ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਕੋਵਿਡ 19 ਵਿਰੁੱਧ ਨਿਵੇਕਲੀ ਪਹਿਲ

192

ਬਰਨਾਲਾ, 27 ਅਗਸਤ (ਜਗਸੀਰ ਸਿੰਘ ਸੰਧੂ) : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਕਰੋਨਾ ਮਹਾਮਾਰੀ ਦੀ ਜੰਗ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਜ਼ਰੂਰੀ ਇਹਤਿਆਤਾਂ ਪ੍ਰਤੀ ਪ੍ਰੇਰਿਤ ਕਰਨ ਲਈ ਨਿਵੇਕਲ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਜਿੱਥੇ ਮਾਸਕ ਨਾ ਪਾਉਣ ਵਾਲਿਆਂ ਨੂੰ ਮੁਫਤ ਮਾਸਕ ਵੰਡੇ ਜਾ ਰਹੇ ਹਨ, ਉਥੇ ਮਾਸਕ ਪਾਉਣ ਤੇ ਹੋਰ ਲੋੜੀਂਦੇ ਇਹਤਿਆਤ ਵਰਤਣ ਵਾਲਿਆਂ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਕੱਪੜੇ ਦੇ ਥੈਲੇ ਮੁਫਤ ਵੰਡੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਬਰਨਾਲਾ ਜ਼ਿਲ੍ਹੇ ਨੂੰ ਪਹਿਲਾਂ ਵਾਂਗ ਕਰੋਨਾ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸੈਲਫ ਹੈਲਪ ਗਰੁੱਪਾਂ ਰਾਹੀਂ ਮਾਸਕ ਅਤੇ ਕੱਪੜੇ ਦੇ ਥੈਲੇ ਤਿਆਰ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਾਂ ਦੀਆਂ 25 ਟੀਮਾਂ ਜ਼ਿਲ੍ਹੇ ਵਿਚ ਤਾਇਨਾਤ ਕੀਤੀਆਂ ਗਈਆਂ ਹਨ, ਜੋ ਜਿੱਥੇ ਮਾਸਕ ਨਾ ਪਾਉਣ ਵਾਲਿਆਂ ਨੂੰ ਮੁਫ਼ਤ ਮਾਸਕ ਵੰਡ ਰਹੀਆਂ ਹਨ, ਉਥੇ ਸਾਰੇ ਜ਼ਰੂਰੀ ਇਹਤਿਆਤ ਵਰਤਣ ਵਾਲਿਆਂ ਨੂੰ ਕੱਪੜੇ ਦੇ ਥੈਲੇ ਵੰਡ ਕੇ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਦਾ ਸੁਨੇਹਾ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਹੁਣ ਤੱਕ 5800 ਦੇ ਕਰੀਬ ਮਾਸਕ ਅਤੇ 300 ਥੈਲੇ ਵੰਡੇ ਜਾ ਚੁੱਕੇ ਹਨ।
ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਵਿਜੈ ਭਾਸਕਰ ਨੇ ਦੱਸਿਆ ਕਿ ਮਾਸਕ ਅਤੇ ਥੈਲੇ ਵੰਡਣ ਲਈ ਐਨਐਸਐਸ ਵਲੰਟੀਅਰਾਂ ਅਤੇ ਯੂਥ ਕਲੱਬਾਂ ਦੀਆਂ 8 ਟੀਮਾਂ ਬਰਨਾਲਾ ਸ਼ਹਿਰ, 4 ਟੀਮਾਂ ਤਪੇ, 4 ਟੀਮਾਂ ਭਦੌੜ, 5 ਟੀਮਾਂ ਧਨੌਲੇ, 4 ਟੀਮਾਂ ਮਹਿਲ ਕਲਾਂ, ਸ਼ਹਿਣਾ ਆਦਿ ਲਈ ਤਾਇਨਾਤ ਕੀਤੀਆਂ ਹੋਈਆਂ ਹਨ, ਜੋ ਮਿਸ਼ਨ ਫਤਿਹ ਤਹਿਤ ਲਗਾਤਾਰ ਜੁਟੀਆਂ ਹੋਈਆਂ ਹਨ।
ਉੁਨ੍ਹਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ 2000 ਮਾਸਕ ਬਰਨਾਲਾ ਸ਼ਹਿਰ, 1000 ਮਾਸਕ ਤਪੇ, 1000 ਮਾਸਕ ਭਦੌੜ, 1500 ਮਾਸਕ ਧਨੌਲੇ, 300 ਮਾਸਕ ਹੰਡਿਆਇਆ ’ਚ ਵੰਡੇ ਜਾ ਚੁੱਕੇ ਹਨ ਅਤੇ ਭਲਕੇ ਮਹਿਲ ਕਲਾਂ ਵੰਡੇ ਜਾਣੇ ਹਨ। ਇਸੇ ਤਰ੍ਹਾਂ ਬਰਨਾਲਾ ਸ਼ਹਿਰ ਵਿਚ 200 ਵਿਅਕਤੀਆਂ ਅਤੇ ਤਪੇ 100 ਵਿਅਕਤੀਆਂ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਥੈਲੇ ਵੰਡੇ ਜਾ ਚੁੱਕੇ ਹਨ ਅਤੇ ਸਾਰੇ ਸ਼ਹਿਰਾਂ ਵਿਚ ਇਹ ਮੁਹਿੰਮ ਜਾਰੀ ਰੱਖੀ ਜਾਣੀ ਹੈ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਸੈਲਫ ਹੈਲਪ ਗਰੁੱਪਾਂ ਰਾਹੀਂ ‘ਬੇੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਕੱਪੜੇ ਦੇ ਥੈਲੇ ਤਿਆਰ ਕਰਵਾਏ ਗਏ ਹਨ, ਜਿਨ੍ਹਾਂ ਦੀ ਵੰਡ ਮਿਸ਼ਨ ਫਤਿਹ ਤਹਿਤ ਕੀਤੀ ਜਾ ਰਹੀ ਹੈ ਤਾਂ ਜੋ ਕਰੋਨਾ ਤੋਂ ਬਚਣ ਲਈ ਜ਼ਰੂਰੀ ਇਹਤਿਆਤ ਵਰਤਣ ਵਾਲਿਆਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਸਕੇ ਅਤੇ ਪਲਾਸਿਟਕ ਦੇ ਲਿਫਾਫੇ ਨਾ ਵਰਤਣ ਦਾ ਸੁਨੇਹਾ ਦਿੱਤਾ ਜਾ ਸਕੇ।

Real Estate