ਰਤ ਹੁਣ ਹਟਾ ਦਿੱਤੀ ਗਈ ਹੈ।

Real Estate