ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਵੱਲੋਂ ਵੱਖ-ਵੱਖ ਕੈਟਾਗਰੀਆਂ ਦੇ 233 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਾਰੀ

165
ਨਵ ਨਿਯੁਕਤ ਮੁਲਾਜ਼ਮਾਂ ਵਿੱਚ 219 ਸਟਾਫ ਨਰਸਾਂ, 5 ਰੇਡੀਓਗ੍ਰਾਫਰ ਅਤੇ 9 ਲੈਬ ਟੈਕਨੀਸ਼ਅਨ ਸ਼ਾਮਿਲ
 ਚੰਡੀਗੜ੍ਹ, 28 ਅਗਸਤ (ਜਗਸੀਰ ਸਿੰਘ ਸੰਧੂ) : ਕੋਵਿਡ-19 ਦੇ ਮੱਦੇਨਜ਼ਰ ਪਟਿਆਲਾ ਅਤੇ ਅੰਮ੍ਰਿਤਸਰ ਮੈਡੀਕਲ ਕਾਲਜਾਂ ਵਿੱਚ ਸਟਾਫ ਨਰਸਾਂ ਅਤੇ ਹੋਰ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਦੇ ਮੰਤਵ ਨਾਲ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਓ.ਪੀ. ਸੋਨੀ ਵੱਲੋਂ ਅੱਜ ਸੈਕਟਰ-7, ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਵਿਖੇ ਵੱਖ-ਵੱਖ ਕੈਟਾਗਰੀਆਂ ਦੇ 233 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ 219 ਸਟਾਫ ਨਰਸਾਂ, 5 ਰੇਡੀਓਗ੍ਰਾਫਰ ਅਤੇ 9 ਲੈਬ ਟੈਕਨੀਸ਼ਅਨਾਂ ਸ਼ਾਮਲ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਸੋਨੀ ਨੇ ਦੱਸਿਆ ਕਿ ਅੱਜ ਇਥੇ 2 ਸਟਾਫ ਨਰਸਾਂ ਨੂੰ ਟੋਕਨ ਵਜੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ ਜਦਕਿ 217 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਡਾਕ ਰਾਹੀਂ ਭੇਜ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਸਟਾਫ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ, ਜਿਸ ਸਬੰਧੀ ਲਿਖਤੀ ਪ੍ਰੀਖਿਆ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਈ ਗਈ ਸੀ।
 ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਸਟਾਫ ਦੀ ਘਾਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੈਗੂਲਰ ਆਧਾਰ ‘ਤੇ ਇਹ ਭਰਤੀ ਕੀਤੀ ਗਈ ਹੈ। ਨਵ ਨਿਯੁਕਤ ਸਟਾਫ ਨਰਸਾਂ ਵਿੱਚੋਂ ਕਰੀਬ 119 ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ 100 ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਤਾਇਤਾਨ ਕੀਤਾ ਜਾਵੇਗਾ।
ਨਵ ਨਿਯੁਕਤ ਸਟਾਫ ਨਰਸਾਂ ਨੂੰ ਮੁਬਾਰਕਬਾਦ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਸਟਾਫ ਨਰਸਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਨ੍ਹਾਂ ਨਵ-ਨਿਯੁਕਤ ਸਟਾਫ ਨਰਸਾਂ ਦੀ ਤੈਨਾਤੀ ਨਾਲ ਮੈਡੀਕਲ ਕਾਲਜਾਂ/ਹਸਪਤਾਲਾਂ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਕਾਫੀ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਨਵ ਨਿਯੁਕਤ ਸਟਾਫ ਨਰਸਾਂ ਨੂੰ ਨੌਕਰੀ ਦੇ ਨਾਲ-ਨਾਲ ਸਮਾਜ ਸੇਵਾ ਕਰਨ ਦਾ ਵੀ ਮੌਕਾ ਮਿਲ ਰਿਹਾ ਹੈ। ਇਸ ਲਈ ਉਹ ਸਮਾਜ ਪ੍ਰਤੀ ਆਪਣੀ ਜ਼ਿੰਮਵਾਰੀ ਨੂੰ ਸਮਝਦੇ ਹੋਏ ਅਤੇ ਨਿੱਜੀ ਤੌਰ ‘ਤੇ ਦਿਲਚਸਪੀ ਲੈ ਕੇ ਲੋਕਾਂ ਦੀ ਸੇਵਾ ਕਰਨ। ਇਸ ਨਾਲ ਜਿਥੇ ਉਨ੍ਹਾਂ ਦਾ ਸਮਾਜ ਵਿੱਚ ਰੁਤਬਾ ਵਧੇਗਾ, ਉਥੇ ਹੀ ਸਿਹਤ ਵਿਭਾਗ ਬਾਰੇ ਲੋਕਾਂ ਦਾ ਨਜਰੀਆ ਹੋਰ ਬਿਹਤਰ ਹੋਵੇਗਾ।
ਇਸ ਮੌਕੇ ਨਵ ਨਿਯੁਕਤ ਸਟਾਫ ਨਰਸਾਂ ਨੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਓ.ਪੀ. ਸੋਨੀ ਜੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੀਆਂ।
ਇਸ ਉਪਰੰਤ ਸ਼੍ਰੀ ਸੋਨੀ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਪ੍ਰਿੰਸੀਪਲਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ, ਜਿਸ ਵਿੱਚ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਮੈਡੀਕਲ ਕਾਲਜਾਂ ਵਿੱਚ ਟੈਸਟਿੰਗ ਸਮਰੱਥਾ ਵਧਾਉਣ, ਐਮਰਜੈਂਸੀ ਸੇਵਾਵਾਂ ਨੂੰ ਹੋਰ ਬਿਹਤਰ ਕਰਨ ਸਮੇਤ ਮਰੀਜ਼ਾਂ ਨੂੰ ਮੁਹੱਈਆ ਕੀਤੀ ਜਾ ਰਹੀਆਂ ਹੋਰ ਸੁਵਿਧਾਵਾਂ ਦੀ ਸਮੀਖਿਆ ਕੀਤੀ ਗਈ।
ਇਸ ਮੌਕੇ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਸ਼੍ਰੀ ਡੀ.ਕੇ. ਤਿਵਾੜੀ ਅਤੇ ਡਾਇਰੈਕਟਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਡਾ. ਅਵਨੀਸ਼ ਕੁਮਾਰ ਵੀ ਮੌਜੂਦ ਸਨ।
Real Estate